ਚੀਨ ਨੇ ਗਲਵਾਨ ਘਾਟੀ 'ਤੇ ਖ਼ੁਦਮੁਖ਼ਤਾਰੀ ਦਾ ਦਾਅਵਾ ਕੀਤਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਚੀਨੀ ਜਵਾਨਾਂ ਦੀਆਂ ਮੌਤਾਂ ਬਾਰੇ ਟਿਪਣੀ ਤੋਂ ਇਨਕਾਰ

Zhao Lijian

ਬੀਜਿੰਗ, 17 ਜੂਨ : ਚੀਨ ਨੇ ਪੂਰਬੀ ਲਦਾਖ਼ ਦੀ ਗਲਵਾਨ ਘਾਟੀ ਵਿਚ ਚੀਨੀ ਅਤੇ ਭਾਰਤੀ ਫ਼ੌਜ ਵਿਚਾਲੇ ਹੋਈ ਹਿੰਸਕ ਝੜਪ ਮਗਰੋਂ ਦਾਅਵਾ ਕੀਤਾ ਕਿ ਘਾਟੀ ਵਿਚ ਖ਼ੁਦਮੁਖ਼ਤਾਰੀ ਹਮੇਸ਼ਾ ਹੀ ਉਸ ਦੀ ਰਹੀ ਹੈ ਪਰ ਉਸ ਨੇ ਇਸ ਗੱਲ 'ਤੇ ਜ਼ੋਰ ਦਿਤਾ ਕਿ ਚੀਨ ਹੋਰ ਝੜਪਾਂ ਨਹੀਂ ਚਾਹੁੰਦਾ। ਭਾਰਤ ਨੇ ਕਲ ਕਿਹਾ ਸੀ ਕਿ ਹਿੰਸਕ ਝੜਪ ਖੇਤਰ ਵਿਚ ਜਿਉਂ ਦੀ ਤਿਉਂ ਸਥਿਤੀ ਨੂੰ ਇਕਪਾਸੜ ਤਰੀਕੇ ਨਾਲ ਬਦਲਣ ਦੇ ਚੀਨ ਦੇ ਯਤਨਾਂ ਕਾਰਨ ਹੋਈ।

ਚੀਨੀ ਵਿਦੇਸ਼ੀ ਮੰਤਰਾਲੇ ਦੇ ਬੁਲਾਰੇ ਝਾਓ ਲਿਜੀਯਾਨ ਨੇ ਪੱਤਰਕਾਰ ਸੰਮੇਲਨ ਵਿਚ ਕਿਹਾ, 'ਗਲਵਾਨ ਘਾਟੀ ਵਿਚ ਖ਼ੁਦਮੁਖਤਾਰੀ ਹਮੇਸ਼ਾ ਹੀ ਚੀਨ ਦੀ ਰਹੀ ਹੈ।'
ਇਸ ਤੋਂ ਪਹਿਲਾਂ ਚੀਨੀ ਫ਼ੌਜ ਨੇ ਵੀ ਨਵਾਂ ਵਿਵਾਦ ਸ਼ੁਰੂ ਕਰਦਿਆਂ ਕਲ ਇਸੇ ਤਰ੍ਹਾਂ ਦਾ ਬਿਆਨ ਦਿਤਾ ਸੀ। ਇਹ ਪੁੱਛੇ ਜਾਣ 'ਤੇ ਗਲਵਾਨ ਨੂੰ ਗ਼ੈਰ ਵਿਵਾਦਤ ਸਰਹੱਦੀ ਖੇਤਰ ਮੰਨਿਆ ਜਾਂਦਾ ਹੈ

ਤਾਂ ਚੀਨ ਇਸ ਖੇਤਰ 'ਤੇ ਹੁਣ ਅਪਣੀ ਖ਼ੁਦਮੁਖਤਾਰੀ ਦਾ ਦਾਅਵਾ ਕਿਉਂ ਕਰ ਰਿਹਾ ਹੈ ਤਾਂ ਝਾਓ ਨੇ ਕਿਹਾ, 'ਗਲਵਾਨ ਖੇਤਰ ਦੇ ਮਾਮਲੇ ਵਿਚ ਅਸੀਂ ਫ਼ੌਜੀ ਅਤੇ ਕੂਟਨੀਤਕ ਜ਼ਰੀਏ ਰਾਹੀਂ ਗੱਲਬਾਤ ਕਰ ਰਹੇ ਹਾਂ। ਇਸ ਮਾਮਲੇ ਵਿਚ ਸਹੀ ਅਤੇ ਗ਼ਲਤ ਬਹੁਤ ਸਪੱਸ਼ਟ ਹੈ। ਇਹ ਚੀਨੀ ਸਰਹੱਦ ਅੰਦਰ ਵਾਪਰਿਆ ਅਤੇ ਇਸ ਲਈ ਚੀਨ 'ਤੇ ਦੋਸ਼ ਨਹੀਂ ਲਾਇਆ ਜਾ ਸਕਦਾ।'

ਝਾਓ ਨੇ ਝੜਪ ਵਿਚ ਚੀਨੀ ਧਿਰ ਦੇ 43 ਜਵਾਨਾਂ ਦੀ ਮੌਤ ਸਬੰਧੀ ਰੀਪੋਰਟਾਂ ਬਾਰੇ ਟਿਪਣੀ ਕਰਨ ਤੋਂ ਇਨਕਾਰ ਕਰ ਦਿਤਾ। ਉਨ੍ਹਾਂ ਕਿਹਾ ਕਿ ਉਨ੍ਹਾਂ ਇਸ ਮਾਮਲੇ ਬਾਰੇ ਫ਼ਿਲਹਾਲ ਕੁੱਝ ਨਹੀਂ ਕਹਿਣਾ ਅਤੇ ਚੀਨੀ ਤੇ ਭਾਰਤੀ ਫ਼ੌਜਾਂ ਇਸ ਸਾਰਥਕ ਮਾਮਲੇ ਨਾਲ ਮਿਲ ਕੇ ਨਜਿੱਠ ਰਹੀਆਂ ਹਨ। ਇਹ ਪੁੱਛੇ ਜਾਣ 'ਤੇ ਕਿ ਭਵਿੱਖ ਵਿਚ ਅਜਿਹੀਆਂ ਝੜਪਾਂ ਨੂੰ ਰੋਕਿਆ ਜਾਵੇਗਾ ਤਾਂ ਉਨ੍ਹਾਂ ਕਿਹਾ ਕਿ ਚੀਨੀ ਧਿਰ ਹੋਰ ਝੜਪਾਂ ਨਹੀਂ ਵੇਖÎਣਾ ਚਾਹੁੰਦੀ।             (ਏਜੰਸੀ)

ਭਾਰਤ-ਚੀਨ ਵਿਚਾਲੇ ਹੁਣ ਬਿਆਨਬਾਜ਼ੀ
ਗਲਵਾਨ ਘਟਨਾ ਦਾ ਦੁਵੱਲੇ ਸਬੰਧਾਂ 'ਤੇ ਡੂੰਘਾ ਅਸਰ ਪਵੇਗਾ : ਭਾਰਤ

ਨਵੀਂ ਦਿੱਲੀ, 17 ਜੂਨ : ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਚੀਨ ਦੇ ਵਿਦੇਸ਼ ਮੰਤਰੀ ਵਾਂਗ ਯੀ ਨੂੰ ਦਿਤੇ ਗਏ ਸਖ਼ਤ ਸੁਨੇਹੇ ਵਿਚ ਕਿਹਾ ਕਿ ਗਲਵਾਨ ਘਾਟੀ ਵਾਲੀ ਘਟਨਾ ਦਾ ਦੁਵੱਲੇ ਸਬੰਧਾਂ 'ਤੇ ਡੂੰਘਾ ਅਸਰ ਪਵੇਗਾ। ਉਨ੍ਹਾਂ ਚੀਨ ਨੂੰ ਹਾਲਾਤ ਵਿਚ ਸੁਧਾਰ ਕਰਨ ਵਾਲਾ ਕਦਮ ਚੁੱਕਣ ਲਈ ਆਖਿਆ। ਜੈਸ਼ੰਕਰ ਅਤੇ ਵਾਂਗ ਦੀ ਟੈਲੀਫ਼ੋਨ 'ਤੇ ਗੱਲਬਾਤ ਹੋਈ। ਇਹ ਗੱਲਬਾਤ ਦੋਹਾਂ ਦੇਸ਼ਾਂ ਦੀਆਂ ਫ਼ੌਜਾਂ ਵਿਚਾਲੇ ਸੋਮਵਾਰ ਰਾਤ ਨੂੰ ਹੋਏ ਹਿੰਸਕ ਸੰਘਰਸ਼ ਮਗਰੋਂ ਹੋਈ

ਜਿਸ ਵਿਚ ਇਕ ਕਰਨਲ ਸਮੇਤ 20 ਭਾਰਤੀ ਫ਼ੌਜੀ ਮਾਰੇ ਗਏ ਹਨ। ਵਿਦੇਸ਼ ਮੰਤਰਾਲੇ ਨੇ ਕਿਹਾ, '15 ਜੂਨ ਨੂੰ ਗਲਵਾਨ ਘਾਟੀ ਵਿਚ ਵਾਪਰੀ ਘਟਨਾ ਬਾਰੇ ਵਿਦੇਸ਼ ਮੰਤਰੀ ਨੇ ਭਾਰਤ ਸਰਕਾਰ ਦੇ ਵਿਰੋਧ ਨੂੰ ਸਖ਼ਤ ਸ਼ਬਦਾਂ ਵਿਚ ਪ੍ਰਗਟ ਕੀਤਾ ਹੈ।' ਉਸ ਨੇ ਕਿਹਾ ਕਿ ਜੈਸ਼ੰਕਰ ਨੇ ਛੇ ਜੂਨ ਨੂੰ ਦੋਹਾਂ ਧਿਰਾਂ ਦੇ ਸੀਨੀਅਰ ਫ਼ੌਜੀ ਕਮਾਂਡਰਾਂ ਵਿਚਾਲੇ ਹੋਈ ਬੈਠਕ ਵਿਚ ਬਣੀ ਸਹਿਮਤੀ ਦਾ ਜ਼ਿਕਰ ਕੀਤਾ ਜਿਸ ਮੁਤਾਬਕ ਅਸਲ ਕੰਟਰੋਲ ਰੇਖਾ 'ਤੇ ਤਣਾਅ ਘਟਾਉਣ ਲਈ ਕੰਮ ਕੀਤਾ ਜਾਵੇਗਾ। ਜੈਸ਼ੰਕਰ ਨੇ ਕਿਹਾ ਕਿ ਹਾਲਾਤ ਵਿਚ ਸੁਧਾਰ ਹੋ ਹੀ ਰਿਹਾ ਸੀ ਕਿ ਚੀਨੀ ਧਿਰ ਨੇ ਕੰਟਰੋਲ ਰੇਖਾ ਦੇ ਭਾਰਤੀ ਇਲਾਕੇ ਵਲ ਢਾਂਚਾ ਖੜਾ ਕਰਨ ਦਾ ਯਤਨ ਕੀਤਾ।

ਵਿਦੇਸ਼ ਮੰਤਰਾਲੇ ਨੇ ਗੱਲਬਾਤ ਦਾ ਵੇਰਵਾ ਦਿੰਦਿਆਂ ਕਿਹਾ, 'ਵਿਦੇਸ਼ ਮੰਤਰੀ ਨੇ ਕਿਹਾ ਕਿ ਪਹਿਲਾਂ ਕਦੇ ਨਾ ਵਾਪਰੇ ਇਸ ਘਟਨਾਕ੍ਰਮ ਦਾ ਦੋਹਾਂ ਦੇਸ਼ਾਂ ਦੇ ਸਬੰਧਾਂ 'ਤੇ ਡੂੰਘਾ ਅਸਰ ਪਵੇਗਾ। ਸਮੇਂ ਦੀ ਮੰਗ ਹੈ ਕਿ ਚੀਨੀ ਧਿਰ ਅਪਣੀ ਕਾਰਵਾਈ ਦੀ ਸਮੀਖਿਆ ਕਰੇ ਅਤੇ ਹਾਲਾਤ ਵਿਚ ਸੁਧਾਰ ਲਈ ਕਦਮ ਚੁੱਕੇ।' ਮੰਤਰਾਲੇ ਨੇ ਕਿਹਾ, 'ਦੋਹਾਂ ਧਿਰਾਂ ਨੂੰ ਛੇ ਜੂਨ ਨੂੰ ਸੀਨੀਅਰ ਕਮਾਂਡਰਾਂ ਵਿਚਾਲੇ ਬਣੀ ਸਹਿਮਤੀ ਨੂੰ ਗੰਭੀਰਤਾ ਅਤੇ ਚੌਕਸੀ ਨਾਲ ਲਾਗੂ ਕਰਨਾ ਚਾਹੀਦਾ ਹੈ।'

ਵਿਦੇਸ਼ ਮੰਤਰਾਲੇ ਨੇ ਕਿਹਾ, 'ਦੋਹਾਂ ਧਿਰਾਂ ਦੇ ਫ਼ੌਜੀਆਂ ਨੂੰ ਦੁਵੱਲੇ ਸਮਝੌਤਿਆਂ ਅਤੇ ਪ੍ਰੋਟੋਕਾਲ ਦੀ ਪਾਲਣਾ ਕਰਨੀ ਚਾਹੀਦੀ ਹੈ। ਉਨ੍ਹਾਂ ਨੂੰ ਅਸਲ ਕੰਟਰੋਲ ਰੇਖਾ ਦਾ ਦ੍ਰਿੜਤਾ ਨਾਲ ਸਨਮਾਨ ਕਰਨਾ ਚਾਹੀਦਾ ਹੈ ਅਤੇ ਇਸ ਨੂੰ ਬਦਲਣ ਲਈ ਇਕਪਾਸੜ ਢੰਗ ਨਾਲ ਕੋਈ ਕਦਮ ਨਹੀਂ ਚੁਕਣਾ ਚਾਹੀਦਾ।' (ਏਜੰਸੀ)