USA ’ਚ ਅਚਾਨਕ ਯੂ-ਟਰਨ ਲੈਣ ਵਾਲੇ ਪੰਜਾਬੀ ਟਰੱਕ ਡਰਾਈਵਰ ’ਤੇ ਲਟਕੀ ਦੇਸ਼ ਨਿਕਾਲੇ ਦੀ ਤਲਵਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਫਲੋਰਿਡਾ ’ਚ ਵਾਪਰੇ ਹਾਦਸੇ ਦੌਰਾਨ ਮਿੰਨੀ ਵੈਨ ਦੇ ਚਾਲਕ ਸਮੇਤ ਤਿੰਨ ਵਿਅਕਤੀਆਂ ਦੀ ਗਈ ਸੀ ਜਾਨ

Punjabi truck driver faces deportation for making sudden U-turn in US

ਫਲੋਰਿਡਾ : ਫਲੋਰੀਡਾ ਹਾਈਵੇਅ ਸੇਫਟੀ ਐਂਡ ਮੋਟਰ ਵਹੀਕਲਜ਼ ਦੀ ਕਾਰਵਾਈ ਤੋਂ ਬਾਅਦ ਪੰਜਾਬੀ ਮੂਲ ਦੇ ਸੈਮੀ-ਟਰੱਕ ਡਰਾਈਵਰ ਨੂੰ ਹੱਤਿਆ ਦੇ ਆਰੋਪ ਵਿੱਚ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਫਲੋਰਿਡਾ ਹਾਈਵੇ ਪੈਟਰੋਲਿੰਗ ਪਾਰਟੀ ਨੇ ਪੰਜਾਬੀ ਟਰੱਕ ਡਰਾਈਵਰ ਹਰਜਿੰਦਰ ਸਿੰਘ ਨੂੰ ਗ੍ਰਿਫ਼ਤਾਰ ਕਰਨ ਮਗਰੋਂ ਉਸ ਸਬੰਧੀ ਕਈ ਅਹਿਮ ਖੁਲਾਸੇ ਕੀਤੇ। ਜਿਸ ਤੋਂ ਬਾਅਦ ਟਰੱਕ ਡਰਾਈਵਰ ਹਰਜਿੰਦਰ ਸਿੰਘ ’ਤੇ ਦੇਸ਼ ਨਿਕਾਲੇ ਦੀ ਤਲਵਾਰ ਲਟਕ ਗਈ ਹੈ। ਪੈਟਰੋਲਿੰਗ ਪਾਰਟੀ ਨੇ ਖੁਲਾਸਾ ਕੀਤਾ ਕਿ ਹਰਜਿੰਦਰ ਸਿੰਘ 2018 ’ਚ ਗੈਰਕਾਨੂੰਨੀ ਤਰੀਕੇ ਨਾਲ ਅਮਰੀਕਾ ਆਇਆ ਸੀ। ਉਨ੍ਹਾਂ ਦੱਸਿਆ ਕਿ ਟਰੱਕ ਡਰਾਈਵਰ ਹਰਜਿੰਦਰ ਸਿੰਘ ਡੌਂਕੀ ਲਗਾ ਕੇ ਯੂਐਸ-ਮੈਕਸੀਕੋ ਸਰਹੱਦ ਰਾਹੀਂ ਦੇਸ਼ ਵਿਚ ਦਾਖਲ ਹੋਇਆ ਸੀ ਅਤੇ ਉਹ ਅਮਰੀਕਾ ਵਿਚ ਗੈਰਕਾਨੂੰਨੀ ਤਰੀਕੇ ਨਾਲ ਰਹਿ ਰਿਹਾ ਸੀ।


 ਜ਼ਿਕਰਯੋਗ ਹੈ ਕਿ ਪੰਜਾਬੀ ਟਰੱਕ ਡਰਾਈਵਰ ਹਰਜਿੰਦਰ ਸਿੰਘ ਨੇ ਬੀਤੀ 12 ਅਗਸਤ ਨੂੰ ਸੇਂਟ ਲੂਸੀ ਕਾਉਂਟੀ ਵਿੱਚ ਫਲੋਰੀਡਾ ਟਰਨ ਪਾਈਕ ’ਤੇ ਲਾਪਰਵਾਹੀ ਨਾਲ ਅਚਾਨਕ ਯੂ-ਟਰਨ ਲੈ ਲਿਆ ਸੀ, ਜਿਸ ਤੋਂ ਬਾਅਦ ਪਿੱਛੋਂ ਆ ਰਹੀ ਇਕ ਮਿੰਨੀ ਵੈਨ ਟਰੱਕ ਦੇ ਪਿਛਲੇ ਪਾਸੇ ਨਾਲ ਟਕਰਾ ਗਈ ਸੀ ਅਤੇ ਇਸ ਦੌਰਾਨ ਵੈਨ ਚਾਲਕ ਸਮੇਤ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ ਸੀ। ਜਿਨ੍ਹਾਂ ’ਚ 37 ਸਾਲਾ ਮਹਿਲਾ, 54 ਸਾਲਾ ਵਿਅਕਤੀ ਅਤੇ 30 ਸਾਲਾ ਡਰਾਈਵਰ ਸ਼ਾਮਲ ਸੀ। ਇਸ ਹਾਦਸੇ ਤੋਂ ਬਾਅਦ ਉਤਰ ਵੱਲ ਜਾਣ ਵਾਲੀਆਂ ਸਾਰੀਆਂ ਲੇਨਾਂ ਨੂੰ ਕਈ ਘੰਟਿਆਂ ਤੱਕ ਬੰਦ ਕਰਨਾ ਪਿਆ ਸੀ।