ਇਟਲੀ ’ਚ ਮੋਦੀ ਨਾਲ ਮੁਲਾਕਾਤ ਤੋਂ ਬਾਅਦ ਟਰੂਡੋ ਨੂੰ ਦਿਸਿਆ ਭਾਰਤ ਦੀ ਨਵੀਂ ਸਰਕਾਰ ਨਾਲ ਗੱਲਬਾਤ ਦਾ ‘ਮੌਕਾ’, ਜਾਣੋ ਕੀ ਕਿਹਾ ਕੈਨੇਡਾ ਪੁੱਜ ਕੇ

ਏਜੰਸੀ

ਖ਼ਬਰਾਂ, ਕੌਮਾਂਤਰੀ

ਕਿਹਾ, ਕੌਮੀ ਸੁਰੱਖਿਆ ਅਤੇ ਕੈਨੇਡੀਅਨਾਂ ਨੂੰ ਸੁਰੱਖਿਅਤ ਰੱਖਣ ਅਤੇ ਕਾਨੂੰਨ ਦੇ ਸ਼ਾਸਨ ਨਾਲ ਜੁੜੇ ਕੁੱਝ ਬਹੁਤ ਗੰਭੀਰ ਮੁੱਦਿਆਂ ’ਤੇ ਗੱਲਬਾਤ ਕਰਾਂਗੇ

PM ਮੋਦੀ ਨੇ ਜਸਟਿਨ ਟਰੂਡੋ ਨਾਲ ਹੱਥ ਮਿਲਾਉਂਦੇ ਹੋਏ

ਔਟਵਾ: ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਭਾਰਤ ਅਤੇ ਕੈਨੇਡਾ ਦੇ ਸੰਬੰਧਾਂ ’ਚ ਖਟਾਸ ਵਿਚਕਾਰ ਇਟਲੀ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਅਪਣੀ ਪਹਿਲੀ ਗੱਲਬਾਤ ਤੋਂ ਕੁਝ ਦਿਨ ਬਾਅਦ ਕਿਹਾ ਹੈ ਕਿ ਭਾਰਤ ਨਾਲ ਕਈ ‘ਵੱਡੇ ਮੁੱਦਿਆਂ’ ’ਤੇ ‘ਤਾਲਮੇਲ’ ਹੈ ਅਤੇ ਉਨ੍ਹਾਂ ਨੂੰ ਆਰਥਕ ਸਬੰਧਾਂ ਅਤੇ ‘ਕੌਮੀ ਸੁਰੱਖਿਆ’ ਸਮੇਤ ਕਈ ਮੁੱਦਿਆਂ ’ਤੇ ਭਾਰਤ ਦੀ ਨਵੀਂ ਸਰਕਾਰ ਨਾਲ ਗੱਲਬਾਤ ਕਰਨ ਦਾ ‘ਮੌਕਾ’ ਨਜ਼ਰ ਆ ਰਿਹਾ ਹੈ। 

ਪ੍ਰਧਾਨ ਮੰਤਰੀ ਮੋਦੀ ਨੇ ਸ਼ੁਕਰਵਾਰ ਨੂੰ ਦੋਹਾਂ ਨੇਤਾਵਾਂ ਦੀ ਹੱਥ ਮਿਲਾਉਂਦੇ ਹੋਏ ਇਕ ਤਸਵੀਰ ਸੋਸ਼ਲ ਮੀਡੀਆ ’ਤੇ ਪੋਸਟ ਕੀਤੀ ਸੀ, ਜਿਸ ’ਚ ਲਿਖਿਆ ਸੀ, ‘ਜੀ-7 ਸਿਖਰ ਸੰਮੇਲਨ ’ਚ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨਾਲ ਮੁਲਾਕਾਤ ਹੋਈ।’

ਦਖਣੀ ਇਟਲੀ ਦੇ ਅਪੁਲੀਆ ’ਚ ਜੀ-7 ਸਿਖਰ ਸੰਮੇਲਨ ਦੌਰਾਨ ਹੋਈ ਇਹ ਬੈਠਕ ਖਾਲਿਸਤਾਨੀ ਕੱਟੜਵਾਦ ਨੂੰ ਲੈ ਕੇ ਦੋਹਾਂ ਦੇਸ਼ਾਂ ਵਿਚਾਲੇ ਕੂਟਨੀਤਕ ਸਬੰਧਾਂ ’ਚ ਆਏ ਤਣਾਅ ਤੋਂ ਬਾਅਦ ਪਹਿਲੀ ਬੈਠਕ ਸੀ। ਟਰੂਡੋ ਨੇ ਪਿਛਲੇ ਸਾਲ ਸਤੰਬਰ ’ਚ ਸਿੱਖ ਅਤਿਵਾਦੀ ਹਰਦੀਪ ਸਿੰਘ ਨਿੱਝਰ ਦੇ ਕਤਲ ’ਚ ਕਿਸੇ ਭਾਰਤੀ ਏਜੰਟ ਦੀ ਸ਼ਮੂਲੀਅਤ ਦਾ ਦੋਸ਼ ਲਾਇਆ ਸੀ, ਜਿਸ ਤੋਂ ਬਾਅਦ ਦੋਹਾਂ ਦੇਸ਼ਾਂ ਵਿਚਾਲੇ ਕੂਟਨੀਤਕ ਸਬੰਧ ਤਣਾਅਪੂਰਨ ਹੋ ਗਏ ਸਨ। 

ਔਟਵਾ ਪਰਤਣ ਤੋਂ ਬਾਅਦ ਟਰੂਡੋ ਨੇ ਸੀ.ਬੀ.ਸੀ. ਨਿਊਜ਼ ਨੂੰ ਦਸਿਆ ਕਿ ਸਿਖਰ ਸੰਮੇਲਨ ਦੀ ਸੱਭ ਤੋਂ ਚੰਗੀ ਗੱਲ ਇਹ ਹੈ ਕਿ ਤੁਹਾਨੂੰ ਵੱਖ-ਵੱਖ ਨੇਤਾਵਾਂ ਨਾਲ ਸਿੱਧੇ ਤੌਰ ’ਤੇ ਗੱਲਬਾਤ ਕਰਨ ਦਾ ਮੌਕਾ ਮਿਲਦਾ ਹੈ ਜਿਨ੍ਹਾਂ ਕੋਲ ਵੱਖ-ਵੱਖ ਮੁੱਦੇ ਹਨ ਅਤੇ ਨਿਸ਼ਚਤ ਤੌਰ ’ਤੇ ਭਾਰਤ ਨਾਲ ਅਸਲ ’ਚ ਮਹੱਤਵਪੂਰਨ ਆਰਥਕ ਸਬੰਧ ਅਤੇ ਲੋਕਾਂ ਦੇ ਆਪਸੀ ਸਬੰਧ ਹਨ।

ਉਨ੍ਹਾਂ ਕਿਹਾ, ‘‘ਕਈ ਵੱਡੇ ਮੁੱਦਿਆਂ ’ਤੇ ਸਹਿਮਤੀ ਹੈ, ਜਿਨ੍ਹਾਂ ’ਤੇ ਸਾਨੂੰ ਕੰਮ ਕਰਨ ਦੀ ਜ਼ਰੂਰਤ ਹੈ। ਪਰ ਹੁਣ ਜਦੋਂ ਉਹ (ਮੋਦੀ) ਚੋਣ ਜਿੱਤ ਗਏ ਹਨ, ਮੈਨੂੰ ਲਗਦਾ ਹੈ ਕਿ ਸਾਡੇ ਕੋਲ ਕੌਮੀ ਸੁਰੱਖਿਆ ਅਤੇ ਕੈਨੇਡੀਅਨਾਂ ਨੂੰ ਸੁਰੱਖਿਅਤ ਰੱਖਣ ਅਤੇ ਕਾਨੂੰਨ ਦੇ ਸ਼ਾਸਨ ਨਾਲ ਜੁੜੇ ਕੁੱਝ ਬਹੁਤ ਗੰਭੀਰ ਮੁੱਦਿਆਂ ’ਤੇ ਗੱਲਬਾਤ ਕਰਨ ਦਾ ਮੌਕਾ ਹੈ, ਜਿਸ ਬਾਰੇ ਅਸੀਂ ਗੱਲਬਾਤ ਕਰਾਂਗੇ।’’

ਇਹ ਪੁੱਛੇ ਜਾਣ ’ਤੇ ਕਿ ਕੀ ਉਨ੍ਹਾਂ ਨੇ ਬ੍ਰਿਟਿਸ਼ ਕੋਲੰਬੀਆ ਦੇ ਸਰੀ ’ਚ ਨਿੱਝਰ ਦੇ ਕਤਲ ਦੀ ਕੈਨੇਡੀਅਨ ਜਾਂਚ ’ਚ ਭਾਰਤ ਨਾਲ ਸਹਿਯੋਗ ’ਚ ਸੁਧਾਰ ਵੇਖਿਆ ਹੈ, ਟਰੂਡੋ ਨੇ ਕਿਹਾ, ‘‘ਇਸ ’ਤੇ ਬਹੁਤ ਕੰਮ ਚੱਲ ਰਿਹਾ ਹੈ।’’

ਪਿਛਲੇ ਸਾਲ ਵਿਦੇਸ਼ ਮੰਤਰਾਲੇ ਨੇ ਟਰੂਡੋ ਦੇ ਦੋਸ਼ਾਂ ਨੂੰ ਬੇਤੁਕਾ ਅਤੇ ਪ੍ਰੇਰਿਤ ਦੱਸ ਕੇ ਰੱਦ ਕਰ ਦਿਤਾ ਸੀ। ਭਾਰਤ ਦਾ ਕਹਿਣਾ ਹੈ ਕਿ ਦੋਹਾਂ ਦੇਸ਼ਾਂ ਵਿਚਾਲੇ ਮੁੱਖ ਮੁੱਦਾ ਇਹ ਹੈ ਕਿ ਕੈਨੇਡਾ ਕੈਨੇਡਾ ਦੀ ਧਰਤੀ ਤੋਂ ਸਰਗਰਮ ਖਾਲਿਸਤਾਨ ਸਮਰਥਕ ਤੱਤਾਂ ਨੂੰ ਜਗ੍ਹਾ ਦੇ ਰਿਹਾ ਹੈ। 

ਭਾਰਤ ਨੇ ਕਈ ਵਾਰ ਕੈਨੇਡਾ ਨੂੰ ਅਪਣੀਆਂ ਗੰਭੀਰ ਚਿੰਤਾਵਾਂ ਤੋਂ ਜਾਣੂ ਕਰਵਾਇਆ ਹੈ ਅਤੇ ਨਵੀਂ ਦਿੱਲੀ ਨੂੰ ਉਮੀਦ ਹੈ ਕਿ ਓਟਾਵਾ ਇਨ੍ਹਾਂ ਤੱਤਾਂ ਵਿਰੁਧ ਸਖਤ ਕਾਰਵਾਈ ਕਰੇਗਾ। ਨਿੱਝਰ ਦੇ ਕਤਲ ਦੀ ਜਾਂਚ ਰਾਇਲ ਕੈਨੇਡੀਅਨ ਮਾਊਂਟੇਡ ਪੁਲਿਸ (ਆਰ.ਸੀ.ਐਮ.ਪੀ.) ਕਰ ਰਹੀ ਹੈ। ਆਰ.ਸੀ.ਐਮ.ਪੀ. ਨੇ ਇਸ ਸਬੰਧ ’ਚ ਚਾਰ ਭਾਰਤੀ ਨਾਗਰਿਕਾਂ ਨੂੰ ਗ੍ਰਿਫਤਾਰ ਕੀਤਾ ਹੈ।