ਅਫ਼ਰੀਕੀ ਦੇਸ਼ ਦੇ ਮੌਜਮਬਿਕ ਬੇਇਰਾ ਬੰਦਰਗਾਹ ਨੇੜੇ ਕਿਸ਼ਤੀ ਪਲਟਣ ਕਾਰਨ 3 ਭਾਰਤੀਆਂ ਦੀ ਹੋਈ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਕਰੂ ਮੈਂਬਰਾਂ ਨੂੰ ਕਿਨਾਰੇ ਤੋਂ ਜਹਾਜ਼ ਤੱਕ ਲੈ ਕੇ ਜਾਣ ਸਮੇਂ ਵਾਪਰਿਆ ਹਾਦਸਾ

3 Indians die after boat capsizes near Beira port in Mozambique

ਨਵੀਂ ਦਿੱਲੀ : ਦੱਖਣੀ ਪੂਰਬੀ ਅਫ਼ਰੀਕੀ ਦੇਸ਼ ਮੌਜਮਬਿਕ ਦੇ ਬੇਇਰਾ ਬੰਦਰਗਾਹ ਦੇ ਕੋਲ ਇਕ ਕਿਸ਼ਤੀ ਪਲਟਣ ਕਾਰਨ ਤਿੰਨ ਭਾਰਤੀਆਂ ਦੀ ਮੌਤ ਹੋ ਗਈ ਜਦਕਿ ਪੰਜ ਵਿਅਕਤੀ ਲਾਪਤਾ ਦੱਸੇ ਜਾ ਰਹੇ ਹਨ। ਭਾਰਤੀ ਹਾਈ ਕਮਿਸ਼ਨ ਅਨੁਸਾਰ ਇਹ ਹਾਦਸਾ ਇਕ ਟੈਂਕਰ ਚਾਲਕ ਦਲ ਦੇ ਮੈਂਬਰਾਂ ਨੂੰ ਕਿਨਾਰੇ ਤੋਂ ਜਹਾਜ਼ ਤੱਕ ਲੈ ਕੇ ਜਾਣ ਸਮੇਂ ਵਾਪਰਿਆ। ਇਸ ਕਿਸ਼ਤੀ ਵਿਚ 14 ਭਾਰਤੀ ਨਾਗਰਿਕ ਸਵਾਰ ਸਨ।

ਹਾਈ ਕਮਿਸ਼ਨ ਨੇ ਆਪਣੇ ਬਿਆਨ ’ਚ ਕਿਹਾ ਕਿ ਬੇਇਰਾ ਬੰਦਰਗਾਹ ਨੇੜੇ ਚਾਲਕ ਦਲ ਦੇ ਤਬਾਦਲੇ ਦੌਰਾਨ 14 ਭਾਰਤੀ ਨਾਗਰਿਕਾਂ ਨੂੰ ਲੈ ਕੇ ਜਾ ਰਹੀ ਇਕ ਕਿਸ਼ਤੀ ਪਲਟ ਗਈ। ਇਨ੍ਹਾਂ ਵਿਚੋਂ ਕੁੱਝ ਭਾਰਤੀਆਂ ਨੂੰ ਬਚਾਅ ਲਿਆ ਗਿਆ ਹੈ ਜਦਕਿ ਕੁੱਝ ਦੀ ਮੌਤ ਹੋ ਗਈ ਅਤੇ ਕਈ ਲਾਪਤਾ ਦੱਸੇ ਜਾ ਰਹੇ ਹਨ।

ਹਾਈ ਕਮਿਸ਼ਨ ਨੇ ਕਿਹਾ ਕਿ ਮਿਸ਼ਨ ਦਾ ਇਕ ਕੌਂਸਲਰ ਅਧਿਕਾਰੀ ਬੇਇਰਾ ਵਿਚ ਹੈ ਅਤੇ ਉਸ ਭਾਰਤੀ ਨਾਗਰਿਕ ਨਾਲ ਮੁਲਾਕਾਤ ਕੀਤੀ ਜਾ ਰਹੀ ਹੈ ਜੋ ਇਸ ਹਾਦਸੇ ਵਿਚ ਬਚ ਗਿਆ ਅਤੇ ਉਹ ਹਸਪਤਾਲ ਵਿਚ ਦਾਖਲ ਹੈ। ਜਦਕਿ ਲਾਪਤਾ ਪੰਜ ਭਾਰਤੀਆਂ ਨੂੰ ਲੱਭਣ ਦੇ ਲਈ ਬਚਾਅ ਕਾਰਜ ਜਾਰੀ ਹਨ। ਹਾਈ ਕਮਿਸ਼ਨ ਨੇ ਭਰੋਸਾ ਦਿੱਤਾ ਕਿ ਉਹ ਸਥਿਤੀ ’ਤੇ ਲਗਾਤਾਰ ਨਜ਼ਰ ਰੱਖ ਰਹੇ ਹਨ ਅਤੇ ਰਾਹਤ ਕਾਰਜਾਂ ਵਿਚ ਜੁਟੇ ਅਧਿਕਾਰੀਆਂ ਦੇ ਲਗਾਤਾਰ ਸੰਪਰਕ ਵਿਚ ਹਨ।