ਦੇਸ਼ ਨਿਕਾਲੇ ਦਾ ਸਾਹਮਣਾ ਕਰ ਰਹੇ ਪੰਜਾਬੀ ਪ੍ਰਵਾਰ ਨੂੰ ਕੈਨੇਡਾ ਵਿਚ ਰਹਿਣ ਦੀ ਮਿਲੀ ਇਜਾਜ਼ਤ

ਏਜੰਸੀ

ਖ਼ਬਰਾਂ, ਕੌਮਾਂਤਰੀ

ਹਰਦੀਪ ਸਿੰਘ ਅਤੇ ਕਮਲਦੀਪ ਕੌਰ ਨੂੰ ਦੁਬਾਰਾ ਵਰਕ ਵੀਜ਼ੇ ਵਾਸਤੇ ਅਪਲਾਈ ਕਰਨ ਲਈ ਕਿਹਾ ਗਿਆ ਹੈ। 

Punjabi family facing deportation got permission to stay in Canada

 

ਐਬਟਸਫ਼ੋਰਡ : ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੇ 3 ਮੈਂਬਰੀ ਪੰਜਾਬੀ ਪ੍ਰਵਾਰ ਦਾ ਦੇਸ਼ ਨਿਕਾਲਾ ਰੋਕ ਦਿਤਾ ਗਿਆ ਹੈ। ਪਹਿਲਾਂ ਖ਼ਬਰਾਂ ਆਈਆਂ ਸਨ ਪੈਂਟਿਕਟਨ ਦੇ ਰਹਿਣ ਵਾਲੇ ਹਰਦੀਪ ਸਿੰਘ ਚਾਹਲ, ਉਨ੍ਹਾਂ ਦੀ ਗਰਭਵਤੀ ਪਤਨੀ ਕਮਲਦੀਪ ਕੌਰ ਅਤੇ ਉਨ੍ਹਾਂ ਦੀ 3 ਸਾਲਾ ਧੀ ਨੂੰ ਪਿਛਲੇ ਮਹੀਨੇ ਦੇਸ਼ ਨਿਕਾਲੇ ਦੇ ਹੁਕਮ ਦਿਤੇ ਗਏ ਸਨ।

ਹਾਲਾਂਕਿ ਚਾਹਲ ਪਰਵਾਰ ਦੀ ਮਦਦ ਲਈ ਨਿਤਰੇ ਸੰਸਦ ਮੈਂਬਰ ਰਿਚਰਡ ਕੈਨਿੰਗਜ਼, ਗੁਰਦੁਆਰਾ ਸਾਹਿਬ ਪੈਂਟਿਕਟਨ ਦੇ ਪ੍ਰਬੰਧਕ ਸਾਹਿਬਾਨ ਅਤੇ ਭਾਈਚਾਰੇ ਵਲੋਂ ਕੀਤੀਆਂ ਕੋਸ਼ਿਸ਼ਾਂ ਕਾਰਨ ਕੈਨੇਡਾ ਦੇ ਇੰਮੀਗ੍ਰੇਸ਼ਨ ਵਿਭਾਗ ਨੇ ਚਾਹਲ ਪ੍ਰਵਾਰ ਨੂੰ ਕੈਨੇਡਾ ਤੋਂ ਭਾਰਤ ਡਿਪੋਰਟ ਕਰਨ ਦਾ ਫ਼ੈਸਲਾ ਬਦਲ ਕੇ ਉਨ੍ਹਾਂ ਨੂੰ ਫ਼ਿਲਹਾਲ ਕੈਨੇਡਾ ਰਹਿਣ ਦੀ ਇਜਾਜ਼ਤ ਦੇ ਦਿਤੀ ਹੈ। ਇਸ ਤੋਂ ਇਲਾਵਾ ਹਰਦੀਪ ਸਿੰਘ ਅਤੇ ਕਮਲਦੀਪ ਕੌਰ ਨੂੰ ਦੁਬਾਰਾ ਵਰਕ ਵੀਜ਼ੇ ਵਾਸਤੇ ਅਪਲਾਈ ਕਰਨ ਲਈ ਕਿਹਾ ਗਿਆ ਹੈ। 

ਜ਼ਿਕਰਯੋਗ ਹੈ ਕਿ ਜੋੜੇ ਨੂੰ ਕੈਨੇਡੀਅਨ ਸਰਕਾਰ ਵਲੋਂ 10 ਸਾਲ ਦਾ ਵਿਜ਼ਟਰ ਵੀਜ਼ਾ ਅਤੇ ਬਾਅਦ ਵਿਚ ਵਰਕ ਵੀਜ਼ਾ ਦਿਤਾ ਗਿਆ ਸੀ, ਜਿਸ ਤੋਂ ਬਾਅਦ ਉਨ੍ਹਾਂ ਨੇ ਸ਼ਰਨਾਰਥੀ ਦਾ ਦਰਜਾ ਹਾਸਲ ਕਰਨ ਲਈ ਅਰਜ਼ੀ ਦਿਤੀ ਸੀ। ਹਾਲਾਂਕਿ ਉਸ ਦਾਅਵੇ ਅਤੇ ਉਸ ਦੇ ਬਾਅਦ ਦੀਆਂ 2 ਅਪੀਲਾਂ ਨੂੰ 2021 ਅਤੇ 2022 ਵਿਚ ਰੱਦ ਕਰ ਦਿਤਾ ਗਿਆ ਸੀ, ਕਿਉਂਕਿ ਉਹ ਅਪਣੇ ਦਾਅਵੇ ਨੂੰ ਸਾਬਤ ਕਰਨ ਲਈ ਸਹੀ ਦਸਤਾਵੇਜ਼ ਪ੍ਰਦਾਨ ਕਰਨ ਵਿਚ ਅਸਮਰਥ ਸਨ, ਜਿਸ ਕਾਰਨ ਉਨ੍ਹਾਂ ਨੂੰ ਦੇਸ਼ ਨਿਕਾਲੇ ਦਾ ਹੁਕਮ ਦਿਤਾ ਗਿਆ ਸੀ।

ਇਹ ਮਾਮਲਾ ਸਾਹਮਣੇ ਆਉਣ ਮਗਰੋਂ ਭਾਈਚਾਰਾ ਪਰਵਾਰ ਦੇ ਸਮਰਥਨ ਵਿਚ ਸਾਹਮਣੇ ਆਇਆ ਅਤੇ ਓਕਾਨਾਗਨ ਦੇ ਐਮ.ਪੀ. ਰਿਚਰਡ ਕੈਨਿੰਗਜ਼ ਦੇ ਦਫ਼ਤਰ ਨੂੰ ਉਨ੍ਹਾਂ ਵਲੋਂ ਸਮਰਥਨ ਲਈ 100 ਤੋਂ ਵੱਧ ਈਮੇਲਾਂ ਭੇਜੀਆਂ ਗਈਆਂ ਸਨ। ਇਸ ਤੋਂ ਬਾਅਦ ਦਖਣੀ ਓਕਾਨਾਗਨ-ਵੈਸਟ ਕੂਟੇਨੇ ਦੇ ਐਮ.ਪੀ. ਕੈਨਿੰਗਜ਼ ਨੇ ਇਸ ਪਰਵਾਰ ਦੇ ਦੇਸ਼ ਨਿਕਾਲੇ ਦੇ ਆਦੇਸ਼ ’ਤੇ ਰੋਕ ਲਗਾਉਣ ਅਤੇ ਇਨ੍ਹਾਂ ਨੂੰ ਸਥਾਈ ਨਿਵਾਸ ਦਾ ਦਰਜਾ ਦਿਵਾਉਣ ਲਈ ਬਹੁਤ ਸਖ਼ਤ ਮਿਹਨਤ ਕੀਤੀ।