India-US News: ਅਜੀਤ ਡੋਭਾਲ ਨੇ ਅਮਰੀਕਾ ਦੇ ਐਨ.ਐਸ.ਏ. ਸੁਲੀਵਾਨ ਨਾਲ ਲੰਮੀ ਚਰਚਾ ਕੀਤੀ

ਏਜੰਸੀ

ਖ਼ਬਰਾਂ, ਕੌਮਾਂਤਰੀ

ਉਨ੍ਹਾਂ ਦੇ ਨਾਲ ਸੀਨੀਅਰ ਅਮਰੀਕੀ ਅਧਿਕਾਰੀਆਂ ਅਤੇ ਕਾਰੋਬਾਰੀ ਨੇਤਾਵਾਂ ਦਾ ਇਕ ਵਫ਼ਦ ਵੀ ਆਇਆ ਹੈ।

NSA Doval meets his US counterpart Sullivan in Delhi

India-US News: ਕੌਮੀ ਸੁਰੱਖਿਆ ਸਲਾਹਕਾਰ (ਐਨ.ਐਸ.ਏ.) ਅਜੀਤ ਡੋਭਾਲ ਨੇ ਸੋਮਵਾਰ ਨੂੰ ਅਪਣੇ ਅਮਰੀਕੀ ਹਮਰੁਤਬਾ ਜੇਕ ਸੁਲੀਵਾਨ ਨਾਲ ਵਿਸਥਾਰ ਪੂਰਵਕ ਚਰਚਾ ਕੀਤੀ, ਜਿਸ ਦੌਰਾਨ ਉਨ੍ਹਾਂ ਨੇ ਮੁੱਖ ਤੌਰ ’ਤੇ ‘ਮਹੱਤਵਪੂਰਨ ਅਤੇ ਉਭਰਦੀ ਟੈਕਨਾਲੋਜੀਜ਼ ’ਤੇ ਭਾਰਤ-ਅਮਰੀਕਾ ਪਹਿਲਕਦਮੀ’ (ਆਈ.ਸੀ.ਈ.ਟੀ.) ਨੂੰ ਲਾਗੂ ਕਰਨ ’ਤੇ ਧਿਆਨ ਕੇਂਦਰਿਤ ਕੀਤਾ।

ਇਹ ਸਮਝਿਆ ਜਾਂਦਾ ਹੈ ਕਿ ਦੋਵੇਂ ਚੋਟੀ ਦੇ ਸੁਰੱਖਿਆ ਅਧਿਕਾਰੀਆਂ ਨੇ ਆਪਸੀ ਹਿੱਤਾਂ ਦੇ ਜ਼ਰੂਰੀ ਗਲੋਬਲ ਅਤੇ ਖੇਤਰੀ ਮੁੱਦਿਆਂ ’ਤੇ ਵੀ ਵਿਚਾਰਾਂ ਦਾ ਆਦਾਨ-ਪ੍ਰਦਾਨ ਕੀਤਾ। ਸੁਲੀਵਾਨ 17 ਤੋਂ 18 ਜੂਨ ਤਕ ਨਵੀਂ ਦਿੱਲੀ ਦੇ ਅਧਿਕਾਰਤ ਦੌਰੇ ’ਤੇ ਹਨ। ਉਨ੍ਹਾਂ ਦੇ ਨਾਲ ਸੀਨੀਅਰ ਅਮਰੀਕੀ ਅਧਿਕਾਰੀਆਂ ਅਤੇ ਕਾਰੋਬਾਰੀ ਨੇਤਾਵਾਂ ਦਾ ਇਕ ਵਫ਼ਦ ਵੀ ਆਇਆ ਹੈ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰਾਸ਼ਟਰਪਤੀ ਜੋ ਬਾਈਡਨ ਨੇ ਮਈ 2022 ’ਚ ਟੋਕੀਓ ’ਚ ਕਵਾਡ ਸਿਖਰ ਸੰਮੇਲਨ ਤੋਂ ਇਲਾਵਾ ਆਈ.ਸੀ.ਈ.ਟੀ. ਦਾ ਉਦਘਾਟਨ ਕੀਤਾ ਸੀ। ਉਦੋਂ ਤੋਂ, ਦੋਹਾਂ ਐਨ.ਐਸ.ਏ. ਨੇ ਸੈਮੀਕੰਡਕਟਰ ਆਰਟੀਫਿਸ਼ੀਅਲ ਇੰਟੈਲੀਜੈਂਸ, ਕੁਆਂਟਮ ਕੰਪਿਊਟਿੰਗ, ਰੱਖਿਆ ਨਵੀਨਤਾ, ਪੁਲਾੜ ਅਤੇ ਉੱਨਤ ਦੂਰਸੰਚਾਰ ਸਮੇਤ ਨਵੀਆਂ ਅਤੇ ਉੱਭਰ ਰਹੀਆਂ ਤਕਨਾਲੋਜੀਆਂ ਦੇ ਵਿਭਿੰਨ ਪਹਿਲੂਆਂ ’ਤੇ ਭਾਈਵਾਲੀ ਦੇ ਖੇਤਰਾਂ ਦੀ ਪਛਾਣ ਕਰਨ ਲਈ ਤਾਲਮੇਲ ਦੇ ਯਤਨ ਕੀਤੇ ਹਨ।

ਸੁਲੀਵਾਨ ਨੇ ਸੋਮਵਾਰ ਨੂੰ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨਾਲ ਵੀ ਮੁਲਾਕਾਤ ਕੀਤੀ। ਉਨ੍ਹਾਂ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਵੀ ਮੁਲਾਕਾਤ ਕਰਨ ਦੀ ਸੰਭਾਵਨਾ ਹੈ। ਜੈਸ਼ੰਕਰ ਨੇ ‘ਐਕਸ’ ’ਤੇ ਲਿਖਿਆ, ‘‘ਅੱਜ ਸਵੇਰੇ ਨਵੀਂ ਦਿੱਲੀ ’ਚ ਅਮਰੀਕੀ ਐਨ.ਐਸ.ਏ. ਜੈਕ ਸੁਲੀਵਾਨ ਦਾ ਸਵਾਗਤ ਕਰ ਕੇ ਖੁਸ਼ ਹਾਂ। ਦੁਵਲੇ, ਖੇਤਰੀ ਅਤੇ ਗਲੋਬਲ ਮੁੱਦਿਆਂ ਦੀ ਵਿਆਪਕ ਲੜੀ ’ਤੇ ਵਿਸਥਾਰ ਨਾਲ ਚਰਚਾ ਕੀਤੀ।’’ ਉਨ੍ਹਾਂ ਕਿਹਾ ਕਿ ਮੈਨੂੰ ਭਰੋਸਾ ਹੈ ਕਿ ਭਾਰਤ-ਅਮਰੀਕਾ ਰਣਨੀਤਕ ਭਾਈਵਾਲੀ ਸਾਡੇ ਕਾਰਜਕਾਲ ਦੇ ਨਵੇਂ ਕਾਰਜਕਾਲ ’ਚ ਮਜ਼ਬੂਤ ਹੁੰਦੀ ਰਹੇਗੀ।

 (For more Punjabi news apart from NSA Doval meets his US counterpart Sullivan in Delhi, stay tuned to Rozana Spokesman)