ਕੋਵਿਡ -19 ਸੰਕਟ ਦੌਰਾਨ ਭਾਰਤ ਅਤੇ ਅਮਰੀਕਾ ਮਿਲ ਕੇ ਕੰਮ ਕਰ ਰਹੇ ਹਨ : ਸੰਧੂ
ਅਮਰੀਕਾ ਵਿਚ ਭਾਰਤ ਦੇ ਰਾਜਦੂਤ ਤਰਨਜੀਤ ਸਿੰਘ ਸੰਧੂ ਨੇ ਕਿਹਾ ਕਿ ਭਾਰਤ ਅਤੇ ਅਮਰੀਕਾ ਕੋਰੋਨਾ ਵਾਇਰਸ ਦਾ ਮਿਲ ਕੇ
ਵਾਸ਼ਿੰਗਟਨ, 17 ਜੁਲਾਈ : ਅਮਰੀਕਾ ਵਿਚ ਭਾਰਤ ਦੇ ਰਾਜਦੂਤ ਤਰਨਜੀਤ ਸਿੰਘ ਸੰਧੂ ਨੇ ਕਿਹਾ ਕਿ ਭਾਰਤ ਅਤੇ ਅਮਰੀਕਾ ਕੋਰੋਨਾ ਵਾਇਰਸ ਦਾ ਮਿਲ ਕੇ ਮੁਕਾਬਲਾ ਕਰ ਰਹੇ ਹਨ ਅਤੇ ਦੋਵੇਂ ਦੇਸ਼ ਮਿਲ ਕੇ ਕੋਵਿਡ-19 ਦਾ ਟੀਕਾ ਵੀ ਵਿਕਸਤ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸਿਹਤ, ਜੀਵਨ ਵਿਗਿਆਨ ਅਤੇ ਤਕਨਾਲੋਜੀ ਦੇ ਖੇਤਰਾਂ ਵਿਚ ਦੋਹਾਂ ਦੇਸ਼ਾਂ ਵਿਚਾਲੇ ਸਾਂਝੇਦਾਰੀ ਦੇ ਲਾਭ ਪੂਰੀ ਦੁਨੀਆਂ ਤਕ ਪਹੁੰਚਣਗੇ।
ਅਮਰੀਕਾ ਦੇ ਮੱਧ-ਪਛਮੀ ਹਿੱਸਿਆਂ ਤੋਂ ਆਏ ਭਾਰਤੀ-ਅਮਰੀਕੀ ਭਾਈਚਾਰੇ ਦੇ ਨਾਮਵਰ ਮੈਂਬਰਾਂ ਨਾਲ ਇਕ ਆਨਨਲਾਈਨ ਗੱਲਬਾਤ ਵਿਚ ਸੰਧੂ ਨੇ ਕਿਹਾ, “ਗਲੋਬਲ ਮਹਾਂਮਾਰੀ ਦੌਰਾਨ ਭਾਰਤ ਅਤੇ ਅਮਰੀਕਾ ਮਿਲ ਕੇ ਕੰਮ ਕਰ ਰਹੇ ਹਨ। ਭਾਰਤ ਅਤੇ ਅਮਰੀਕਾ ਦੀਆਂ ਵਿਗਿਆਨਕ ਸੰਸਥਾਵਾਂ ਇਕ ਦੂਜੇ ਨਾਲ ਨਿਰੰਤਰ ਸੰਪਰਕ ਵਿਚ ਹਨ।’’
ਉਨ੍ਹਾਂ ਕਿਹਾ, “‘‘ਸਾਡੀਆਂ ਦਵਾਈਆਂ ਬਣਾਉਣ ਵਾਲੀਆਂ ਕੰਪਨੀਆਂ ਮਿਲ ਕੇ ਟੀਕੇ ਦੇ ਵਿਕਾਸ ਲਈ ਕੰਮ ਕਰ ਰਹੀਆਂ ਹਨ। ਘੱਟੋ ਘੱਟ ਤਿੰਨ ਅਜਿਹੀਆਂ ਭਾਈਵਾਲੀਆਂ ਚੱਲ ਰਹੀਆਂ ਹਨ। ਗਿਲਿਅਡ ਨੇ ਭਾਰਤ ਵਿਚ ਸੱਤ ਫ਼ਾਰਮਾ ਕੰਪਨੀਆਂ ਨਾਲ ਕੋਵਿਡ -19 ਦੇ ਇਲਾਜ ਵਿਚ ਵਰਤੀ ਜਾਂਦੀ ਦਵਾਈ ਰੈਮੇਡਿਸਵਾਈਰ ਦੇ ਉਤਪਾਦਨ ਅਤੇ ਵੰਡ ਲਈ ਭਾਈਵਾਲੀ ਕੀਤੀ ਹੈ। ”ਸੰਧੂ ਨੇ ਕਿਹਾ ਕਿ ਸੰਕਟ ਦੇ ਸਮੇਂ ਭਾਰਤ ਇਕ ਭਰੋਸੇਮੰਦ ਭਾਈਵਾਲ ਰਿਹਾ ਸੀ ਅਤੇ ਉਸਨੇ ਅਮਰੀਕਾ ਸਮੇਤ 150 ਤੋਂ ਵੱਧ ਦੇਸ਼ਾਂ ਵਿਚ ਦਵਾਈਆਂ ਅਤੇ ਉਪਕਰਣ ਪਹੁੰਚਾਏ ਹਨ।
ਉਨ੍ਹਾਂ ਕਿਹਾ ਕਿ ਮਹਾਂਮਾਰੀ ਕਾਰਨ ਜੀਵਨ ਸ਼ੈਲੀ ਬਦਲ ਗਈ ਹੈ ਅਤੇ ਸਮੇਂ ਸਿਰ ਤਾਲਾਬੰਦੀ ਕਰ ਕੇ ਹੀ ਭਾਰਤ ਵਾਇਰਸ ਦੇ ਪ੍ਰਕੋਪ ਨੂੰ ਰੋਕ ਸਕਿਆ ਹੈ। ਹੁਣ ਪਾਬੰਦੀਆਂ ਦੇਸ਼ ਵਿਚ ਵੱਡੇ ਪੱਧਰ ’ਤੇ ਹਟਾ ਲਈਆਂ ਗਈਆਂ ਹਨ। ਰਾਜਦੂਤ ਨੇ ਕਿਹਾ ਕਿ ਦੇਸ਼ ਵਿਚ ਲਾਗ ਤੋਂ ਠੀਕ ਹੋਣ ਵਾਲੇ ਲੋਕਾਂ ਦੀ ਦਰ 65 ਫ਼ੀ ਸਦੀ ਤੋਂ ਵੱਧ ਹੈ ਅਤੇ ਮੌਤ ਦਰ ਘੱਟ ਹੈ। (ਪੀਟੀਆਈ)