ਕੋਵਿਡ 19 : ਬੀਜਿੰਗ ਨੇ ਕਿਹਾ ਮਾਸਕ ਪਾਉਣਾ ਜ਼ਰੂਰੀ ਨਹੀਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਕੋਰੋਨਾ ਵਾਇਰਸ ਤੋਂ ਬਚਣ ਲਈ ਮਹੀਨਿਆਂ ਤਕ ਮਾਸਕ ਪਾਉਣ ਲਈ ਮਜਬੂਰ ਬੀਜਿੰਗ ਦੇ ਲੋਕ ਹੁਣ ਬਾਹਰ ਨਿਕਲਣ 'ਤੇ ਖੁੱਲ੍ਹੀ ਹਵਾ 'ਚ ਬਿਨਾਂ ਮਾਸਕ ਦੇ ਸਾਹ ਲੈ ਸਕਣਗੇ

File Photo

ਬੀਜਿੰਗ, 17 ਮਈ : ਕੋਰੋਨਾ ਵਾਇਰਸ ਤੋਂ ਬਚਣ ਲਈ ਮਹੀਨਿਆਂ ਤਕ ਮਾਸਕ ਪਾਉਣ ਲਈ ਮਜਬੂਰ ਬੀਜਿੰਗ ਦੇ ਲੋਕ ਹੁਣ ਬਾਹਰ ਨਿਕਲਣ 'ਤੇ ਖੁੱਲ੍ਹੀ ਹਵਾ 'ਚ ਬਿਨਾਂ ਮਾਸਕ ਦੇ ਸਾਹ ਲੈ ਸਕਣਗੇ ਕਿਉਂਕਿ ਇਥੇ ਬਾਹਰ ਨਿਕਲਣ 'ਤੇ ਇਸ ਨੂੰ ਪਾਉਣ ਦੀ ਸ਼ਰਤ ਨੂੰ ਖ਼ਤਮ ਕਰ ਦਿਤਾ ਗਿਆ ਹੈ। ਕੋਵਿਡ 19 ਦੇ ਦੂਨੀਆਂ ਭਰ 'ਚ ਪ੍ਰਕੋਪ ਵਿਚਾਲੇ ਬੀਜਿੰਗ ਚੀਨ ਦਾ ਅਤੇ ਸ਼ਾਇਦ ਦੁਨੀਆਂ ਦਾ ਅਜਿਹਾ ਕਦਮ ਚੁੱਕਣ ਵਾਲਾ ਪਹਿਲਾ ਸ਼ਹਿਰ ਹੈ।

ਇਸ ਨਾਲ ਸੰਕੇਤ ਮਿਲਦੇ ਹਨ ਕਿ ਚੀਨ ਦੀ ਰਾਜਧਾਨੀ 'ਚ ਕੋਰੋਨਾ ਵਾਇਰਸ ਸੰਬੰਧੀ ਹਾਲਾਲ ਕਾਬੂ ਵਿਚ ਹਨ। 'ਚਾਈਨਾ ਡੇਲੀ' ਦੀ ਖ਼ਬਰ ਮੁਤਾਬਕ 'ਬੀਜਿੰਗ ਸੇਂਟਰ ਫਾਰ ਡੀਸੀਜ਼ ਪ੍ਰਿਵੇਂਸ਼ਨ ਐਂਡ ਕੰਟਰੋਲ' ਨੇ ਇਸ ਬਾਰੇ 'ਚ ਨਵੇਂ ਦਿਸ਼ਾ ਨਿਰਦੇਸ਼ ਦਾ ਐਲਾਨ ਕੀਤਾ ਹੈ। ਕੇਂਦਰ ਨੇ ਕਿਹਾ ਹੈ ਕਿ ਲੋਕਾਂ ਨੂੰ ਬਾਹਰ ਨਿਕਲਣ 'ਤੇ ਮਾਸਕ ਪਾਉਣ ਦੀ ਲੋੜ ਨਹੀਂ ਹੈ ਪਰ ਹੁਣ ਉਨ੍ਹਾਂ ਨੂੰ ਨੇੜਲੇ ਸੰਪਰਕ ਤੋਂ ਬੱਚ ਕੇ ਰਹਿਣਾ ਚਾਹੀਦੈ।

ਸੰਸਦ ਸੈਸ਼ਨ ਕੋਰੋਨਾ ਵਾਇਰਸ ਦੇ ਪ੍ਰਕੋਪ ਨੂੰ ਦੇਖਦੇ ਹੋਏ ਸਥਗਿਤ ਕਰ ਦਿਤਾ ਗਿਆ ਸੀ ਪਰ ਹੁਣ ਦੇਸ਼ 'ਚ ਕੋਰੋਨਾ ਦੇ ਮਾਮਲੇ ਵਿਚ ਆ ਰਹੀ ਗਿਰਾਵਟ ਨੂੰ ਦੇਖਦੇ ਹੋਏ ਇਸਦਾ 22 ਮਈ ਨੂੰ ਆਯੋਜਨ ਕੀਤਾ ਜਾ ਸਕਦਾ ਹੈ।  

ਚੀਨ 'ਚ ਹੋਰ ਸਕੂਲਾਂ ਨੂੰ ਖੋਲ੍ਹਿਆ ਗਿਆ, ਉਡਾਣਾਂ ਸ਼ੁਰੂ
ਚੀਨ 'ਚ ਐਤਵਾਰ ਨੂੰ ਕੋਰੋਨਾ ਵਾਇਰਸ ਦੇ ਪੰਜ ਨਵੇਂ ਮਾਮਲੇ ਸਾਹਮਣੇ ਆਏ ਹਨ। ਉਥੇ ਹੀ, ਵਪਾਰਕ ਕੇਂਦਰ ਸ਼ੰਘਾਈ ਨੇ ਕੁਝ ਸਕੂਲ ਮੁੜ ਖੋਲ੍ਹਣ ਅਤੇ ਏਅਰਲਾਈਨਾਂ ਨੇ ਜਹਾਜ਼ ਦਾ ਸੰਚਾਲਨ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਨਵੇਂ ਕੇਸਾਂ ਵਿਚੋਂ ਦੋ ਵਿਦੇਸ਼ ਦੇ ਮਾਮਲੇ ਹਨ ਅਤੇ ਤਿੰਨ ਉਤਰ-ਪੂਰਬੀ ਸੂਬੇ ਜਿਲੀਨ ਤੋਂ ਆਏ ਹਨ।

ਸ਼ੰਘਾਈ ਵਿਚ ਵਿਦਿਆਰਥੀ ਸਕੂਲ ਵਿਚ ਵਾਇਰਸ ਦੀ ਜਾਂਚ ਕਰਾਉਣ ਅਤੇ ਸਮਾਜਿਕ ਦੂਰੀ ਦੀ ਬਜਾਏ ਆਨਲਾਈਨ ਕਲਾਸਾਂ ਜਾਰੀ ਰੱਖਣ ਦਾ ਵਿਕਲਪ ਅਪਣਾ ਰਹੇ ਹਨ। ਬੀਜਿੰਗ ਅਤੇ ਹੋਰ ਸ਼ਹਿਰਾਂ ਦੀ ਤਰ੍ਹਾਂ, ਸ਼ੰਘਾਈ ਨੇ ਸੈਕੰਡਰੀ ਅਤੇ ਹਾਈ ਸਕੂਲ ਦੇ ਵਿਦਿਆਰਥੀਆਂ ਲਈ ਪ੍ਰੀਖਿਆਵਾਂ ਦੀ ਤਿਆਰੀ ਲਈ ਕਲਾਸਾਂ ਸ਼ੁਰੂ ਕੀਤੀਆਂ ਹਨ। ਪਿਛਲੇ ਮਹੀਨੇ ਮੌਤ ਦੇ ਕੋਈ ਨਵੇਂ ਕੇਸ ਸਾਹਮਣੇ ਨਹੀਂ ਆਏ ਪਰ ਜਿਲੀਨ ਵਿਚ ਇਕ ਵਿਅਕਤੀ ਦੀ ਮੌਤ ਨੂੰ ਸੰਕਰਮਣ ਨਾਲ ਜੋਣ ਕੇ ਦੇਖਿਆ ਜਾ  ਰਿਹਾ ਹੈ।

ਇਸ ਦੇ ਨਾਲ ਹੀ ਚੀਨ 'ਚ ਕੋਵਿਡ -19 ਨਾਲ ਮਰਨ ਵਾਲਿਆਂ ਦੀ ਗਿਣਤੀ 4,634 ਹੋ ਗਈ ਹੈ ਅਤੇ 82,947 ਲੋਕ ਪ੍ਰਭਾਵਤ ਪਾਏ ਗਏ ਹਨ। ਕੋਵਿਡ -19 ਦੇ ਇਲਾਜ ਲਈ ਹੁਣ ਸਿਰਫ਼ 86 ਵਿਅਕਤੀ ਹਸਪਤਾਲ ਵਿਚ ਦਾਖ਼ਲ ਹਨ ਜਦੋਂ ਕਿ ਇਸ ਤੋਂ ਪ੍ਰਭਾਵਤ 519 ਹੋਰ ਲੋਕ ਇਕਾਂਤਵਾਸ 'ਚ ਹਨ। ਦੇਸ਼ ਵਿਚ ਗਰਮੀਆਂ ਦੀਆਂ ਛੁੱਟੀਆਂ ਦੇ ਮੱਦੇਨਜ਼ਰ, ਬਹੁਤ ਸਾਰੇ ਸੈਲਾਨੀ ਸਥਾਨ ਦੁਬਾਰਾ ਖੁੱਲ੍ਹ ਗਏ ਹਨ। ਹਾਲਾਂਕਿ ਸਮਾਜਿਕ ਦੂਰੀ ਦੇ ਸਖ਼ਤ ਨਿਯਮ ਅਜੇ ਵੀ ਲਾਗੂ ਹਨ।