ਯੂ.ਐਨ ਨੇ ਟੀ.ਟੀ.ਪੀ. ਦੇ ਮੁਖੀ ਨੂਰ ਵਲੀ ਮਹਿਸੂਦ ਨੂੰ ਗਲੋਬਲ ਅਤਿਵਾਦੀ ਐਲਾਨਿਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਸੰਯੁਕਤ ਰਾਸ਼ਟਰ ਨੇ ਅਤਿਵਾਦੀ ਸਮੂਹ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ (ਟੀ.ਟੀ.ਪੀ.) ਦੇ ਮੁਖੀ ਨੂਰ ਵਲੀ ਮਹਿਸੂਦ ਨੂੰ

UN calls on TTP Chief Noor Wali Mehsud declared a global terrorist

ਸੰਯੁਕਤ ਰਾਸ਼ਟਰ, 17 ਜੁਲਾਈ : ਸੰਯੁਕਤ ਰਾਸ਼ਟਰ ਨੇ ਅਤਿਵਾਦੀ ਸਮੂਹ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ (ਟੀ.ਟੀ.ਪੀ.) ਦੇ ਮੁਖੀ ਨੂਰ ਵਲੀ ਮਹਿਸੂਦ ਨੂੰ ਗਲੋਬਲ ਅਤਿਵਾਦੀ ਐਲਾਨ ਕੀਤਾ ਹੈ। ਸੰਯੁਕਤ ਰਾਸ਼ਟਰ ਸੁਰੱਖਿਆ ਪਰੀਸ਼ਦ ਦੀ 1267 ਆਈ.ਐੱਸ.ਆਈ.ਐੱਲ. ਅਤੇ ਅਲਕਾਇਦਾ ਪ੍ਰਤੀਬੰਧ ਕਮੇਟੀ ਨੇ 42 ਸਾਲਾ ਮਹਿਸੂਦ ਨੂੰ ਵੀਰਵਾਰ ਨੂੰ ਪਾਬੰਦੀ ਸੂਚੀ ਵਿਚ ਪਾਇਆ। ਹੁਣ ਇਸ ਪਾਕਿ ਨਾਗਰਿਕ ਦੀਆਂ ਜਾਇਦਾਦਾਂ ਕੁਰਕ ਕੀਤੀਆਂ ਜਾ ਸਕਣਗੀਆਂ, ਉਸ ’ਤੇ ਯਾਤਰਾ ਪਾਬੰਦੀ ਲਗਾਈ ਜਾ ਸਕਦੀ ਹੈ ਅਤੇ ਹਥਿਆਰ ਰੱਖਣ ’ਤੇ ਰੋਕ ਲਗਾਈ ਜਾ ਸਕੇਗੀ।

ਪ੍ਰਤੀਬੰਧ ਕਮੇਟੀ ਨੇ ਕਿਹਾ,‘‘ਮਹਿਸੂਦ ਨੂੰ ਅਲਕਾਇਦਾ ਨਾਲ ਸਬੰਧਤ ਸਮੂਹਾਂ ਦਾ ਸਮਰਥਨ ਕਰਨ, ਉਹਨਾਂ ਦੀਆਂ ਗਤੀਵਿਧੀਆਂ ਲਈ ਫੰਡਿੰਗ ਕਰਨ, ਯੋਜਨਾ ਬਣਾਉਣ ਅਤੇ ਉਹਨਾਂ ਨੂੰ ਅੰਜਾਮ ਦੇਣ ਦੇ ਕਾਰਨ ਇਸ ਸੂਚੀ ਵਿਚ ਪਾਇਆ ਗਿਆ ਹੈ।’ ਮਹਿਸੂਦ ਜੂਨ 2018 ਵਿਚ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ ਦੇ ਮੁਖੀ ਮੌਲਾਨਾ ਫਜਲੁੱਲਾਹ ਦੀ ਮੌਤ ਦੇ ਬਾਅਤ ਇਸ ਅਤਿਵਾਦੀ ਸੰਗਠਨ ਦਾ ਮੁਖੀ ਬਣਿਆ ਸੀ। ਇਸ ਸੰਗਠਨ ਨੂੰ ਅਲਕਾਇਦਾ ਨਾਲ ਸੰਬੰਧ ਰੱਖਣ ਦੇ ਲਈ ਸੰਯੁਕਤ ਰਾਸ਼ਟਰ ਨੇ 29 ਜੁਲਾਈ, 2011 ਨੂੰ ਕਾਲੀ ਸੂਚੀ ਵਿਚ ਪਾਇਆ ਸੀ।

ਪਾਬੰਦੀ ਕਮੇਟੀ ਨੇ ਕਿਹਾ,‘‘ਨੂਰ ਵਲੀ ਦੀ ਅਗਵਾਈ ਵਿਚ ਟੀ.ਟੀ.ਪੀ. ਨੇ ਜੁਲਾਈ 2019 ਵਿਚ ਉੱਤਰ ਵਜੀਰਿਸਤਾਨ ਵਿਚ ਪਾਕਿਸਤਾਨ ਸੁਰੱਖਿਆ ਬਲਾਂ ’ਤੇ ਹਮਲੇ ਸਮੇਤ ਪੂਰੇ ਪਾਕਿਸਤਾਨ ਵਿਚ ਕਈ ਭਿਆਨਕ ਅਤਿਵਾਦੀ ਹਮਲਿਆਂ ਨੂੰ ਅੰਜਾਮ ਦਿਤਾ। ਅਗਸਤ 2019 ਵਿਚ ਖੈਬਰ ਪਖਤੂਨਖਵਾ ਵਿਚ ਪਾਕਿਸਤਾਨੀ ਫ਼ੌਜੀਆਂ ’ਤੇ ਹੋਏ ਬੰਬ ਹਮਲੇ ਵਿਚ ਵੀ ਉਸੇ ਦਾ ਹੱਥ ਸੀ।’’

ਕਮੇਟੀ ਨੇ ਕਿਹਾ ਕਿ ਸਮੂਹ ਨੇ 1 ਮਈ, 2010 ਨੂੰ ਟਾਈਮਸ ਸਕਵਾਇਰ ’ਤੇ ਹੋਏ ਬੰਬ ਹਮਲੇ ਦੀ ਜ਼ਿੰਮੇਵਾਰੀ ਲਈ ਸੀ। ਉਸ ਨੇ ਅਪ੍ਰੈਲ 2010 ਵਿਚ ਪੇਸ਼ਾਵਰ ਵਿਚ ਅਮਰੀਕੀ ਵਣਜ ਦੂਤਾਵਾਸ ’ਤੇ ਹਮਲਾ ਕੀਤਾ ਸੀ, ਜਿਸ ਵਿਚ ਘੱਟੋ-ਘੱਟ 6 ਪਾਕਿਸਤਾਨੀ ਨਾਗਰਿਕ ਮਾਰੇ ਗਏ ਸਨ ਅਤੇ 20 ਹੋਰ ਜ਼ਖ਼ਮੀ ਹੋਏ ਸਨ। ਅਮਰੀਕੀ ਵਿਦੇਸ਼ ਵਿਭਾਗ ਦੇ ਦਖਣ ਅਤੇ ਮੱਧ ਏਸ਼ੀਆ ਮਾਮਲਿਆਂ ਦੇ ਬਿਊਰੋ ਨੇ ਇਕ ਟਵੀਟ ਵਿਚ ਕਿਹਾ ਕਿ ਸੰਯੁਕਤ ਰਾਸ਼ਟਰ ਵਲੋਂ ਮਹਿਸੂਦ ਨੂੰ ਆਈ.ਐੱਸ.ਆਈ.ਐੱਸ. ਅਤੇ ਅਲਕਾਇਦਾ ਪ੍ਰਤੀਬੰਧ ਸੂਚੀ ਵਿਚ ਸ਼ਾਮਲ ਕਰਨ ਦਾ ਉਹ ਸਵਾਗਤ ਕਰਦਾ ਹੈ। ਸੁਰੱਖਿਆ ਪਰੀਸ਼ਦ ਵਲੋਂ ਜਦੋਂ ਕਿਸੇ ਵਿਅਕਤੀ ਜਾਂ ਸੰਗਠਨ ਨੂੰ ਕਾਲੀ ਸੂਚੀ ਵਿਚ ਪਾਇਆ ਜਾਂਦਾ ਹੈ ਤਾਂ ਦੇਸ਼ਾਂ ਨੂੰ ਬਿਨਾਂ ਕਿਸੇ ਦੇਰੀ ਦੇ ਉਸ ਦੇ ਆਰਥਿਕ ਸਰੋਤਾਂ ਅਤੇ ਹੋਰ ਵਿੱਤੀ ਜਾਇਦਾਦਾਂ ’ਤੇ ਰੋਕ ਲਗਾਉਣੀ ਹੁੰਦੀ ਹੈ।    
    (ਪੀਟੀਆਈ)