ਨਿਖਿਲ ਗੁਪਤਾ ’ਤੇ ਅਮਰੀਕੀ ਅਦਾਲਤ ’ਚ ਮੁਕੱਦਮਾ ਸ਼ੁਰੂ, ਅਗਲੀ ਸੁਣਵਾਈ 28 ਜੂਨ ਨੂੰ, ਜਾਣੋ ਕੀ ਕਿਹਾ ਅਟਾਰਨੀ ਜਨਰਲ ਨੇ

ਏਜੰਸੀ

ਖ਼ਬਰਾਂ, ਕੌਮਾਂਤਰੀ

ਦੇਸ਼ ਅਪਣੇ ਨਾਗਰਿਕਾਂ ਨੂੰ ਨੁਕਸਾਨ ਪਹੁੰਚਾਉਣ ਦੀਆਂ ਕੋਸ਼ਿਸ਼ਾਂ ਨੂੰ ਬਰਦਾਸ਼ਤ ਨਹੀਂ ਕਰੇਗਾ : ਅਟਾਰਨੀ ਜਨਰਲ 

File Photo.

ਵਾਸ਼ਿੰਗਟਨ: ਅਮਰੀਕਾ ’ਚ ਇਕ ਸਿੱਖ ਵੱਖਵਾਦੀ ਦਾ ਸੁਪਾਰੀ ਦੇ ਕੇ ਕਤਲ ਕਰਵਾਉਣ ਦੀ ਸਾਜ਼ਸ਼ ’ਚ ਸ਼ਾਮਲ ਹੋਣ ਦੇ ਮੁਲਜ਼ਮ ਭਾਰਤੀ ਨਾਗਰਿਕ ਨਿਖਿਲ ਗੁਪਤਾ ਨੂੰ ਹੁਣ ਅਮਰੀਕਾ ਦੀ ਇਕ ਅਦਾਲਤ ’ਚ ਮੁਕੱਣਮੇ ਦਾ ਸਾਹਮਣਾ ਕਰਨਾ ਪਵੇਗਾ। ਅਟਾਰਨੀ ਜਨਰਲ ਮੈਰਿਕ ਗਾਰਲੈਂਡ ਨੇ ਇਹ ਜਾਣਕਾਰੀ ਦਿੰਦਿਆਂ ਕਿਹਾ ਕਿ ਦੇਸ਼ ਅਪਣੇ ਨਾਗਰਿਕਾਂ ਨੂੰ ਨੁਕਸਾਨ ਪਹੁੰਚਾਉਣ ਦੀਆਂ ਕੋਸ਼ਿਸ਼ਾਂ ਨੂੰ ਬਰਦਾਸ਼ਤ ਨਹੀਂ ਕਰੇਗਾ। 

ਗੁਪਤਾ (53) ਨੂੰ ਨਿਊਯਾਰਕ ਵਿਚ ਵੱਖਵਾਦੀ ਗੁਰਪਤਵੰਤ ਸਿੰਘ ਪੰਨੂੰ ਦੇ ਕਤਲ ਦੀ ਸਾਜ਼ਸ਼ ਵਿਚ ਕਥਿਤ ਸ਼ਮੂਲੀਅਤ ਲਈ ਅਮਰੀਕੀ ਸਰਕਾਰ ਦੀ ਬੇਨਤੀ ’ਤੇ 30 ਜੂਨ 2023 ਨੂੰ ਚੈੱਕ ਗਣਰਾਜ ਵਿਚ ਗ੍ਰਿਫਤਾਰ ਕੀਤਾ ਗਿਆ ਸੀ। ਉਸ ਨੂੰ 14 ਜੂਨ ਨੂੰ ਅਮਰੀਕਾ ਹਵਾਲੇ ਕਰ ਦਿਤਾ ਗਿਆ ਸੀ। ਗੁਪਤਾ ਦੇ ਵਕੀਲ ਜੈਫਰੀ ਚਾਬਰੋਵ ਨੇ ਦਸਿਆ ਕਿ ਗੁਪਤਾ ਸੋਮਵਾਰ ਨੂੰ ਮੈਨਹਟਨ ਫੈਡਰਲ ਕੋਰਟ ’ਚ ਮੈਜਿਸਟ੍ਰੇਟ ਜੱਜ ਜੇਮਜ਼ ਕੋਟ ਦੇ ਸਾਹਮਣੇ ਪੇਸ਼ ਹੋਇਆ, ਜਿੱਥੇ ਉਸ ਨੇ ਅਪਣੇ ਬੇਕਸੂਰ ਹੋਣ ਦੀ ਗੱਲ ਕਹੀ। 

ਗਾਰਲੈਂਡ ਨੇ ਸੋਮਵਾਰ ਨੂੰ ਕਿਹਾ, ‘‘ਇਹ ਹਵਾਲਗੀ ਸਪੱਸ਼ਟ ਤੌਰ ’ਤੇ ਦਰਸਾਉਂਦੀ ਹੈ ਕਿ ਨਿਆਂ ਵਿਭਾਗ ਅਮਰੀਕੀ ਨਾਗਰਿਕਾਂ ਨੂੰ ਚੁੱਪ ਕਰਾਉਣ ਜਾਂ ਨੁਕਸਾਨ ਪਹੁੰਚਾਉਣ ਦੀਆਂ ਕੋਸ਼ਿਸ਼ਾਂ ਨੂੰ ਬਰਦਾਸ਼ਤ ਨਹੀਂ ਕਰੇਗਾ।’’

ਉਨ੍ਹਾਂ ਕਿਹਾ, ‘‘ਨਿਖਿਲ ਗੁਪਤਾ ’ਤੇ ਭਾਰਤ ’ਚ ਸਿੱਖ ਵੱਖਵਾਦੀ ਅੰਦੋਲਨ ਦਾ ਸਮਰਥਨ ਕਰਨ ਲਈ ਇਕ ਅਮਰੀਕੀ ਨਾਗਰਿਕ ਨੂੰ ਨਿਸ਼ਾਨਾ ਬਣਾਉਣ ਅਤੇ ਮਾਰਨ ਦੀ ਕਥਿਤ ਸਾਜ਼ਸ਼ ਰਚਣ ਦੇ ਦੋਸ਼ ’ਚ ਅਮਰੀਕੀ ਅਦਾਲਤ ’ਚ ਮੁਕੱਦਮਾ ਚਲਾਇਆ ਜਾਵੇਗਾ। ਇਹ ਸਾਜ਼ਸ਼ ਭਾਰਤ ਸਰਕਾਰ ਦੇ ਇਕ ਮੁਲਾਜ਼ਮ ਦੀ ਹਦਾਇਤਾਂ ’ਤੇ ਰਚੀ ਗਈ ਸੀ।’’ ਮਾਮਲੇ ਦੀ ਅਗਲੀ ਸੁਣਵਾਈ 28 ਜੂਨ ਨੂੰ ਹੋਵੇਗੀ। 

ਗੁਪਤਾ ’ਤੇ ਸੁਪਾਰੀ ਦੇ ਕੇ ਕਤਲ ਕਰਵਾਉਣ ਅਤੇ ਸਾਜ਼ਸ਼ ਰਚਣ ਦਾ ਦੋਸ਼ ਲਗਾਇਆ ਗਿਆ ਹੈ। ਜੇ ਗੁਪਤਾ ਨੂੰ ਦੋਸ਼ੀ ਠਹਿਰਾਇਆ ਜਾਂਦਾ ਹੈ ਤਾਂ ਉਸ ਨੂੰ ਹਰ ਦੋਸ਼ ਲਈ ਵੱਧ ਤੋਂ ਵੱਧ 10 ਸਾਲ ਦੀ ਸਜ਼ਾ ਹੋ ਸਕਦੀ ਹੈ।

ਡਿਪਟੀ ਅਟਾਰਨੀ ਜਨਰਲ ਲੀਜ਼ਾ ਮੋਨਾਕੋ ਨੇ ਕਿਹਾ ਕਿ ਨਿਊਯਾਰਕ ਸ਼ਹਿਰ ਵਿਚ ਇਕ ਅਮਰੀਕੀ ਨਾਗਰਿਕ ਦੀ ਹੱਤਿਆ ਲਈ ਭਾਰਤ ਸਰਕਾਰ ਦੇ ਇਕ ਮੁਲਾਜ਼ਮ ਨੇ ਕਥਿਤ ਤੌਰ ’ਤੇ ਸੁਪਾਰੀ ਦੇ ਕੇ ਕਤਲ ਦੀ ਯੋਜਨਾ ਬਣਾਈ ਸੀ। ਉਨ੍ਹਾਂ ਕਿਹਾ ਕਿ ਇਹ ਇਕ ਸਿਆਸੀ ਕਾਰਕੁਨ ਨੂੰ ਅਪਣੇ ਸਰਵੋਤਮ ਅਮਰੀਕੀ ਅਧਿਕਾਰ ਭਾਵ ਪ੍ਰਗਟਾਵੇ ਦੀ ਆਜ਼ਾਦੀ ਦੇ ਅਧਿਕਾਰ ਦੀ ਵਰਤੋਂ ਕਰਨ ਤੋਂ ਰੋਕਣ ਦੀ ਸ਼ਰਮਨਾਕ ਕੋਸ਼ਿਸ਼ ਹੈ।

ਵ੍ਹਾਈਟ ਹਾਊਸ ਨੇ ਅਮਰੀਕਾ-ਭਾਰਤ ਵਿਚਾਲੇ ਦੋਸਤੀ ਨੂੰ ਦਸਿਆ ਵਿਲੱਖਣ ਰਿਸ਼ਤਾ, ਨਿਖਿਲ ਗੁਪਤਾ ਬਾਰੇ ਸਵਾਲ ਦਾ ਨਹੀਂ ਦਿਤਾ ਜਵਾਬ

ਵਾਸ਼ਿੰਗਟਨ: ਵ੍ਹਾਈਟ ਹਾਊਸ ਦੇ ਕੌਮੀ ਸੁਰੱਖਿਆ ਸੰਚਾਰ ਸਲਾਹਕਾਰ ਜੌਨ ਕਿਰਬੀ ਨੇ ਸੋਮਵਾਰ ਨੂੰ ਪੱਤਰਕਾਰਾਂ ਨੂੰ ਕਿਹਾ ਕਿ ਦੁਨੀਆਂ ਦੇ ਦੋ ਸੱਭ ਤੋਂ ਪੁਰਾਣੇ ਅਤੇ ਸੱਭ ਤੋਂ ਵੱਡੇ ਲੋਕਤੰਤਰ ਹੋਣ ਦੇ ਨਾਤੇ ਅਮਰੀਕਾ ਅਤੇ ਭਾਰਤ ਵਿਚਾਲੇ ਦੋਸਤੀ ਦਾ ਵਿਲੱਖਣ ਰਿਸ਼ਤਾ ਹੈ। ਉਨ੍ਹਾਂ ਕਿਹਾ ਕਿ ਕੌਮੀ ਸੁਰੱਖਿਆ ਸਲਾਹਕਾਰ ਜੇਕ ਸੁਲੀਵਾਨ ਦੀ ਭਾਰਤ ਯਾਤਰਾ ਇਕ ਵਧੇਰੇ ਸੁਰੱਖਿਅਤ ਅਤੇ ਵਧੇਰੇ ਖੁਸ਼ਹਾਲ ਹਿੰਦ-ਪ੍ਰਸ਼ਾਂਤ ਖੇਤਰ ਬਣਾਉਣ ਲਈ ਇਸ ਭਾਈਵਾਲੀ ਨੂੰ ਹੋਰ ਡੂੰਘਾ ਕਰੇਗੀ। ਸੁਲੀਵਾਨ ਦਾ 17 ਤੋਂ 18 ਜੂਨ ਤਕ ਨਵੀਂ ਦਿੱਲੀ ਦਾ ਦੌਰਾ ਕਰਨ ਦਾ ਪ੍ਰੋਗਰਾਮ ਹੈ। 

ਹਾਲਾਂਕਿ ਕਿਰਬੀ ਨੇ ਚੈੱਕ ਗਣਰਾਜ ਤੋਂ ਅਮਰੀਕਾ ਹਵਾਲਗੀ ਕੀਤੇ ਗਏ ਭਾਰਤੀ ਨਾਗਰਿਕ ਨਿਖਿਲ ਗੁਪਤਾ ਬਾਰੇ ਪੁੱਛੇ ਗਏ ਸਵਾਲਾਂ ਦਾ ਜਵਾਬ ਨਹੀਂ ਦਿਤਾ। ਗੁਪਤਾ ’ਤੇ ਖਾਲਿਸਤਾਨੀ ਵੱਖਵਾਦੀ ਗੁਰਪਤਵੰਤ ਸਿੰਘ ਪੰਨੂੰ ਦੇ ਕਤਲ ਦੀ ਸੁਪਾਰੀ ਦੇ ਕੇ ਉਸ ਨੂੰ ਮਾਰਨ ਦੀ ਸਾਜ਼ਸ਼ ’ਚ ਸ਼ਾਮਲ ਹੋਣ ਦਾ ਦੋਸ਼ ਹੈ। ਕਿਰਬੀ ਨੇ ਕਿਹਾ ਕਿ ਸੁਲੀਵਾਨ ਦੀ ਯਾਤਰਾ ਇਕ ਸੁਰੱਖਿਅਤ, ਵਧੇਰੇ ਖੁਸ਼ਹਾਲ ਹਿੰਦ-ਪ੍ਰਸ਼ਾਂਤ ਖੇਤਰ ਦੇ ਨਿਰਮਾਣ ਲਈ ਸਾਡੇ ਦੋਹਾਂ ਦੇਸ਼ਾਂ ਵਿਚਾਲੇ ਭਾਈਵਾਲੀ ਨੂੰ ਮਜ਼ਬੂਤ ਕਰਦੀ ਰਹੇਗੀ। 

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ’ਚ ਲਗਾਤਾਰ ਤੀਜੀ ਵਾਰ ਸਰਕਾਰ ਬਣਨ ਤੋਂ ਬਾਅਦ ਜੋਅ ਬਾਈਡਨ ਪ੍ਰਸ਼ਾਸਨ ਦੇ ਕਿਸੇ ਸੀਨੀਅਰ ਅਧਿਕਾਰੀ ਦਾ ਇਹ ਪਹਿਲਾ ਭਾਰਤ ਦੌਰਾ ਹੈ। ਸੁਲੀਵਾਨ ਨੇ ਸੋਮਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਨਾਲ ਮੁਲਾਕਾਤ ਕੀਤੀ। ਕਿਰਬੀ ਨੇ ਕਿਹਾ ਕਿ ਸੁਲੀਵਾਨ ਨਵੀਂ ਦਿੱਲੀ ’ਚ ਮਹੱਤਵਪੂਰਨ ਅਤੇ ਉੱਭਰ ਰਹੀ ਤਕਨਾਲੋਜੀ ’ਤੇ ਅਮਰੀਕਾ-ਭਾਰਤ ਪਹਿਲ ਕਦਮੀ ਦੀ ਸਹਿ-ਪ੍ਰਧਾਨਗੀ ਕਰਨਗੇ। ਇਸ ਪਹਿਲ ਕਦਮੀ ਨੂੰ ਆਈ.ਸੀ.ਈ.ਟੀ. ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। 

ਉਨ੍ਹਾਂ ਕਿਹਾ ਕਿ ਇਹ ਪਹਿਲ ਪੁਲਾੜ, ਸੈਮੀਕੰਡਕਟਰ, ਉੱਨਤ ਦੂਰਸੰਚਾਰ, ਆਰਟੀਫਿਸ਼ੀਅਲ ਇੰਟੈਲੀਜੈਂਸ, ਕੁਆਂਟਮ ਤਕਨਾਲੋਜੀ, ਬਾਇਓਟੈਕਨਾਲੋਜੀ ਅਤੇ ਸਵੱਛ ਊਰਜਾ ਸਮੇਤ ਪ੍ਰਮੁੱਖ ਤਕਨਾਲੋਜੀ ਖੇਤਰਾਂ ’ਚ ਰਣਨੀਤਕ ਸਹਿਯੋਗ ਵਧਾਉਣ ਲਈ ਇਕ ਇਤਿਹਾਸਕ ਭਾਈਵਾਲੀ ਹੈ।