ਬਰਾਬਰ ਕੰਮ, ਬਰਾਬਰ ਤਨਖਾਹ ਦੇ ਵਾਅਦੇ ਪ੍ਰਤੀ ਪੁਖ਼ਤਾ ਕਦਮ ਚੁੱਕੇ ਸਰਕਾਰ : ਐਨਡੀਪੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਸ਼ੀਲਾ ਮੈਲਕਮਸਨ ਨੇ ਆਖਿਆ ਕਿ ਇਸ ਸਬੰਧ ਵਿੱਚ ਲਿਬਰਲਾਂ ਨੂੰ ਜਲਦ ਹੀ ਬਿੱਲ ਪੇਸ਼ ਕਰਨਾ ਚਾਹੀਦਾ ਹੈ।

Equal work, equal pay

ਓਟਵਾ: ਐਨਡੀਪੀ ਐਮਪੀ ਸ਼ੀਲਾ ਮੈਲਕਮਸਨ ਦਾ ਕਹਿਣਾ ਹੈ ਕਿ ਜੇ ਲਿਬਰਲ ਸਰਕਾਰ  ਪੁਰਸ਼ਾਂ ਤੇ ਔਰਤਾਂ ਨੂੰ ਇੱਕੋ ਜਿਹੇ ਕੰਮ ਲਈ ਬਰਾਬਰ ਤਨਖਾਹ ਦੇਣ ਪ੍ਰਤੀ ਗੰਭੀਰ ਹੈ, ਤਾਂ ਉਨ੍ਹਾਂ ਨੂੰ ਇਸ ਪਾਸੇ ਕੁੱਝ ਕਰਕੇ ਵੀ ਦਿਖਾਉਣਾ ਪਵੇਗਾ। ਐਨਡੀਪੀ ਨੇ ਇਹ ਵੀ ਆਖਿਆ ਕਿ ਇਸ ਸਬੰਧ ਵਿੱਚ ਲਿਬਰਲਾਂ ਨੂੰ ਜਲਦ ਹੀ ਬਿੱਲ ਪੇਸ਼ ਕਰਨਾ ਚਾਹੀਦਾ ਹੈ। ਗ਼ੌਰਤਲਬ ਹੈ ਕਿ 2018 ਦੇ ਫੈਡਰਲ ਬਜਟ ਵਿੱਚ ਪੇਅ ਇਕੁਇਟੀ ਲੈਜਿਸਲੇਸ਼ਨ ਨੂੰ ਲਾਗੂ ਕਰਨ ਦਾ ਵਾਅਦਾ ਕੀਤਾ ਗਿਆ ਹੈ ਪਰ ਇਸ ਬਾਰੇ ਕਿਸੇ ਵੀ ਤਰ੍ਹਾਂ ਜਾਣਕਾਰੀ ਜਾਂ ਵੇਰਵਾ ਨਹੀਂ ਦਿੱਤਾ ਗਿਆ, ਕਿ ਇਸ ਉੱਤੇ ਕਿੰਨਾ ਖਰਚਾ ਕੀਤਾ ਜਾਵੇਗਾ। 556 ਪੰਨਿਆਂ ਦੇ ਬਜਟ ਇੰਪਲੀਮੈਂਟੇਸ਼ਨ ਬਿੱਲ ਵਿੱਚ ਇਹ ਵੀ ਨਹੀਂ ਦੱਸਿਆ ਗਿਆ ਕਿ ਫੈਡਰਲ ਸਰਕਾਰ ਦੇ ਨਿਯੰਤਰਣ ਵਾਲੇ ਖੇਤਰਾਂ ਵਿੱਚ ਕੰਮ ਕਰਨ ਵਾਲਿਆਂ ਉੱਤੇ ਇਹ ਕਿਵੇਂ ਲਾਗੂ ਹੋਵੇਗਾ।

ਐਨਡੀਪੀ ਐਮਪੀ ਸ਼ੀਲਾ ਮੈਲਕਮਸਨ ਨੇ ਆਖਿਆ ਕਿ ਬਜਟ ਵਿੱਚ ਪੇਅ ਇਕੁਇਟੀ ਕਮਿਸ਼ਨਰ ਕਾਇਮ ਕਰਨ ਲਈ ਫੰਡਾਂ ਦਾ ਪ੍ਰਬੰਧ ਵੀ ਕੀਤਾ ਜਾਣਾ ਚਾਹੀਦਾ ਸੀ ਤਾਂ ਕਿ ਇਸ ਨੂੰ ਹਕੀਕੀ ਰੂਪ ਦਿੱਤਾ ਜਾ ਸਕੇ। ਉਨ੍ਹਾਂ ਆਖਿਆ ਕਿ ਨਾ ਤਾਂ ਇਸ ਬਾਰੇ ਕੋਈ ਬਿੱਲ ਪੇਸ਼ ਕੀਤਾ ਗਿਆ ਹੈ ਅਤੇ ਨਾ ਹੀ ਇਸ ਲਈ ਫੰਡ ਰਾਖਵੇਂ ਰੱਖੇ ਗਏ ਹਨ। ਪ੍ਰਧਾਨ ਮੰਤਰੀ ਦੇ ਪੱਖ ਲਈ ਇਹ ਠੀਕ ਨਹੀਂ ਹੈ, ਇਹ ਉਨ੍ਹਾਂ ਦੀ ਵੱਡੀ ਅਸਫਲਤਾ ਹੋਵੇਗੀ ਜੇ ਉਨ੍ਹਾਂ ਇਸ ਬਾਰੇ ਕੁੱਝ ਠੋਸ ਨਹੀਂ ਕੀਤਾ। ਇਸ ਦੌਰਾਨ ਸਟੇਟਸ ਆਫ ਵੁਮਨ ਮੰਤਰੀ ਮੌਨਸੈਫ ਨੇ ਪ੍ਰਸ਼ਨ ਕਾਲ ਦੌਰਾਨ ਹਾਊਸ ਆਫ ਕਾਮਨਜ਼ ਵਿੱਚ ਦੱਸਿਆ ਕਿ ਇਸ ਸਬੰਧ ਵਿੱਚ ਬਿੱਲ ਸਾਲ ਦੇ ਅੰਤ ਤੱਕ ਆਵੇਗਾ।