ਗ਼ੈਰਕਾਨੂੰਨੀ ਪ੍ਰਵਾਸੀ ਹੋਣਗੇ ਗ੍ਰਿਫ਼ਤਾਰ : ਟਰੰਪ
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਪ੍ਰਵਾਸੀਆਂ ਦੇ ਮੁੱਦੇ 'ਤੇ ਸਖਤ ਰਵੱਈਆ ਅਪਨਾਉਂਦੇ ਹੋਏ ਕਿਹਾ ਕਿ ਅਮਰੀਕਾ ਵਿਚ ਗੈਰ ਕਾਨੂੰਨੀ ਰੂਪ ਵਿਚ ਦਾਖ਼ਲ ਹੋਣ ਵਾਲਿਆਂ .......
ਵਾਸ਼ਿੰਗਟਨ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਪ੍ਰਵਾਸੀਆਂ ਦੇ ਮੁੱਦੇ 'ਤੇ ਸਖਤ ਰਵੱਈਆ ਅਪਨਾਉਂਦੇ ਹੋਏ ਕਿਹਾ ਕਿ ਅਮਰੀਕਾ ਵਿਚ ਗੈਰ ਕਾਨੂੰਨੀ ਰੂਪ ਵਿਚ ਦਾਖ਼ਲ ਹੋਣ ਵਾਲਿਆਂ ਨੂੰ ਗ੍ਰਿਫਤਾਰ ਕਰ ਕੇ ਹਿਰਾਸਤ ਵਿਚ ਲਿਆ ਜਾਵੇਗਾ। ਇਸ ਮਗਰੋਂ ਉਨ੍ਹਾਂ ਨੂੰ ਉਨ੍ਹਾਂ ਦੇ ਦੇਸ਼ ਵਾਪਸ ਭੇਜ ਦਿਤਾ ਜਾਵੇਗਾ। ਟਰੰਪ ਵਲੋਂ ਇਹ ਧਮਕੀ ਮੱਧ ਅਮਰੀਕੀ ਦੇਸ਼ਾਂ-ਹੋਂਡੁਰਾਸ, ਗਵਾਟੇਮਾਲਾ ਅਤੇ ਅਲ ਸਲਵਾਡੋਰ ਨੂੰ ਦਿਤੀ ਗਈ ਹੈ। ਟਰੰਪ ਨੇ ਚਿਤਾਵਨੀ ਦਿਤੀ ਹੈ ਕਿ ਜੇ ਇਨ੍ਹਾਂ ਦੇਸ਼ਾਂ ਨੇ ਅਪਣੇ ਇਥੋਂ ਅਮਰੀਕਾ ਆ ਰਹੇ ਪ੍ਰਵਾਸੀ ਸਮੂਹ ਨੂੰ ਨਹੀਂ ਰੋਕਿਆ ਤਾਂ ਅਮਰੀਕਾ ਤੋਂ ਮਿਲਣ ਵਾਲੀ ਵਿਦੇਸ਼ੀ ਮਦਦ ਬੰਦ ਕਰ ਦਿਤੀ ਜਾਵੇਗੀ।
ਰਾਸ਼ਟਰਪਤੀ ਵਲੋਂ ਇਹ ਚਿਤਾਵਨੀ ਅਜਿਹੇ ਸਮੇਂ ਵਿਚ ਦਿਤੀ ਗਈ ਜਦੋਂ ਖਬਰਾਂ ਆ ਰਹੀਆਂ ਹਨ ਕਿ ਹੋਂਡੁਰਾਸ ਤੋਂ ਕਰੀਬ 1600 ਲੋਕਾਂ ਦੇ ਇਕ ਸਮੂਹ ਨੇ ਅਮਰੀਕਾ ਵਲ ਰੁੱਖ਼ ਕੀਤਾ ਹੈ। ਕਰੀਬ 1600 ਲੋਕਾਂ ਦੇ ਇਸ ਸਮੂਹ ਦਾ ਗਠਨ ਸਨਿਚਰਵਾਰ ਨੂੰ ਹੋਂਡੁਰਾਸ ਦੇ ਸੇਨ ਪੈਡਰੋ ਸੂਲਾ ਸ਼ਹਿਰ ਵਿਚ ਹੋਇਆ ਸੀ। ਸੋਮਵਾਰ ਨੂੰ ਇਹ ਸਮੂਹ ਗਵਾਟੇਮਾਲਾ ਨੂੰ ਪਾਰ ਕਰ ਗਿਆ। ਗਵਾਟੇਮਾਲਾ ਨੇ ਮੰਗਲਵਾਰ ਨੂੰ ਇਸ ਦੇ ਕੁਝ ਕੁਆਰਡੀਨੇਟਰਾਂ ਨੂੰ ਹਿਰਾਸਤ ਵਿਚ ਲਿਆ ਸੀ। ਭਾਵੇਂਕਿ ਸਮੂਹ ਦੇ ਹੋਰ ਮੈਂਬਰ ਨਹੀਂ ਰੁਕੇ ਅਤੇ ਗਵਾਟੇਮਾਲਾ ਨੂੰ ਪਾਰ ਕਰ ਕੇ ਅਮਰੀਕਾ ਲਈ ਵੱਧ ਰਹੇ ਹਨ।
ਰਾਸ਼ਟਰਪਤੀ ਟਰੰਪ ਨੇ ਕਿਹਾ,''ਅਮਰੀਕੀ ਸਰਕਾਰ ਨੇ ਤਿੰਨ ਦੇਸ਼ਾਂ ਹੋਂਡੁਰਾਸ, ਗਵਾਟੇਮਾਲਾ ਅਤੇ ਅਲ ਸਲਵਾਡੋਰ ਨੂੰ ਦੱਸ ਦਿਤਾ ਹੈ ਕਿ ਜੇ ਉਨ੍ਹਾਂ ਨੇ ਅਪਣੇ ਨਾਗਰਿਕਾਂ ਨੂੰ ਅਮਰੀਕਾ ਵਿਚ ਦਾਖਲ ਹੋਣ ਦੀ ਇਜਾਜ਼ਤ ਦਿਤੀ ਤਾਂ ਸਾਰੀ ਮਦਦ ਰੋਕ ਦਿਤੀ ਜਾਵੇਗੀ।'' ਟਰੰਪ ਨੇ ਦੂਜੇ ਟਵੀਟ ਵਿਚ ਕਿਹਾ,''ਅਸੀਂ ਤਿੰਨੇ ਦੇਸ਼ਾਂ ਨੂੰ ਸੂਚਿਤ ਕਰ ਦਿਤਾ ਹੈ ਕਿ ਜੇ ਉਨ੍ਹਾਂ ਨੇ ਅਪਣੇ ਨਾਗਰਿਕਾਂ ਜਾਂ ਫਿਰ ਕਿਸੇ ਹੋਰ ਨੂੰ ਅਪਣੀਆਂ ਸੀਮਾਵਾਂ ਨੂੰ ਪਾਰ ਕਰ ਕੇ ਗੈਰ ਕਾਨੂੰਨੀ ਤਰੀਕੇ ਨਾਲ ਅਮਰੀਕਾ ਵਿਚ ਦਾਖਲ ਹੋਣ ਦੀ ਇਜਾਜ਼ਤ ਦਿਤੀ ਤਾਂ ਸਾਰੀ ਮਦਦ ਰੋਕ ਦਿਤੀ ਜਾਵੇਗੀ।'' ਅਮਰੀਕਾ ਨੇ ਸਾਲ 2017 ਵਿਚ ਗਵਾਟੇਮਾਲਾ ਨੂੰ 24.8 ਕਰੋੜ ਡਾਲਰ, ਹੋਂਡੁਰਾਸ ਨੂੰ 17.5 ਕਰੋੜ ਡਾਲਰ ਅਤੇ ਅਲ ਸਲਵਾਡੋਰ ਨੂੰ 11.5 ਕਰੋੜ ਡਾਲਰ ਦੀ ਮਦਦ ਦਿਤੀ ਸੀ। (ਪੀਟੀਆਈ)