ਫਿਰ ਬੁਰੀ ਤਰ੍ਹਾਂ ਫਸੀ ਜੌਨਸਨ ਐਂਡ ਜੌਨਸਨ ਕੰਪਨੀ!

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

3000 ਲੋਕਾਂ ਨੇ ਬ੍ਰਿਟੇਨ ’ਚ ਦਰਜ ਕਰਾਇਆ ਮੁਕੱਦਮਾ, ਟੈਲਕਮ ਪਾਊਡਰ ਨਾਲ ਕੈਂਸਰ ਹੋਣ ਦੇ ਲਾਏ ਇਲਜ਼ਾਮ

3000 ਲੋਕਾਂ ਨੇ ਬ੍ਰਿਟੇਨ ’ਚ ਦਰਜ ਕਰਾਇਆ ਮੁਕੱਦਮਾ, ਟੈਲਕਮ ਪਾਊਡਰ ਨਾਲ ਕੈਂਸਰ ਹੋਣ ਦੇ ਲਾਏ ਇਲਜ਼ਾਮ

ਲੰਡਨ (ਸ਼ਾਹ)  : ਤੇਲ, ਪਾਊਡਰ, ਕ੍ਰੀਮ ਅਤੇ ਸਾਬਣ ਬਣਾਉਣ ਵਾਲੀ ਅਮਰੀਕੀ ਕੰਪਨੀ ਜੌਨਸਨ ਐਂਡ ਜੌਨਸਨ ’ਤੇ ਇੰਗਲੈਂਡ ਵਿਚ ਇਕ ਬਹੁਤ ਵੱਡਾ ਮੁਕੱਦਮਾ ਦਾਇਰ ਕੀਤਾ ਗਿਆ ਏ। ਇਹ ਮੁਕੱਦਮਾ ਤਿੰਨ ਹਜ਼ਾਰ ਲੋਕਾਂ ਵੱਲੋਂ ਕੇਪੀ ਲਾਅ ਫਰਮ ਵੱਲੋਂ ਦਾਇਰ ਕੀਤਾ ਗਿਆ ਏ। ਇਲਜ਼ਾਮ ਇਹ ਐ ਕਿ ਇਸ ਕੰਪਨੀ ਦੇ ਟੈਲਕਮ ਪਾਊਡਰ ਵਿਚ ਕੈਂਸਰ ਐ। ਸੋ ਆਓ ਤੁਹਾਨੂੰ ਦੱਸਦੇ ਆਂ, ਕੀ ਐ ਪੂਰੀ ਖ਼ਬਰ।

ਬ੍ਰਿਟੇਨ ਹਾਈਕੋਰਟ ਵਿਚ ਅਮਰੀਕੀ ਕੰਪਨੀ ਜੌਨਸਨ ਐਂਡ ਜੌਨਸਨ ਅਤੇ ਕੈਨਵੇ ਯੂਕੇ ਲਿਮਟਿਡ ਦੇ ਖ਼ਿਲਾਫ਼ ਵਿਰੁੱਧ ਮੁਕੱਦਮਾ ਦਾਇਰ ਕੀਤਾ ਗਿਆ ਏ। ਤਿੰਨ ਹਜ਼ਾਰ ਲੋਕਾਂ ਵੱਲੋਂ ਦਾਇਰ ਕੀਤੇ ਗਏ ਇਸ ਮਾਮਲੇ ਵਿਚ ਕੰਪਨੀ ’ਤੇ ਇਲਜ਼ਾਮ ਲਗਾਏ ਗਏ ਗਏ ਕਿ ਕੰਪਨੀ ਦੇ ਟੈਲਕਮ ਪਾਊਡਰ ਵਿਚ ਕੈਂਸਰ ਐ। ਕਿਹਾ ਜਾ ਰਿਹਾ ਏ ਕਿ ਕੰਪਨੀ ਨੇ ਜਾਣਬੁੱਝ ਕੇ ਅਜਿਹਾ ਬੇਬੀ ਪਾਊਡਰ ਵੇਚਿਆ, ਜਿਸ ਵਿਚ ੲੈਸਬੇਸਟੋਸ ਮੌਜੂਦ ਸੀ, ਜਿਸ ਨੂੰ ਕੈਂਸਰ ਪੈਦਾ ਕਰਨ ਵਾਲਾ ਮੰਨਿਆ ਜਾਂਦੈ। ਕੈਨਵੇ ਦਾ ਨਾਮ ਇਸ ਕਰਕੇ ਇਸ ਮਾਮਲੇ ਵਿਚ ਸ਼ਾਮਲ ਕੀਤਾ ਗਿਆ ਏ, ਕਿਉਂਕਿ ਉਹ ਜੌਨਸਨ ਐਂਡ ਜੌਨਸਨ ਦੀ ਪੁਰਾਣੀ ਕੰਜ਼ਿਊਮਰ ਹੈਲਥ ਯੂਨਿਟ ਸੀ, ਜਿਸ ਨੂੰ 2023 ਵਿਚ ਵੱਖ ਕਰ ਦਿੱਤਾ ਗਿਆ ਸੀ। ਵਕੀਲਾਂ ਨੇ ਕੰਪਨੀ ਦੇ ਹੀ ਪੁਰਾਣੇ ਦਸਤਾਵੇਜ਼ਾਂ ਅਤੇ ਸਾਇੰਟੀਫਿਕ ਰਿਪੋਰਟਾਂ ਨੂੰ ਸਬੂਤ ਵਜੋਂ ਵਰਤਿਆ।

ਮੁਕੱਦਮੇ ਵਿਚ ਕਿਹਾ ਗਿਆ ਏ ਕਿ ਜੌਨਸਨ ਐਂਡ ਜੌਨਸਨ ਨੂੰ 60 ਦੇ ਦਹਾਕੇ ਤੋਂ ਪਤਾ ਸੀ ਕਿ ਉਸ ਦੇ ਟੈਲਕਮ ਪਾਊਡਰ ਵਿਚ ਟੈ੍ਰਮੋਲਾਈਟ ਅਤੇ ਐਕਟੀਨੋਲਾਈਟ ਵਰਗੇ ਮਿਨਰਲਜ਼ ਮੌਜੂਦ ਨੇ, ਜੋ ਰੇਸ਼ੇਦਾਰ ਯਾਨੀ ਧਾਗੇਨੁਮਾ ਰੂਪ ਵਿਚ ਹੁੰਦੇ ਨੇ ਜੋ ਐਸਬੇਸਟੋਸ ਬਣ ਸਕਦੇ ਨੇ ਅਤੇ ਉਸ ਨਾਲ ਇਨਸਾਨ ਨੂੰ ਕੈਂਸਰ ਹੋ ਸਕਦਾ ਏ। ਮਾਮਲਾ ਦਰਜ ਕਰਵਾਉਣ ਵਾਲਿਆਂ ਦਾ ਕਹਿਣਾ ਏ ਕਿ ਇਹ ਪਤਾ ਹੋਣ ਦੇ ਬਾਵਜੂਦ ਕੰਪਨੀ ਨੇ ਤਾਂ ਕੋਈ ਚਿਤਾਵਨੀ ਦਿੱਤੀ, ਨਾ ਹੀ ਪਾਊਡਰ ਨੂੰ ਮਾਰਕਿਟ ਵਿਚ ਜਾਣ ਤੋਂ ਰੋਕਿਆ, ਬਲਕਿ ਉਹ ਇਸ ਨੂੰ ਸ਼ੁੱਧ ਅਤੇ ਸੁਰੱਖਿਅਤ ਦੱਸ ਕੇ ਵੇਚਦੀ ਰਹੀ। ਸ਼ਿਕਾਇਤਕਰਤਾਵਾਂ ਦਾ ਕਹਿਣਾ ਏ ਕਿ ਜੌਨਸਨ ਐਂਡ ਜੌਨਸਨ ਬੇਬੀ ਪਾਊਡਰ ਦੀ ਵਰਤੋਂ ਕਰਕੇ ਉਨ੍ਹਾਂ ਨੂੰ ਓਵਰੀ ਦਾ ਕੈਂਸਰ, ਮੈਸੋਥੈਲੀਯੋਮਾ ਨਾਂਅ ਦਾ ਕੈਂਸਰ ਅਤੇ ਕਈ ਹੋਰ ਬਿਮਾਰੀਆਂ ਹੋ ਗਈਆਂ ਨੇ,,, ਪਰ ਕੰਪਨੀ ਨੇ ਇਨ੍ਹਾਂ ਸਾਰੇ ਇਲਜ਼ਾਮਾਂ ਨੂੰ ਸਿਰੇ ਤੋਂ ਨਾਕਾਰ ਦਿੱਤਾ। ਕੰਪਨੀ ਦਾ ਕਹਿਣਾ ਏ ਕਿ ਉਸ ਦੇ ਪ੍ਰੋਡਕਟ ਹਮੇਸ਼ਾਂ ਨਿਯਮਾਂ ਦੇ ਹਿਸਾਬ ਨਾਲ ਹੀ ਬਣੇ ਹੁੰਦੇ ਨੇ, ਜੋ ਪੂਰੀ ਤਰ੍ਹਾਂ ਸੇਫ਼ ਨੇ, ਉਨ੍ਹਾਂ ਵਿਚ ਐਸਬੇਸਟੋਸ ਨਹੀਂ ਸੀ ਅਤੇ ਨਾ ਹੀ ਉਹ ਕੈਂਸਰ ਪੈਦਾ ਕਰਦੇ ਨੇ।

ਉਂਝ ਤਾਂ ਬ੍ਰਿਟੇਨ ਵਿਚ ਕੰਪਨੀ ’ਤੇ ਹਜ਼ਾਰਾਂ ਮੁਕੱਦਮੇ ਚੱਲ ਰਹੇ ਨੇ ਪਰ ਇੰਨਾ ਵੱਡਾ ਮੁਕੱਦਮਾ ਪਹਿਲੀ ਵਾਰ ਦਰਜ ਹੋਇਆ ਏ। ਜਾਣਕਾਰੀ ਅਨੁਸਾਰ ਕੰੰਪਨੀ ’ਤੇ ਜੋ ਮੁਕੱਦਮਾ ਕੀਤਾ ਗਿਆ ਏ, ਉਸ ਵਿਚ ਮੁਆਵਜ਼ੇ ਦੀ ਕੀਮਤ ਕਰੀਬ ਇਕ ਬਿਲੀਅਨ ਪੌਂਡ ਦੱਸੀ ਜਾ ਰਹੀ ਐ ਜੋ ਭਾਰਤੀ ਰੁਪਏ ਵਿਚ 10 ਹਜ਼ਾਰ ਕਰੋੜ ਰੁਪਏ ਤੋਂ ਵੀ ਜ਼ਿਆਦਾ ਬਣਦੀ ਐ। ਇਕ ਫ਼ੈਸਲਾ 6 ਅਕਤੂਬਰ 2025 ਨੂੰ ਆਇਆ ਸੀ, ਜਿਸ ਵਿਚ ਕੰਪਨੀ ਨੂੰ ਆਦੇਸ਼ ਕੀਤੇ ਗਏ ਸੀ ਕਿ ਉਹ ਮੀ ਮੂਰੇ ਨਾਂਅ ਦੀ ਔਰਤ ਦੇ ਪਰਿਵਾਰ ਨੂੰ 966 ਮਿਲੀਅਨ ਡਾਲਰ ਦਾ ਮੁਆਵਜ਼ਾ ਦੇਵੇ ਜੋ ਭਾਰਤੀ ਰੁਪਏ ਵਿਚ 8 ਹਜ਼ਾਰ ਕਰੋੜ ਦੇ ਕਰੀਬ ਬਣਦਾ ਏ। ਇਸ ਔਰਤ ਦੀ ਮੌਤ ਮੈਸੋਥੇਲੀਯੋਮਾ ਨਾਂਅ ਦੇ ਕੈਂਸਰ ਕਰਕੇ ਹੋ ਗਈ ਸੀ ਜੋ ਐਸਬੇਸਟੋਸ ਦੇ ਜ਼ਿਆਦਾ ਸੰਪਰਕ ਵਿਚ ਰਹਿਣ ਨਾਲ ਹੁੰਦਾ ਹੈ।

ਦੱਸ ਦਈਏ ਕਿ ਜੌਨਸਨ ਐਂਡ ਜੌਨਸਨ ਨੇ ਸਾਲ 2020 ਵਿਚ ਅਮਰੀਕਾ ਵਿਚ ਟੈਲਕ ਬੇਸਡ ਬੇਬੀ ਪਾਊਡਰ ਵੇਚਣਾ ਬੰਦ ਕਰ ਦਿੱਤਾ ਸੀ, ਇਸ ਦੀ ਥਾਂ ਉਨ੍ਹਾਂ ਨੇ ਕਾਰਨ ਸਟਾਰਚ ਵਾਲਾ ਪਾਊਡਰ ਲਾਂਚ ਕੀਤਾ ਸੀ। 2023 ਵਿਚ ਬ੍ਰਿਟੇਨ ਅੰਦਰ ਵੀ ਕੰਪਨੀ ਨੇ ਅਜਿਹਾ ਹੀ ਕੀਤਾ ਸੀ ਪਰ ਟੈਲਕਮ ਪਾਊਡਰ ਵਿਚ ਐਸਬੇਸਟੋਸ ਹੋਣ ਦਾ ਦਾਅਵਿਆਂ ਨੇ ਹਾਲੇ ਤੱਕ ਕੰਪਨੀ ਦਾ ਪਿੱਛਾ ਨਹੀਂ ਛੱਡਿਆ। ਫਿਲਹਾਲ ਦੇਖਣਾ ਹੋਵੇਗਾ ਬ੍ਰਿਟੇਨ ਦੀ ਅਦਾਲਤ ਇਸ ਮਾਮਲੇ ਵਿਚ ਕੀ ਫ਼ੈਸਲਾ ਸੁਣਾਉਂਦੀ ਐ।
ਬਿਊਰੋ ਰਿਪੋਰਟ, ਰੋਜ਼ਾਨਾ ਸਪੋਕਸਮੈਨ ਟੀਵੀ