ਚੀਨ : ਡਿਵਾਈਡਰ ਨਾਲ ਟਕਰਾ ਕੇ ਪਲਟੀ ਬੱਸ, 6 ਲੋਕਾਂ ਦੀ ਮੌਤ
ਦਖਣ-ਪਛਮੀ ਚੀਨ ਦੇ ਸਿਚੁਆਨ ਸੂਬੇ ਵਿਚ ਤੇਜ਼ ਰਫ਼ਤਾਰ ਨਾਲ ਆ ਰਹੀ ਇਕ ਬੱਸ ਦੇ ਸੜਕ ਕਿਨਾਰੇ ਦੀ ਗਾਰਡ ਰੇਲ (ਡਿਵਾਈਡਰ) ਨਾਲ ਟਕਰਾ ਕੇ ਪਲਟ ਜਾਣ ਕਾਰਨ
ਬੀਜਿੰਗ, 17 ਮਈ : ਦਖਣ-ਪਛਮੀ ਚੀਨ ਦੇ ਸਿਚੁਆਨ ਸੂਬੇ ਵਿਚ ਤੇਜ਼ ਰਫ਼ਤਾਰ ਨਾਲ ਆ ਰਹੀ ਇਕ ਬੱਸ ਦੇ ਸੜਕ ਕਿਨਾਰੇ ਦੀ ਗਾਰਡ ਰੇਲ (ਡਿਵਾਈਡਰ) ਨਾਲ ਟਕਰਾ ਕੇ ਪਲਟ ਜਾਣ ਕਾਰਨ 6 ਲੋਕਾਂ ਦੀ ਮੌਤ ਹੋ ਗਈ ਤੇ ਹੋਰ 20 ਲੋਕ ਇਸ ਦੌਰਾਨ ਜ਼ਖਮੀ ਹੋ ਗਏ।
ਸਿਚੁਆਨ ਦੇ ਸੂਬਾਈ ਜਨ-ਸੁਰੱਖਿਆ ਵਿਭਾਗ ਨੇ ਕਿਹਾ ਕਿ ਇਹ ਦੁਰਘਟਨਾ ਸਨਿਚਰਵਾਰ ਨੂੰ ਉਸ ਵੇਲੇ ਹੋਈ ਜਦੋਂ ਵਾਹਨ ਸ਼ੀਚਾਂਗ ਨੂੰ ਚੇਂਗਦੂ ਨਾਲ ਜੋੜਨ ਵਾਲੇ ਰਾਜਮਾਰਗ ’ਤੇ ਮੌਜੂਦ ਡਿਵਾਈਡਰ ਨਾਲ ਟਕਰਾਉਣ ਤੋਂ ਬਾਅਦ ਪਲਟ ਗਈ। ਬੱਸ ਵਿਚ ਸਵਾਰ 26 ਲੋਕਾਂ ਵਿਚੋਂ ਦੋ ਦੀ ਮੌਕੇ ’ਤੇ ਮੌਤ ਹੋ ਗਈ ਤੇ ਹੋਰ ਚਾਰ ਨੇ ਇਲਾਜ ਦੌਰਾਨ ਦਮ ਤੋੜ ਦਿਤਾ।
ਸਰਕਾਰੀ ਪੱਤਰਕਾਰ ਏਜੰਸੀ ਸ਼ਿਨਹੂਆ ਨੇ ਖਬਰ ਦਿਤੀ ਕਿ ਸਾਰੇ 20 ਜ਼ਖ਼ਮੀਆਂ ਦਾ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ। ਇਹਨਾਂ ਵਿਚੋਂ ਤਿੰਨ ਦੀ ਹਾਲਤ ਅਜੇ ਵੀ ਨਾਜ਼ੁਕ ਬਣੀ ਹੋਈ ਹੈ। ਚੀਨ ਵਿਚ ਸੜਕ ਹਾਦਸੇ ਆਮ ਗੱਲ ਹਨ, ਜਿਥੇ ਆਵਾਜਾਈ ਕਾਨੂੰਨਾਂ ਦਾ ਜਾਂ ਤਾਂ ਉਲੰਘਣ ਹੁੰਦਾ ਹੈ ਜਾਂ ਇਹਨਾਂ ਨੂੰ ਸਖਤੀ ਨਾਲ ਲਾਗੂ ਨਹੀਂ ਕੀਤਾ ਜਾਂਦਾ। (ਪੀਟੀਆਈ)