Israel Hamas War: ਗਾਜ਼ਾ ’ਤੇ ਇਜ਼ਰਾਇਲੀ ਹਮਲੇ ’ਚ 19 ਲੋਕਾਂ ਦੀ ਮੌਤ, ਬਲਿੰਕਨ ਜੰਗਬੰਦੀ ਲਈ ਮੱਧ ਪੂਰਬ ਰਵਾਨਾ
ਅਮਰੀਕਾ ਦੇ ਵਿਦੇਸ਼ ਮੰਤਰੀ ਕਈ ਮਹੀਨਿਆਂ ਦੀ ਗੁੰਝਲਦਾਰ ਗੱਲਬਾਤ ਤੋਂ ਬਾਅਦ ਜੰਗਬੰਦੀ ਸਮਝੌਤੇ ’ਤੇ ਪਹੁੰਚਣ ਦੇ ਉਦੇਸ਼ ਨਾਲ ਐਤਵਾਰ ਨੂੰ ਮੱਧ ਪੂਰਬ ਲਈ ਰਵਾਨਾ ਹੋ ਗਏ
Israel Hamas War : ਇਜ਼ਰਾਈਲ ਨੇ ਗਾਜ਼ਾ ’ਚ ਬੀਤੀ ਰਾਤ ਕੀਤੇ ਹਮਲਿਆਂ ’ਚ ਇਕ ਔਰਤ ਅਤੇ ਉਸ ਦੇ 6 ਬੱਚਿਆਂ ਸਮੇਤ 19 ਲੋਕਾਂ ਦੀ ਮੌਤ ਹੋ ਗਈ। ਅਮਰੀਕਾ ਦੇ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਕਈ ਮਹੀਨਿਆਂ ਦੀ ਗੁੰਝਲਦਾਰ ਗੱਲਬਾਤ ਤੋਂ ਬਾਅਦ ਜੰਗਬੰਦੀ ਸਮਝੌਤੇ ’ਤੇ ਪਹੁੰਚਣ ਦੇ ਉਦੇਸ਼ ਨਾਲ ਐਤਵਾਰ ਨੂੰ ਮੱਧ ਪੂਰਬ ਲਈ ਰਵਾਨਾ ਹੋ ਗਏ।
ਦੋਹਾ ਵਿਚ ਦੋ ਦਿਨਾਂ ਦੀ ਗੱਲਬਾਤ ਤੋਂ ਬਾਅਦ ਅਮਰੀਕਾ ਅਤੇ ਉਸ ਦੇ ਸਹਿਯੋਗੀ ਮਿਸਰ ਅਤੇ ਕਤਰ ਸਮਝੌਤੇ ’ਤੇ ਪਹੁੰਚਣ ਦੇ ਨੇੜੇ ਜਾਪਦੇ ਹਨ। ਅਮਰੀਕਾ ਅਤੇ ਇਜ਼ਰਾਈਲ ਦੇ ਅਧਿਕਾਰੀਆਂ ਨੇ ਸਮਝੌਤੇ ਨੂੰ ਲੈ ਕੇ ਸਾਵਧਾਨੀ ਨਾਲ ਉਮੀਦ ਪ੍ਰਗਟਾਈ ਹੈ। ਪਰ ਹਮਾਸ ਨੇ ਲੜਾਈ ਜਾਰੀ ਰੱਖਣ ਦੇ ਸੰਕੇਤ ਵਿਖਾਏ ਹਨ।
ਅਲ-ਅਕਸਾ ਹਸਪਤਾਲ ਅਨੁਸਾਰ, ਇਜ਼ਰਾਈਲ ਨੇ ਐਤਵਾਰ ਤੜਕੇ ਦੇਰ ਅਲ-ਬਲਾਹ ’ਚ ਇਕ ਘਰ ’ਤੇ ਨਵੇਂ ਸਿਰੇ ਤੋਂ ਬੰਬਾਰੀ ਕੀਤੀ, ਜਿਸ ’ਚ ਇਕ ਔਰਤ ਅਤੇ ਉਸ ਦੇ ਛੇ ਬੱਚਿਆਂ ਦੀ ਮੌਤ ਹੋ ਗਈ। ਐਸੋਸੀਏਟਿਡ ਪ੍ਰੈਸ ਦੇ ਇਕ ਰੀਪੋਰਟਰ ਨੇ ਹਸਪਤਾਲ ’ਚ ਲਾਸ਼ਾਂ ਦੀ ਗਿਣਤੀ ਕੀਤੀ।
ਗਾਜ਼ਾ ਦੇ ਸਿਹਤ ਮੰਤਰਾਲੇ ਮੁਤਾਬਕ ਉੱਤਰੀ ਸ਼ਹਿਰ ਜਬਾਲਿਆ ’ਚ ਇਕ ਰਿਹਾਇਸ਼ੀ ਇਮਾਰਤ ਦੇ ਦੋ ਅਪਾਰਟਮੈਂਟਾਂ ’ਤੇ ਹੋਏ ਹਮਲੇ ’ਚ ਦੋ ਵਿਅਕਤੀਆਂ, ਇਕ ਔਰਤ ਅਤੇ ਉਸ ਦੀ ਧੀ ਦੀ ਮੌਤ ਹੋ ਗਈ। ਅਵਾਦਾ ਹਸਪਤਾਲ ਮੁਤਾਬਕ ਮੱਧ ਗਾਜ਼ਾ ’ਚ ਇਕ ਹੋਰ ਹਮਲੇ ’ਚ ਚਾਰ ਲੋਕਾਂ ਦੀ ਮੌਤ ਹੋ ਗਈ। ਨਾਸਿਰ ਹਸਪਤਾਲ ਮੁਤਾਬਕ ਸਨਿਚਰਵਾਰ ਦੇਰ ਰਾਤ ਦਖਣੀ ਸ਼ਹਿਰ ਖਾਨ ਯੂਨਿਸ ਨੇੜੇ ਹੋਏ ਹਮਲੇ ’ਚ ਦੋ ਔਰਤਾਂ ਸਮੇਤ ਇਕੋ ਪਰਵਾਰ ਦੇ ਚਾਰ ਮੈਂਬਰਾਂ ਦੀ ਮੌਤ ਹੋ ਗਈ।