ਮਾਂ ਨੇ ਵੇਚੀ 1000 ਮਰਦਾਂ ਨੂੰ ਧੀ ਦੀ ਇੱਜ਼ਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਨਿਊਜ਼ੀਲੈਂਡ ਦੇ ਇਤਿਹਾਸ 'ਚ ਪਹਿਲੀ ਘਟਨਾ

Mother sold her daughter to 1000 Males

ਔਕਲੈਂਡ, 17 ਅਪ੍ਰੈਲ, (ਹਰਜਿੰਦਰ ਸਿੰਘ ਬਸਿਆਲਾ) - ਜੇਕਰ ਦੁਨੀਆ ਦਾ ਸਭ ਤੋਂ ਪਵਿੱਤਰ ਸ਼ਬਦ ਲੱਭਿਆ ਜਾਵੇ ਤਾਂ ਲੋਕਾਂ ਦੀ ਜ਼ੁਬਾਨ ਉਤੇ ਸਿਰਫ 'ਮਾਂ' ਸ਼ਬਦ ਹੀ ਆਉਂਦਾ ਹੈ, ਪਰ ਦੁਨੀਆ ਦੇ ਵਿਚ ਅਜਿਹੀਆਂ ਮਾਵਾਂ ਵੀ ਹੁੰਦੀਆਂ ਹਨ ਜਿਨ੍ਹਾਂ ਨੇ ਇਸ 'ਮਾਂ' ਦੇ ਸ਼ੁੱਧਤਾ ਭਰੇ ਅਰਥਾਂ ਨੂੰ ਮਲੀਨ ਕਰਕੇ ਰੱਖ ਦਿੱਤਾ ਹੈ। ਇਹ ਮਲੀਨਤਾ ਜੇਕਰ ਭਾਰਤੀ ਪਿਛੋਕੜ ਵਾਲੇ ਰੱਖਦੇ ਹੋਣ ਤਾਂ ਵਿਦੇਸ਼ਾਂ ਦੇ ਵਿਚ ਪ੍ਰਵਾਸੀ ਭਾਰਤੀਆਂ ਨੂੰ ਸ਼ਰਮਸ਼ਾਰ ਕਰਨ ਵਾਲੀ ਗੱਲ ਹੋਵੇਗੀ। ਇਕ ਅਜਿਹੀ ਹੀ ਕਲਯੁਗੀ ਸੋਚ ਰੱਖਣ ਵਾਲੀ ਮਾਂ ਕਸ਼ਮੀਰ ਲਤਾ ਨੇ ਆਪਣੀ ਹੀ ਧੀ ਨੂੰ ਗੁਲਾਮ ਬਣਾਇਆ ਅਤੇ ਉਸਨੂੰ ਆਪਣਾ ਸਰੀਰ ਵੇਚਣ ਲਈ ਮਜਬੂਰ ਕਰ ਦਿਤਾ। ਇਹ ਵੀ ਉਦੋਂ ਸ਼ੁਰੂ ਕੀਤਾ ਗਿਆ ਜਦੋਂ ਇਹ ਆਪਣਾ 15ਵਾਂ ਜਨਮ ਦਿਨ ਮਨਾ ਰਹੀ ਸੀ। ਇਸ ਔਰਤ ਨੇ ਲਗਪਗ ਡੇਢ ਸਾਲ ਆਪਣੀ ਹੀ ਧੀ ਨੂੰ ਖੁਦ ਜਿਸਮ ਫਰੋਸ਼ੀ ਦੇ ਅੱਡਿਆਂ ਉਤੇ ਲਿਜਾ ਕੇ 1000 ਤੋਂ ਵੱਧ ਵਾਰ ਵੇਚਿਆ ਤਾਂ ਕਿ ਆਪਣਾ ਜੀਵਨ ਨਿਰਬਾਹ ਚਲਾ ਸਕੇ ਅਤੇ ਜੀਵਨ ਖਰਚਾ ਖਰੀਦ ਸਕੇ। ਇਕ ਦਿਨ ਦੇ ਵਿਚ ਉਸਨੇ ਆਪਣੀ ਧੀ ਦਾ ਪੰਜ ਵਾਰ ਤੱਕ ਦਾ ਸੌਦਾ ਕੀਤਾ ਅਤੇ ਇਕ ਘੰਟੇ ਬਦਲੇ 200 ਡਾਲਰ ਉਹ ਕਮਾਉਂਦੀ ਸੀ। ਉਸਨੇ ਅਖਬਾਰਾਂ ਵਿਚ ਇਸ਼ਤਿਹਾਰ ਦਿਤੇ ਅਸ਼ਲੀਲ ਫੋਟੋਆਂ ਪਾਈਆਂ। ਇਸ ਕਲਯੁਗੀ ਮਾਂ ਨੂੰ ਅੱਜ 6 ਸਾਲ 11 ਮਹੀਨੇ ਦੀ ਸਜ਼ਾ ਹਾਈ ਕੋਰਟ ਆਕਲੈਂਡ ਵੱਲੋਂ ਸੁਣਾਈ ਗਈ ਹੈ।

ਇਸ ਕੇਸ ਦੇ ਵਿਚ ਉਸਦਾ ਪਤੀ ਅਵਨੀਸ਼ ਸਹਿਗਲ ਵੀ ਸਹਿਯੋਗੀ ਰਿਹਾ ਹੈ ਅਤੇ ਉਸਨੂੰ ਅਗਲੇ ਹਫਤੇ ਬਹਿਸ ਤੋਂ ਬਾਅਦ ਸਜ਼ਾ ਸੁਣਾਈ ਜਾ ਸਕਦੀ ਹੈ। ਉਹ ਘੱਟ ਉਮਰ ਦੇ ਗਾਹਕਾਂ ਨਾਲ ਜਿਸਮ ਫਰੋਸ਼ੀ ਬਾਰੇ ਗੱਲਬਾਤ ਕਰਦਾ ਹੁੰਦਾ ਸੀ। ਨਿਊਜ਼ੀਲੈਂਡ ਇਤਿਹਾਸ ਦੇ ਵਿਚ ਕ੍ਰਾਈਮ ਐਕਟ ਦੀ ਇਸ ਧਾਰਾ ਦਾ ਇਹ ਪਹਿਲਾ ਕੇਸ ਮੰਨਿਆ ਜਾ ਰਿਹਾ ਹੈ। ਆਪਣੀ ਧੀ ਦੇ ਜਿਸਮ ਨੂੰ ਵੇਚ ਕੇ ਉਸਦੀ ਮਾਂ ਨੇ ਇਕ ਲੱਖ ਡਾਲਰ ਤੱਕ ਕਮਾਇਆ ਜਿਸ ਵਿਚੋਂ ਉਸਨੇ ਅੱਧਾ ਆਪ ਰੱਖਿਆ। ਇਹ ਔਰਤ ਆਪਣੇ ਭਰਾਵਾਂ ਸਮੇਤ ਫੀਜ਼ੀ ਤੋਂ ਆਈ ਸੀ। ਇਸ ਸਾਰੇ ਕਾਰੇ ਤੋਂ ਦੁਖੀ ਹੋਈ ਇਸਦੀ ਧੀ ਇਸਦੇ ਚੁੰਗਲ ਵਿਚੋਂ ਨਵੰਬਰ 2016 'ਚ ਨਿਕਲਣ ਵਿਚ ਕਾਮਯਾਬ ਹੋ ਗਈ ਸੀ ਅਤੇ ਪੁਲਿਸ ਨੂੰ ਸਾਰੀ ਦੁਖ ਭਰੀ ਕਹਾਣੀ ਨਾਲ ਸੂਚਿਤ ਕੀਤਾ ਸੀ। ਇਸ ਜਿਸਮ ਵੇਚਣ ਵਾਲੇ ਧੰਦੇ ਵਿਚ ਧਕੇਲੀ ਗਈ ਇਹ ਅਭਾਗਣ ਧੀ 2015 ਦੇ ਵਿਚ ਇਕ ਵਾਰ ਗਰਭਵਤੀ ਵੀ ਹੋ ਗਈ ਸੀ ਅਤੇ ਉਸਦਾ ਗਰਭਪਾਤ ਵੀ ਕਰਵਾਇਆ ਗਿਆ। ਉਦੋਂ ਉਸਨੂੰ ਹੋਰ ਜਿਆਦਾ ਇਹ ਧੰਦਾ ਕਰਨਾ ਪਿਆ ਕਿਉਂਕਿ ਗਰਭਪਾਤ ਵਾਸਤੇ ਪੈਸੇ ਚਾਹੀਦੇ ਸਨ।

ਇਸ ਧੀ ਨੇ ਆਪਣੇ ਪੱਤਰ ਵਿਚ ਲਿਖਿਆ ਹੈ ਕਿ ਜਿਸ ਉਮਰ ਵਿਚ ਉਸਨੂੰ ਆਪਣੀ ਮਾਂ ਦੀ ਲੋੜ ਸੀ, ਉਸਦਾ ਪਿਆਰ ਚਾਹੀਦਾ ਸੀ ਉਸ ਸਮੇਂ ਉਸਨੂੰ ਜਿਸਮ ਵੇਚਣ ਲਈ ਗੁਲਾਮ ਬਣਾ ਲਿਆ ਗਿਆ। ਹੁਣ ਉਸਦੇ ਪੇਟ ਵਿਚ ਦਰਦ ਰਹਿੰਦੀ ਹੈ ਉਹ ਮਾਨਸਿਕ ਤੌਰ 'ਤੇ ਕਮਜ਼ੋਰ ਹੈ। ਉਸਦੇ ਲਈ ਪੁਰਸ਼ਾਂ ਦੇ ਅਰਥ ਬਦਲ ਗਏ ਹਨ ਹਰ ਪੁਰਸ਼ ਉਸਨੂੰ ਇੰਝ ਲਗਦਾ ਹੈ ਜਿਵੇਂ ਉਹ ਕੁਝ ਮੰਗ ਰਿਹਾ ਹੋਵੇ। ਇਹ ਲੜਕੀ ਭੱਜਣ ਤੋਂ ਬਾਅਦ ਇਕੱਲੀ ਰਹਿੰਦੀ ਹੈ ਉਸਦੀ ਪੜ੍ਹਾਈ ਛੁੱਟ ਗਈ ਹੈ। ਨਿਆਂ ਵਿਭਾਗ ਵੱਲੋਂ ਉਸਦਾ ਨਾਂਅ ਹਮੇਸ਼ਾਂ ਲਈ ਗੁਪਤ ਰੱਖਿਆ ਗਿਆ ਹੈ। ਇਹ ਪਰਿਵਾਰ ਵੀਜ਼ਾ ਮਿਆਦ ਤੋਂ ਬਾਅਦ ਗੈਰ ਕਾਨੂੰਨੀ ਤੌਰ 'ਤੇ ਇਥੇ ਰਹਿ ਰਿਹਾ ਹੈ। ਅੰਤ ਦੁਨੀਆ ਐਨੀ ਕਠੋਰ ਹੋ ਗਈ ਹੈ ਕਿ ਉਸ ਲਈ ਪੈਸਾ ਕਮਾਉਣ ਲਈ ਕੋਈ ਵੀ ਧੰਦਾ ਜਾਇਜ਼ ਲਗਦਾ ਹੈ।