ਇੰਡੀਆਨਾਪੋਲਿਸ ਫਾਇਰਿੰਗ : ਬਾਈਡਨ ਤੇ ਕਮਲਾ ਹੈਰਿਸ ਨੇ ਮਾਰੇ ਗਏ ਲੋਕਾਂ ਪ੍ਰਤੀ ਦੁਖ ਪ੍ਰਗਟਾਇਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਗੋਲੀਬਾਰੀ ’ਚ ਮਾਰੇ ਗਏ ਲੋਕਾਂ ਦੇ ਪ੍ਰਵਾਰਕ ਮੈਂਬਰਾਂ ਨੇ ਦੁਖ ਅਤੇ ਰੋਸ ਪ੍ਰਗਟਾਇਆ

Kamala Harris And Joe Biden

ਵਾਸ਼ਿੰਗਟਨ : ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਅਤੇ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੇ ਇਸ ਘਟਨਾ ’ਤੇ ਸੋਗ ਪ੍ਰਗਟਾਇਆ ਹੈ। ਬਾਈਡਨ ਨੇ ਇਕ ਬਿਆਨ ’ਚ ਕਿਹਾ, ‘‘ਹੋਮਲੈਂਡ ਸਿਕਿਉਰਿਟੀ ਦੀ ਟੀਮ ਨੇ ਮੈਂਨੂੰ ਅਤੇ ਉਪਰਾਸ਼ਟਰਪਤੀ ਹੈਰਿਸ ਨੂੰ ਇੰਡੀਆਨਾਪੋਲਿਸ ’ਚ ਫੇਡਐਕਸ ਕੈਂਪਸ ’ਚ ਹੋਈ ਗੋਲੀਬਾਰੀ ਦੀ ਘਟਨਾ ਦੀ ਜਾਣਕਾਰੀ ਦਿਤੀ ਹੈ, ਜਿਥੇ ਰਾਤ ਦੇ ਹਨੇਰੇ ਵਿਚ ਇੱਕਲੇ ਬੰਦੂਕਧਾਰੀ ਨੇ ਅੱਠ ਲੋਕਾਂ ਦੀ ਜਾਨ ਲੈ ਲਈ ਅਤੇ ਕਈ ਹੋਰਾਂ ਨੂੰ ਜ਼ਖ਼ਮੀ ਕਰ ਦਿਤਾ।’’

 

 

ਬਾਈਡਨ ਨੇ ਮ੍ਰਿਤਕਾਂ ਦੇ ਸਨਮਾਨ ’ਚ ਵਾਈਟ ਹਾਊਸ ਅਤੇ ਹੋਰ ਸੰਘੀ ਇਮਾਰਤਾਂ ’ਤੇ ਰਾਸ਼ਟਰੀ ਝੰਡੇ ਨੂੰ ਅੱਧਾ ਝੁਕਾਉਣ ਦਾ ਹੁਕਮ ਦਿਤਾ ਹੈ।  ਉਪ ਰਾਸ਼ਟਰੀ ਹੈਰਿਸ ਨੇ ਕਿਹਾ, ‘‘ਸਾਡੇ ਦੇਸ਼ ’ਚ ਅਜਿਹੇ ਪ੍ਰਵਾਰ ਹਨ ਜੋ ਹਿੰਸਾ ਦੇ ਕਾਰਨ ਅਪਣੇ ਪ੍ਰਵਾਰਕ ਮੈਂਬਰਾਂ ਨੂੰ ਗੁਆ ਚੁੱਕੇ ਹਨ। ਇਸ ਹਿੰਸਾ ਦਾ ਅੰਤ ਹੋਣਾ ਚਾਹੀਦਾ ਹੈ।  ਭਾਰਤੀ ਵਿਦੇਸ਼ ਮੰਤਰੀ ਐਸ.ਜੈਸ਼ੰਕਰ ਨੇ ਵੀ ਇੰਡੀਆਨਾ ਸੂਬੇ ਦੀ ਰਾਜਧਾਨੀ ਇੰਡੀਆਨਾਪੋਲਿਸ ’ਚ ਬੀਤੇ ਦਿਨ ਹੋਈ ਅੰਨ੍ਹੇਵਾਹ ਫਾਇਰਿੰਗ ’ਚ ਹੋਈਆਂ ਮੌਤਾਂ ’ਤੇ ਦੁਖ ਪ੍ਰਗਟਾਇਆ ਹੈ।     

 

 

ਵਾਈਟ ਹਾਊਸ ’ਚ ਜਾਪਾਨ ਦੇ ਪ੍ਰਧਾਨ ਮੰਤਰੀ ਨੇ ਮ੍ਰਿਤਕਾਂ ਦੇ ਪ੍ਰਵਾਰਾਂ ਪ੍ਰਤੀ ਦੁਖ ਪ੍ਰਗਟਾਇਆ

ਅਮਰੀਕਾ ਦੇ ਦੌਰੇ ’ਤੇ ਆਏ ਜਾਪਾਨ ਦੇ ਪ੍ਰਧਾਨ ਮੰਤਰੀ ਯੋਸ਼ਿਹਿਦੇ ਸੁਗਾ ਨੇ ਵਾਈਟ ਹਾਊਸ ’ਚ ਬੈਠਕ ਦੀ ਸ਼ੁਰੂਆਤ ’ਚ ਮ੍ਰਿਤਕਾਂ ਦੇ ਪ੍ਰਵਾਰਾਂ ਪ੍ਰਤੀ ਦਿਲਾਸਾ ਪ੍ਰਗਟਾਇਆ। ਉਨ੍ਹਾਂ ਕਿਹਾ, ‘‘ਨਿਰਦੋਸ਼ ਨਾਗਰਿਕਾਂ ਨਾਲ ਹਿੰਸਾ ਨਹੀਂ ਹੋਣੀ ਚਾਹੀਦੀ। ਸੁਤੰਤਰ, ਮਨੁੱਖੀ ਅਧਿਕਾਰੀ ਅਤੇ ਕਾਨੂੰਨ ਦਾ ਰਾਜ ਅਜਿਹੇ ਗਲੋਬਲ ਮੁੱਲ ਹਨ, ਜੋ ਸਾਨੂੰ ਜੋੜਤੇ ਹਨ ਅਤੇ ਜੋ ਹਿੰਦ-ਪ੍ਰਸ਼ਾਂਤ ਖੇਤਰ ’ਚ ਕਾਇਮ ਹਨ।’’

ਅਮਰੀਕਾ ਦੇ ਇੰਡੀਆਨਾਪੋਲਿਸ ਵਿਚ ਫੇਡੈਕਸ ਕੰਪਨੀ ਦੇ ਕੈਂਪਸ ’ਚ ਹੋਈ ਗੋਲੀਬਾਰੀ ਦੀ ਘਟਨਾ ਵਿਚ ਮਾਰੇ ਗਏ ਭਾਰਤੀ ਅਮਰੀਕੀ ਮੂਲ ਦੇ ਲੋਕਾਂ ਦੇ ਪ੍ਰਵਾਰਾਂ ਨੇ ਅਪਣਾ ਗੁੱਸਾ ਅਤੇ ਡਰ ਜਾਹਰ ਕੀਤਾ ਹੈ। ਗੋਲੀਬਾਰੀ ਦੀ ਘਟਨਾ ਵਿਚ ਸਿੱਖ ਭਾਈਚਾਰੇ ਦੇ ਚਾਰ ਲੋਕਾਂ ਸਮੇਤ ਅੱਠ ਵਿਅਕਤੀਆਂ ਦੀ ਮੌਤ ਹੋ ਗਈ। ਮ੍ਰਿਤਕ ਅਮਰਜੀਤ ਜੌਹਲ ਦੀ ਪੋਤੀ ਕੋਮਲ ਚੌਹਾਨ ਨੇ ਨਿਊਯਾਰਕ ਪੋਸਟ ਨੂੰ ਦਸਿਆ, “ਬੁਹਤ ਹੋ ਗਿਆ, ਸਾਡਾ ਭਾਈਚਾਰਾ ਬਹੁਤ ਦੁਖ ਝੱਲ ਚੁੱਕਾ ਹੈ।’’ ਉਨ੍ਹਾਂ ਕਿਹਾ, “ਬੜੇ ਦੁਖ ਨਾਲ ਦਸਣਾ ਪੈ ਰਿਹਾ ਹੈ ਕਿ ਮੇਰੀ ਨਾਨੀ ਅਮਰਜੀਤ ਕੌਰ ਜੌਹਲ ਵੀ ਇੰਡੀਆਨਾਪੋਲਿਸ ਦੇ ਫੇਡੈਕਸ ਕੈਂਪਸ ਵਿਚ ਹੋਈ ਗੋਲੀਬਾਰੀ ਵਿਚ ਮਾਰੇ ਗਏ ਲੋਕਾਂ ਵਿਚ ਸ਼ਾਮਲ ਹੈ।’’

ਉਨ੍ਹਾਂ ਕਿਹਾ ਕਿ ਉਸ ਕੈਂਪਸ ਵਿਚ ਕੰਮ ਕਰ ਰਹੇ ਉਸਦੇ ਪ੍ਰਵਾਰ ਦੇ ਕਈ ਹੋਰ ਮੈਂਬਰ ਵੀ ਸਦਮੇ ਵਿਚ ਹਨ। ਗੋਲੀਬਾਰੀ ਵਿਚ ਮਾਰੇ ਗਏ ਜਸਵਿੰਦਰ ਸਿੰਘ ਨੂੰ ਇਸ ਮਹੀਨੇ ਤਨਖ਼ਾਹ ਮਿਲਣੀ ਸੀ ਅਤੇ ਉਹ ਕਿਸੇ ਕੰਮ ਤੋਂ ਰਾਤ ਤੋਂ ਡਿਊਟੀ ਕਰ ਰਹੇ ਸਨ। ਅਮਰਜੀਤ ਸੇਖੋਂ, ਜਿਸਨੇ ਛੇ ਮਹੀਨੇ ਪਹਿਲਾਂ ਫੇਡੈਕਸ ਵਿਚ ਕੰਮ ਕਰਨਾ ਸੁਰੂ ਕੀਤਾ ਸੀ, ਦੀ ਵੀ ਗੋਲੀਬਾਰੀ ਵਿਚ ਮੌਤ ਹੋ ਗਈ। ਉਸ ਦੇ ਪਰਵਾਰ ਵਿਚ ਦੋ ਜਵਾਨ ਬੇਟੇ ਹਨ ਜੋ ਅਜੇ ਵੀ ਅਪਣੀ ਮਾਂ ਦੀ ਮੌਤ ਦੇ ਸਦਮੇ ਵਿਚ ਹਨ।