ਕਸ਼ਮੀਰ ਮੁੱਦੇ ‘ਤੇ ਪਾਕਿਸਤਾਨ ਰਿਹਾ ਇਕੱਲਾ, ਹੋਰ ਦੇਸ਼ਾਂ ਵਾਂਗ ਚੀਨ ਵੀ ਹਟਿਆ ਪਿੱਛੇ

ਏਜੰਸੀ

ਖ਼ਬਰਾਂ, ਕੌਮਾਂਤਰੀ

ਜੰਮੂ-ਕਸ਼ਮੀਰ ਤੋਂ ਧਾਰਾ 370 ਮਨਸੂਖ਼ ਕੀਤੇ ਜਾਣ ਤੋਂ ਬਾਅਦ ਲਗਾਤਾਰ ਕਸ਼ਮੀਰ...

Modi with jinping

ਬੀਜਿੰਗ: ਜੰਮੂ-ਕਸ਼ਮੀਰ ਤੋਂ ਧਾਰਾ 370 ਮਨਸੂਖ਼ ਕੀਤੇ ਜਾਣ ਤੋਂ ਬਾਅਦ ਲਗਾਤਾਰ ਕਸ਼ਮੀਰ ਦਾ ਰਾਗ ਅਲਾਪ ਰਹੇ ਪਾਕਿਸਤਾਨ ਨੂੰ ਇਕ ਹੋਰ ਝਟਕਾ ਲੱਗਾ ਹੈ। ਇਸ ਵਾਰ ਪਾਕਿਸਤਾਨ ਨੂੰ ਉਸ ਦੇ ਕਰੀਬੀ ਚੀਨ ਨੇ ਝਟਕਾ ਦਿੱਤਾ ਹੈ। ਚੀਨ ਨੇ ਮੰਗਲਵਾਰ ਨੂੰ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਰਾਸ਼ਟਰਪਤੀ ਸ਼ੀ ਜਿਨਪਿੰਗ ਵਿਚਾਲੇ ਦੂਸਰੇ ਰਸਮੀ ਸ਼ਿਖਰ ਸੰਮੇਲਨ ਦੌਰਾਨ ਕਸ਼ਮੀਰ ਮੁੱਦੇ 'ਤੇ ਚਰਚਾ ਨਹੀਂ ਹੋਵੇਗੀ।

ਭਾਰਤ ਸਰਕਾਰ ਨੇ 5 ਅਗਸਤ ਨੂੰ ਜੰਮੂ ਕਸ਼ਮੀਰ 'ਚੋਂ ਧਾਰਾ 370 ਖ਼ਤਮ ਕਰਨ ਤੇ ਇਸ ਨੂੰ ਦੋ ਕੇਂਦਰ ਸ਼ਾਸਿਤ ਸੂਬਿਆਂ 'ਚ ਵੰਡਣ ਦਾ ਫ਼ੈਸਲਾ ਲਿਆ ਸੀ। ਇਸ ਤੋਂ ਬਾਅਦ ਦੋਵਾਂ ਮੁਲਕਾਂ 'ਚ ਤਣਾਅ ਵੱਧ ਗਿਆ ਸੀ। ਇਸ ਫ਼ੈਸਲੇ ਤੋਂ ਬੁਖ਼ਲਾਏ ਪਾਕਿਸਤਾਨ ਨੇ ਭਾਰਤ ਨਾਲ ਸਿਆਸੀ ਸਬੰਧ ਖ਼ਤਮ ਕਰ ਦਿੱਤੇ ਸਨ ਤੇ ਭਾਰਤੀ ਹਾਈ ਕਮਿਸ਼ਨ ਨੂੰ ਵਾਪਸ ਭਾਰਤ ਭੇਜ ਦਿੱਤਾ ਸੀ। ਇਕ ਸੀਨੀਅਰ ਚੀਨੀ ਅਧਿਕਾਰੀ ਨੇ ਕਿਹਾ ਕਿ ਇਹ ਮੋਦੀ ਤੇ ਸ਼ੀ ਫ਼ੈਸਲਾ ਕਰਨਗੇ ਕਿ ਉਨ੍ਹਾਂ ਨੂੰ ਕਿਸ ਮੁੱਦੇ 'ਤੇ ਚਰਚਾ ਕਰਨੀ ਹੈ।

ਚੀਨੀ ਵਿਦੇਸ਼ ਮੰਤਰਾਲੇ ਦੇ ਤਰਜਮਾਨ ਹੁਆ ਚੁਨਯਿੰਗ ਨੇ ਕਿਹਾ, 'ਮੈਨੂੰ ਨਹੀਂ ਲਗਦਾ ਦੋਵਾਂ ਆਗੂਆਂ ਦੀ ਮੁਲਾਕਾਤ ਦੌਰਾਨ ਕਸ਼ਮੀਰ ਮੁੱਦੇ 'ਤੇ ਚਰਚਾ ਹੋਵੇਗੀ। ਮੈਨੂੰ ਲਗਦਾ ਹੈ ਕਿ ਇਹ ਦੋਵਾਂ ਆਗੂਆਂ 'ਤੇ ਛੱਡ ਦੇਣਾ ਚਾਹੀਦਾ ਹੈ ਕਿ ਉਹ ਕਿਸ ਮੁੱਦੇ 'ਤੇ ਚਰਚਾ ਕਰਨੀ ਚਾਹੁੰਦੇ ਹਨ। ਇਸ ਤਰ੍ਹਾਂ ਦੇ ਰਸਮੀ ਸ਼ਿਖਰ ਸੰਮੇਲਨ ਲਈ ਦੋਵਾਂ ਆਗੂਆਂ ਨੂੰ ਚਰਚਾ ਲਈ ਜ਼ਿਆਦਾ ਸਮਾਂ ਦੇਣਾ ਚਾਹੀਦਾ ਹੈ।

ਚੀਨ ਦਾ ਇਹ ਜਵਾਬ ਪਾਕਿਸਤਾਨ ਲਈ ਬਹੁਤ ਵੱਡਾ ਝਟਕਾ ਹੈ। ਦਰਅਸਲ ਪੂਰੀ ਦੁਨੀਆ 'ਚ ਖੇਰੂੰ-ਖੇਰੂੰ ਹੋਇਆ ਪਾਕਿਸਤਾਨ, ਚੀਨ ਦੇ ਸਹਿਯੋਗ ਨਾਲ ਹੀ ਭਾਰਤ ਖ਼ਿਲਾਫ਼ ਕਸ਼ਮੀਰ ਮੁੱਦੇ ਨੂੰ ਕੌਮਾਂਤਰੀ ਮੁੱਦਾ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਸੀ। ਹੁਣ ਤੱਕ ਪਾਕਿਸਤਾਨ ਕਸ਼ਮੀਰ ਨੂੰ ਲੈ ਅਸਫ਼ਲ ਰਿਹਾ ਹੈ।