ਬ੍ਰਿਸਬੇਨ ਦੇ ਮੰਦਰ ਦੀਆਂ ਕੰਧਾਂ ’ਤੇ ਨਾਅਰੇ ਲਿਖਣ ਦਾ ਕੰਮ ‘ਕਿਸੇ ਹਿੰਦੂ ਨੇ ਹੀ ਕੀਤਾ’ : ਆਸਟ੍ਰੇਲੀਆ ਪੁਲਿਸ

ਏਜੰਸੀ

ਖ਼ਬਰਾਂ, ਕੌਮਾਂਤਰੀ

ਕਿਹਾ, ਸਿੱਖਜ਼ ਫ਼ਾਰ ਜਸਟਿਸ ਪਿੱਛੇ ਪੁਲਿਸ ਨੂੰ ਲਗਾਉਣ ਲਈ ਕਿਸੇ ਹਿੰਦੂ ਨੇ ਹੀ ਮੰਦਰ ਦੀਆਂ ਕੰਧਾਂ ’ਤੇ ਨਾਹਰੇ ਲਿਖੇ

'A Hindu did the work' of writing slogans on the walls of a Brisbane temple: Australian police

ਬ੍ਰਿਸਬੇਨ: ਆਸਟ੍ਰੇਲੀਆ ਦੇ ਕੁਈਨਜ਼ਲੈਂਡ ਸੂਬੇ ਦੀ ਪੁਲਿਸ ਨੇ ਬ੍ਰਿਸਬੇਨ ਦੇ ਇਕ ਮੰਦਰ ਦੀ ਬਾਹਰੀ ਕੰਧ ’ਤੇ ਨਾਅਰੇ ਲਿਖਣ ਨਾਲ ਸਬੰਧਤ ਅਪਣੀ ਜਾਂਚ ਦੇ ਦਸਤਾਵੇਜ਼ ਜਾਰੀ ਕੀਤੇ ਹਨ, ਜੋ ਇਹ ਦੱਸਦੇ ਹਨ ਕਿ ਸ਼ਿਕਾਇਤਕਰਤਾਵਾਂ ਤੋਂ ਕੋਈ ਹੋਰ ਸੁਰਾਗ ਨਾ ਮਿਲਣ ਤੋਂ ਬਾਅਦ ਉਹ ਇਸ ਮਾਮਲੇ ਨੂੰ ਬੰਦ ਕਰਨ ਲਈ ਤਿਆਰ ਹਨ। ਪੁਲਿਸ ਨੇ ਕਿਹਾ ਹੈ ਕਿ ਇਸ ਘਟਨਾ ਪਿੱਛੇ ਕਿਸੇ ‘ਹਿੰਦੂ ਦਾ ਹੱਥ’ ਹੀ ਜਾਪਦਾ ਹੈ। 3 ਮਾਰਚ ਦੀ ਰਾਤ ਨੂੰ ਮੰਦਰ ਬਾਹਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਰੁਧ ਨਾਅਰੇ ਲਿਖੇ ਗਏ ਸਨ, ਪਰ ਅਜਿਹਾ ਕਰਨ ਦਾ ਦੋਸ਼ ਖਾਲਿਸਤਾਨ ਪੱਖੀ ਤੱਤਾਂ ’ਤੇ ਲਗਾਇਆ ਗਿਆ ਸੀ।

ਇਹ ਮੰਨਦੇ ਹੋਏ ਕਿ ਉਨ੍ਹਾਂ ਨੂੰ ਇਸ ਕੇਸ ’ਚ ਕੋਈ ਸ਼ੱਕੀ ਹੱਥ ਨਹੀਂ ਲੱਗਿਆ, ਜਾਂਚਕਰਤਾਵਾਂ ਨੇ ਇਹ ਥੀਊਰੀ ਪੇਸ਼ ਕੀਤੀ ਕਿ ਕੁਝ ਹਿੰਦੂਆਂ ਨੇ ਮੁੱਖ ਸੀ.ਸੀ.ਟੀ.ਵੀ. ਕੈਮਰੇ ਜਾਣਬੁੱਝ ਕੇ ਬੰਦ ਕਰਨ ਤੋਂ ਬਾਅਦ ਖ਼ੁਦ ਹੀ ਅਪਣੇ ਮੰਦਰ ਦੀਆਂ ਕੰਧਾਂ ਨੂੰ ਗੰਧਲਾ ਕੀਤਾ। ਪੁਲਿਸ ਅਨੁਸਾਰ ਵਿਕਟੋਰੀਆ ’ਚ ਵੀ ਅਜਿਹੀ ਸ਼ਰਾਰਤ ਕਰਨ ਵਾਲਾ ਆਦਤਨ ਅਪਰਾਧੀ ਫਿਰ ਬ੍ਰਿਸਬੇਨ ਦੀ 4 ਮਾਰਚ ਵਾਲੀ ਸਿੱਖ ਰੈਲੀ ’ਚ ਘੁਸ ਗਿਆ ਸੀ। ਜਨਵਰੀ ਤੋਂ ਲੈ ਕੇ ਹੁਣ ਤਕ ਤਿੰਨ ਹੋਰ ਆਸਟ੍ਰੇਲੀਆਈ ਮੰਦਰਾਂ ’ਚ ਅਜਿਹੀਆਂ ਵਾਰਦਾਤਾਂ ਹੋਈਆਂ।

ਆਸਟ੍ਰੇਲੀਅਨ ਪੁਲਿਸ ਨੇ ਸਿੱਖ ਕਾਰਕੁਨ ਅਤੇ ਲੇਖਕ ਭਭੀਸ਼ਨ ਸਿੰਘ ਗੁਰਾਇਆ ਨੂੰ ਪੰਜ ਪੂਰੇ ਅਤੇ ਸੱਤ ਅੰਸ਼ਕ ਜਾਂਚ ਦਸਤਾਵੇਜ਼ ਜਾਰੀ ਕੀਤੇ, ਜਿਨ੍ਹਾਂ ਨੇ ਦੋਸ਼ ਲਾਇਆ ਸੀ ਕਿ ਸਿੱਖਾਂ ’ਤੇ ਬਿਨਾਂ ਜਾਂਚ ਤੋਂ ਭੰਨ-ਤੋੜ ਕਰਨ ਦਾ ਦੋਸ਼ ਲਗਾਇਆ ਗਿਆ ਸੀ।