ਪੰਜਾਬੀ ਸਾਹਿਤ ਸਭਾ ਮੁਢਲੀ ਦੀ ਇਕੱਤਰਤਾ 'ਚ ਹਾਕਮ ਬਖਤੜੀਵਾਲਾ ਨੇ ਬੰਨ੍ਹਿਆ ਰੰਗ
ਪਿਛਲੇ ਦਿਨੀਂ ਪੰਜਾਬ 'ਚ ਕਣਕ ਸੜਨ ਦੇ ਪੀੜਤ ਕਿਸਾਨਾਂ ਦੀ ਮਾਲੀ ਮਦਦ ਲਈ ਕੈਨੇਡਾ 'ਚ ਚੈਰਿਟੀ ਮਿਊਜ਼ੀਕਲ ਸ਼ੋਅ ਕਰਨ ਆਏ ਪੰਜਾਬੀ ਦੀ ਸਿਰਮੌਰ ਲੋਕ ਗਾਇਕ ...
ਵੈਨਕੂਵਰ: ਪਿਛਲੇ ਦਿਨੀਂ ਪੰਜਾਬ 'ਚ ਕਣਕ ਸੜਨ ਦੇ ਪੀੜਤ ਕਿਸਾਨਾਂ ਦੀ ਮਾਲੀ ਮਦਦ ਲਈ ਕੈਨੇਡਾ 'ਚ ਚੈਰਿਟੀ ਮਿਊਜ਼ੀਕਲ ਸ਼ੋਅ ਕਰਨ ਆਏ ਪੰਜਾਬੀ ਦੀ ਸਿਰਮੌਰ ਲੋਕ ਗਾਇਕ ਜੋੜੀ ਹਾਕਮ ਬਖਤੜੀਵਾਲਾ ਅਤੇ ਬੀਬਾ ਦਲਜੀਤ ਕੌਰ ਨੇ ਪੰਜਾਬੀ ਸਾਹਿਤ ਸਭਾ ਮੁਢਲੀ ਦੀ ਮਾਸਿਕ ਇਕੱਤਰਤਾ 'ਚ ਸ਼ਮੂਲੀਅਤ ਕਰਦਿਆਂ ਅਪਣੀ ਕਲਾਕਾਰੀ 'ਚੋਂ ਛੋਟੇ ਸਾਹਿਬਜ਼ਾਦਿਆਂ ਸਬੰਧੀ ਬੜੀ ਹੀ ਚੜ੍ਹਦੀ ਕਲਾਂ ਵਾਲੀ ਰਚਨਾਂ ਪੇਸ਼ ਕੀਤੀ।
ਸਾਹਿਤ ਸਭਾ ਦੇ ਮੈਂਬਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਇਸ ਗੱਲ ਦੀ ਬਹੁਤ ਖ਼ੁਸ਼ੀ ਮਹਿਸੂਸ ਹੋ ਰਹੀ ਹੈ ਕਿ ਉਨ੍ਹਾਂ ਨੇ ਕੈਨੇਡਾ 'ਚ ਪੰਜਾਬੀ ਦੇ ਸਾਹਿਤਕਾਰਾਂ ਦੀ ਇਕ ਸੰਸਥਾ 'ਚ ਕਵੀਆਂ ਅਤੇ ਲੇਖਕਾਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ ਹਨ ਅਤੇ ਸਾਹਿਤਕਾਰਾਂ ਦੀਆਂ ਭਾਵਨਾਵਾਂ ਨੂੰ ਸਮਝਿਆ। ਉਨ੍ਹਾਂ ਨੇ ਲੇਖਕਾਂ ਨਾਲ ਸਾਹਿਤਕਾਰੀ ਦੇ ਨੁਕਤਿਆਂ ਬਾਰੇ ਵੀ ਵਿਚਾਰ ਵਟਾਂਦਰਾ ਕੀਤਾ।
ਸਭਾ ਦੇ ਮੈਂਬਰਾਂ ਵਲੋਂ ਉਨ੍ਹਾਂ ਦਾ ਇਕੱਤਰਤਾ ਪਹੁੰਚਣ 'ਤੇ ਸ਼ਾਨਦਾਰ ਸਵਾਗਤ ਕੀਤਾ ਅਤੇ ਗਾਇਕ ਜੋੜੀ ਨੂੰ ਜੀ ਆਇਆਂ ਆਖਿਆ। ਪੰਜਾਬੀ ਸਾਹਿਤ ਸਭਾ ਮੁਢਲੀ ਨੂੰ ਗਾਇਕ ਜੋੜੀ ਵਲੋਂ ਅਚਾਣਕ ਹੀ ਇਕੱਤਰਤਾ 'ਚ ਪਹੁੰਚ ਕੇ ਦਿਤੇ ਸਰਪਰਾਈਜ਼ ਕਰ ਕੇ ਸਾਰੇ ਮੈਂਬਰਾਂ ਨੂੰ ਹੈਰਾਨੀ ਦੇ ਨਾਲ ਨਾਲ ਖ਼ੁਸ਼ੀ ਵੀ ਬਹੁਤ ਹੋਈ ਕਿ ਉਨ੍ਹਾਂ 'ਚ ਗਾਇਕੀ ਦੇ ਨਾਲ ਨਾਲ ਇਕ ਉੱਚਕੋਟੀ ਦੇ ਗੀਤਕਾਰ ਨੇ ਵੀ ਜੁੜ ਬੈਠਣ ਦਾ ਸਮਾਂ ਕੱਢਿਆ ਹੈ।
ਇਸ ਮੌਕੇ ਸਾਹਿਤ ਸਭਾ ਵਲੋਂ ਬੀਬੀ ਸਤਵੰਤ ਕੌਰ ਪੰਧੇਰ ਦੀ ਨਵੀਂ ਪੁਸਤਕ 'ਰੂਹਾਂ ਦੀਆਂ ਪੈੜਾਂ' ਅਤੇ ਬੀਬੀ ਗੁਰਬਚਨ ਕੌਰ ਢਿੱਲੋਂ ਦੀ ਲੋਕ ਅਰਪਣ ਹੋਣ ਜਾ ਰਹੀ ਪੁਸਤਕ 'ਹਾਉਕਿਆਂ ਦੇ ਰਾਹ' ਦੋ ਪੁਸਤਕਾਂ ਲੋਕ ਗਾਇਕ ਜੋੜੀ ਨੂੰ ਭੇਂਟ ਕੀਤੀਆਂ।