ਚੀਨ ਨੇ ਹਾਂਗਕਾਂਗ ਤੋਂ ਆਉਣ ਵਾਲੇ ਲੋਕਾਂ ’ਤੇ ਲਗਾਈਆਂ ਨਵੀਆਂ ਪਾਬੰਦੀਆਂ
ਹਾਂਗਕਾਂਗ ਤੋਂ ਚੀਨ ਆਉਣ ਤੋਂ ਪਹਿਲਾਂ ਹੁਣ ਲੋਕਾਂ ਨੂੰ ਕੋਰੋਨਾ ਵਾਇਰਸ ਨਾਲ ਪੀੜਤ ਨਾ ਹੋਣ ਦਾ ਸਰਟੀਫ਼ਿਕੇਟ ਦੇਣਾ ਹੋਵੇਗਾ।
ਬੀਜਿੰਗ 17 ਜੁਲਾਈ : ਹਾਂਗਕਾਂਗ ਤੋਂ ਚੀਨ ਆਉਣ ਤੋਂ ਪਹਿਲਾਂ ਹੁਣ ਲੋਕਾਂ ਨੂੰ ਕੋਰੋਨਾ ਵਾਇਰਸ ਨਾਲ ਪੀੜਤ ਨਾ ਹੋਣ ਦਾ ਸਰਟੀਫ਼ਿਕੇਟ ਦੇਣਾ ਹੋਵੇਗਾ। ਇਸ ਦੇ ਨਾਲ ਹੀ 14 ਦਿਨ ਤਕ ਇਕਾਂਤਵਾਸ ਵੀ ਹੋਣਾ ਪਏਗਾ। ਚੀਨ ਨੇ ਅਰਧ-ਖੁਦਮੁਖ਼ਤਿਆਰ ਖ਼ੇਤਰ ਵਿਚ ਕੋਵਿਡ-19 ਦੇ ਵੱਧਦੇ ਮਾਮਲਿਆਂ ਨੂੰ ਦੇਖਦੇ ਹੋਏ ਨਵੀਆਂ ਪਾਬੰਦੀਆਂ ਦਾ ਐਲਾਨ ਕੀਤਾ ਹੈ।
ਅਧਿਕਾਰਤ ਨੋਟਿਸ ਦੇ ਮੁਤਾਬਕ ਕੋਵਿਡ-19 ਦੀ ਜਾਂਚ ਦੇਸ਼ ਵਿਚ ਆਉਣ ਤੋਂ 3 ਦਿਨ ਪਹਿਲਾਂ ਕਰਾਈ ਜਾਣੀ ਚਾਹੀਦੀ ਹੈ। ਇਸ ਵਿਚ ਵਿਦਿਆਰਥੀਆਂ, ਰੋਜ਼ਾਨਾ ਸਰਹੱਦ ਪਾਰ ਕਰਨ ਵਾਲੇ ਟਰੱਕ ਡਰਾਈਵਰਾਂ ਸਮੇਤ ਵਿਸ਼ੇਸ਼ ਉਦਯੋਗਪਤੀਆਂ ਅਤੇ ਦੋ-ਪੱਖੀ ਨੀਤੀਆਂ ਦੇ ਤਹਿਤ ਮਾਨਤਾ ਪ੍ਰਾਪਤ ਲੋਕਾਂ ਨੂੰ ਵੱਖਰੇ ਰਹਿਣ ਦੇ ਨਿਯਮ ਤੋਂ ਛੋਟ ਦਿਤੀ ਗਈ ਹੈ। ਇਹ ਨਵੀਆਂ ਪਾਬੰਦੀਆਂ ਸ਼ੁਕਰਵਾਰ ਸਵੇਰੇ 10 ਵਜੇ ਤੋਂ ਲਾਗੂ ਹੋਣਗੀਆਂ। ਹਾਂਗਕਾਂਗ ਵਿਚ ਵੀਰਵਾਰ ਨੂੰ ਕੋਵਿਡ-19 ਦੇ ਸਭ ਤੋਂ ਵੱਧ 67 ਨਵੇਂ ਮਾਮਲੇ ਸਾਹਮਣੇ ਆਏ ਸਨ। (ਪੀਟੀਆਈ)