ਭਾਰਤੀ ਮੂਲ ਦੇ ਮੰਤਰੀ ਨੇ ਬ੍ਰਿਟੇਨ ’ਚ ਲੱਖਾਂ ਪਾਊਂਡ ਦੇ ਟੀਕਾ ਕੇਂਦਰ ਦਾ ਕੀਤਾ ਐਲਾਨ
ਬ੍ਰਿਟੇਨ ਵਿਚ ਭਾਰਤੀ ਮੂਲ ਦੇ ਮੰਤਰੀ ਆਲੋਕ ਸ਼ਰਮਾ ਨੇ ਇਕ ਨਵੇਂ ਟੀਕਾ ਉਤਪਾਦਨ ਕੇਂਦਰ ਦੇ ਨਿਰਮਾਣ ਵਿਚ ਤੇਜ਼ੀ ਨਾਲ 9 ਕਰੋੜ 30 ਲੱਖ ਪਾਉਂਡ ਦੇ ਨਿਵੇਸ਼ ਦਾ
ਲੰਡਨ, 17 ਮਈ : ਬ੍ਰਿਟੇਨ ਵਿਚ ਭਾਰਤੀ ਮੂਲ ਦੇ ਮੰਤਰੀ ਆਲੋਕ ਸ਼ਰਮਾ ਨੇ ਇਕ ਨਵੇਂ ਟੀਕਾ ਉਤਪਾਦਨ ਕੇਂਦਰ ਦੇ ਨਿਰਮਾਣ ਵਿਚ ਤੇਜ਼ੀ ਨਾਲ 9 ਕਰੋੜ 30 ਲੱਖ ਪਾਉਂਡ ਦੇ ਨਿਵੇਸ਼ ਦਾ ਐਤਵਾਰ ਨੂੰ ਐਲਾਨ ਕੀਤਾ। ਇਹ ਕਦਮ ਕੋਰੋਨਾ ਵਾਇਰਸ ਮਹਾਂਮਾਰੀ ਨਾਲ ਲੜਣ ਦੀ ਵਿਆਪਕ ਯੋਜਨਾ ਦਾ ਹਿੱਸਾ ਹੈ। ਬ੍ਰਿਟੇਨ ਦੇ ਵਪਾਰ, ਊਰਜਾ ਅਤੇ ਉਦਯੋਗਿਕ ਰਣਨੀਤੀ ਮੰਤਰੀ ਨੇ ਕਿਹਾ ਕਿ ਨਿਰਮਾਣ ਪੂਰਾ ਹੋਣ ਤੋਂ ਬਾਅਦ ਇਸ ਨਵੇਂ ਟੀਕਾ ਉਤਪਾਦਨ ਅਤੇ ਇਨੋਵੇਸ਼ਨ ਕੇਂਦਰ (ਵੀ. ਐਮ. ਆਈ. ਸੀ.) ਵਿਚ 6 ਮਹੀਨੇ ਦੇ ਅੰਦਰ ਪੂਰੀ ਬ੍ਰਿਟਿਸ਼ ਆਬਾਦੀ ਲਈ ਲੋੜੀਂਦੇ ਟੀਕਿਆਂ ਦੇ ਉਤਪਾਦਨ ਦੀ ਸਮਰੱਥਾ ਹੋਵੇਗੀ।
ਉਨ੍ਹਾਂ ਕਿਹਾ ਕਿ ਇਸ ਰਕਮ ਦਾ ਨਿਵੇਸ਼ ਇਹ ਯਕੀਕਨ ਕਰੇਗਾ ਕਿ ਇਹ ਕੇਂਦਰ ਤੈਅ ਸਮੇਂ ਤੋਂ ਕਰੀਬ 12 ਮਹੀਨੇ ਪਹਿਲਾਂ ਅਗਲੇ ਸਾਲ ਦੀ ਪਹਿਲੀ ਤਿਮਾਹੀ ਵਿਚ ਖੁਲ ਜਾਵੇ। ਇਸ ਤੋਂ ਇਲਾਵਾ 3 ਕਰੋੜ 80 ਲੱਖ ਪਾਉਂਡ ਦਾ ਸਰਕਾਰੀ ਨਿਵੇਸ਼ ਇਕ ਤੱਤਕਾਲ ਤਾਇਨਾਤੀ ਕੇਂਦਰ ਦੀ ਸਥਾਪਨਾ ਲਈ ਕੀਤਾ ਜਾਵੇਗਾ, ਜੋ ਆਉਣ ਵਾਲੇ ਮਹੀਨਿਆਂ ਵਿਚ ਤਿਆਰ ਹੋਵੇਗਾ। ਸ਼ਰਮਾ ਨੇ ਕਿਹਾ ਕਿ ਟੀਕੇ ਦੀ ਖੋਜ ਦੇ ਲਈ ਅੰਤਰਰਾਸ਼ਟਰੀ ਗਠਜੋੜ ਵਿਚ ਸਭ ਤੋਂ ਵੱਡੇ ਯੋਗਦਾਨ ਕਰਤਾ ਦੇ ਰੂਪ ਵਿਚ ਬ੍ਰਿਟੇਨ ਗਲੋਬਲ ਕਾਰਵਾਈ ਦੀ ਅਗਵਾਈ ਕਰ ਰਿਹਾ ਹੈ।
ਇਕ ਵਾਰ ਜਦ ਸਫ਼ਲਤਾ ਮਿਲ ਜਾਵੇਗੀ ਤਾਂ ਸਾਨੂੰ ਲੱਖਾਂ ਦੀ ਗਿਣਤੀ ਵਿਚ ਇਨਾਂ ਟੀਕਿਆਂ ਦੇ ਉਤਪਾਦਨ ਦੇ ਲਈ ਤਿਆਰ ਰਹਿਣਾ ਹੋਵੇਗਾ। ਉਨ੍ਹਾਂ ਕਿਹਾ ਕਿ ਨਵਾਂ ਵੀ. ਐਮ. ਆਈ. ਸੀ. ਅਤੇ ਅਸਥਾਈ ਕੇਂਦਰ ਟੀਕੇ ਦੇ ਲਈ ਸ਼ੁਰੂ ਤੋਂ ਅੰਤ ਤਕ ਪੂਰੀ ਪ੍ਰਕਿਰਿਆ ਨੂੰ ਤਿਆਰ ਕਰੇਗਾ ਅਤੇ ਬ੍ਰਿਟੇਨ ਦੇ ਟੀਕਾ ਪ੍ਰੋਗਰਾਮ ਨੂੰ ਖੋਜ ਤੋਂ ਵੰਡ ਤਕ ਇਕੱਠੇ ਲਿਆਂਦਾ ਜਾਵੇਗਾ। ਨਿਰਮਾਣ ਅਧੀਨ ਨਵੇਂ ਕੇਂਦਰ ਦੇ ਬਾਰੇ ਵਿਚ ਕਿਹਾ ਜਾਂਦਾ ਹੈ ਕਿ ਉਹ ਟੀਕਾ ਵਿਕਸਤ ਕਰਨ ਅਤੇ ਵਿਆਪਕ ਪੱਧਰ ’ਤੇ ਉਸ ਦੇ ਉਤਪਾਦਨ ਦੀ ਸਮੱਰਥਾ ਨੂੰ ਵਧਾਉਣ ਦੇ ਬ੍ਰਿਟੇਨ ਦੇ ਕੋਰੋਨਾ ਵਾਇਰਸ ਪ੍ਰੋਗਰਾਮ ਦਾ ਅਹਿਮ ਹਿੱਸਾ ਹੈ। ਇਹ ਕੇਂਦਰ ਆਕਸਫੋਰਡਸ਼ਾਇਰ ਵਿਚ ਹਾਰਵੇਲ ਸਾਇੰਸ ਐਂਡ ਇਨੋਵੇਸ਼ਨ ਕੈਂਪਸ ਵਿਚ ਸਥਿਤ ਹੋਵੇਗਾ।
(ਪੀਟੀਆਈ)