ਇਕ ਸਾਲ ਪਹਿਲਾਂ 44 ਮੈਂਬਰਾਂ ਸਮੇਤ ਲਾਪਤਾ ਹੋਈ ਪਣਡੁੱਬੀ ਮਿਲੀ
ਇਕ ਸਾਲ ਪਹਿਲਾਂ ਅਰਜਨਟੀਨਾ ਦੀ ਇਕ ਪਣਡੁੱਬੀ ਕਰੀਬ 44 ਚਾਲਕ ਦਲ ਦੇ ਮੈਂਬਰਾਂ ਨਾਲ ਅਟਲਾਂਟਿਕ ਵਿਚ ਲਾਪਤਾ ਹੋ ਗਈ ਸੀ ਜਿਸ ਤੋਂ ਬਾਅਦ ਉਸ ਸਮੇਂ ...
ਅਰਜਨਟੀਨਾ (ਭਾਸ਼ਾ) : ਇਕ ਸਾਲ ਪਹਿਲਾਂ ਅਰਜਨਟੀਨਾ ਦੀ ਇਕ ਪਣਡੁੱਬੀ ਕਰੀਬ 44 ਚਾਲਕ ਦਲ ਦੇ ਮੈਂਬਰਾਂ ਨਾਲ ਅਟਲਾਂਟਿਕ ਵਿਚ ਲਾਪਤਾ ਹੋ ਗਈ ਸੀ ਜਿਸ ਤੋਂ ਬਾਅਦ ਉਸ ਸਮੇਂ 18 ਦੇਸ਼ਾਂ ਨੇ ਇਕੱਠੇ ਮਿਲ ਕੇ ਇਸ ਦੀ ਖੋਜ ਕੀਤੀ ਪਰ ਪਣਡੁੱਬੀ ਬਾਰੇ ਕੁਝ ਵੀ ਪਤਾ ਨਹੀਂ ਲੱਗਾ। ਇਸ ਦੇ ਬਾਵਜੂਦ ਅਰਜਨਟੀਨਾ ਦੀ ਨੇਵੀ ਨੇ ਤਲਾਸ਼ ਜਾਰੀ ਰੱਖੀ। ਸ਼ਨੀਵਾਰ (17 ਨਵੰਬਰ) ਨੂੰ ਇਹ ਪਣਡੁੱਬੀ ਡੂੰਘੇ ਪਾਣੀ ਵਿਚ ਮਿਲੀ।
ਪਣਡੁੱਬੀ ਮਿਲਣ ਦੇ ਠੀਕ ਦੋ ਦਿਨ ਪਹਿਲਾਂ ਲਾਪਤਾ ਹੋਏ ਲੋਕਾਂ ਦੇ ਪਰਿਵਾਰ ਵਾਲਿਆਂ ਨੇ ਉਨ੍ਹਾਂ ਦੀ ਯਾਦ ਵਿਚ ਇਕ ਸਭਾ ਦਾ ਆਯੋਜਨ ਕੀਤਾ ਸੀ। ਜਾਣਕਾਰੀ ਮੁਤਾਬਕ ਅਰਜਨਟੀਨਾ ਦੀ ਨੇਵੀ ਨੇ ਸ਼ਨੀਵਾਰ ਨੂੰ ਐਲਾਨ ਕੀਤਾ ਕਿ ਖੋਜੀ ਦਲ ਨੇ ਇਕ ਸਾਲ ਪਹਿਲਾਂ ਲਾਪਤਾ ਹੋਈ ਪਣਡੁੱਬੀ ਏਆਰਏ ਸੈਨ ਜੁਆਨ ਨੂੰ ਅਟਲਾਂਟਿਕ ਵਿਚ ਡੂੰਘੇ ਪਾਣੀ ਵਿਚ ਲੱਭ ਲਿਆ ਹੈ।
ਨੇਵੀ ਵੱਲੋਂ ਜਾਰੀ ਬਿਆਨ ਮੁਤਾਬਕ ਇਹ ਪਣਡੁੱਬੀ ਅਰਜਨਟੀਨਾ ਪਟਾਗੋਨੀਆ ਵਿਚ ਵੇਲਡੇਸ ਪ੍ਰਾਇਦੀਪ ਨੇੜੇ ਸਮੁੰਦਰ ਵਿਚ 800 ਮੀਟਰ (2,265 ਫੁੱਟ) ਹੇਠਾਂ ਮਿਲੀ ਹੈ। ਅਸਲ ਵਿਚ 15 ਨਵੰਬਰ 2017 ਨੂੰ ਇਸ ਪਣਡੁੱਬੀ ਦੇ ਲਾਪਤਾ ਹੋਣ ਦੀ ਸੂਚਨਾ ਮਿਲੀ ਸੀ। ਇਸ ਦੇ ਇਕ ਸਾਲ ਬਾਅਦ ਪਣਡੁੱਬੀ 'ਤੇ ਸਵਾਰ ਲੋਕਾਂ ਦੀ ਯਾਦ ਵਿਚ ਉਨ੍ਹਾਂ ਦੇ ਪਰਿਵਾਰ ਵਾਲਿਆਂ ਲਈ ਇਕ ਸਭਾ ਦਾ ਆਯੋਜਨ ਕੀਤਾ ਸੀ।
ਇਸ ਸਭਾ ਵਿਚ ਰਾਸ਼ਟਰਪਤੀ ਮੌਰੀਸੀਓ ਮੈਕਰੀ ਨੇ ਕਿਹਾ ਸੀ ਪਣਡੁੱਬੀ 'ਤੇ ਸਵਾਰ ਲਾਪਤਾ ਲੋਕਾਂ ਦੇ ਪਰਿਵਾਰ ਵਾਲਿਆਂ ਨੂੰ ਖੁਦ ਨੂੰ ਇਕੱਲਾ ਮਹਿਸੂਸ ਨਹੀਂ ਕਰਨਾ ਚਾਹੀਦਾ। ਅਸੀਂ ਸਾਰੇ ਉਨ੍ਹਾਂ ਦੇ ਨਾਲ ਹਾਂ। ਪਣਡੁੱਬੀ ਦੇ ਬਾਰੇ ਵਿਚ ਪਤਾ ਲਗਾਉਣ ਦਾ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਬਿਆਨ ਦੇ ਠੀਕ 2 ਦਿਨ ਬਾਅਦ 17 ਨਵੰਬਰ ਨੂੰ ਨੇਵੀ ਵੱਲੋਂ ਪਣਡੁੱਬੀ ਦੇ ਮਿਲਣ ਦਾ ਐਲਾਨ ਕੀਤਾ ਗਿਆ।
ਨੇਵੀ ਨੇ ਕਿਹਾ ਕਿ 15 ਨਵੰਬਰ ਨੂੰ ਉਸ ਸਮੇਂ ਦੇ ਕੈਪਟਨ ਨੇ ਸੂਚਨਾ ਦਿੱਤੀ ਕਿ ਪਣਡੁੱਬੀ ਵਿਚ ਪਾਣੀ ਦਾਖਲ ਹੋ ਗਿਆ ਹੈ ਅਤੇ ਇਸ ਕਾਰਨ ਸ਼ਾਰਟ ਸਰਕਿਟ ਹੋ ਗਿਆ ਹੈ। ਕੁਝ ਦੇਰ ਬਾਅਦ ਧਮਾਕਾ ਹੋਇਆ ਅਤੇ ਪਣਡੁੱਬੀ ਦਾ ਸੰਪਰਕ ਟੁੱਟ ਗਿਆ। ਜਿਸ ਸਮੇਂ ਇਹ ਘਟਨਾ ਹੋਈ ਉਦੋਂ ਪਣਡੁੱਬੀ ਸੈਨ ਜੁਆਨ ਮੈਰ ਡੇਲ ਪਲਾਟਾ ਸਥਿਤ ਆਪਣੇ ਠਿਕਾਣੇ 'ਤੇ ਪਰਤ ਰਹੀ ਸੀ।