ਅਜੇ ਤੱਕ ਟਰੰਪ ਹਾਰ ਮੰਨਣ ਨੂੰ ਨਹੀਂ ਹੈ ਤਿਆਰ, ਲਗਾਤਾਰ ਲਾ ਰਿਹਾ ਧਾਂਦਲੀ ਦੇ ਇਲਜ਼ਾਮ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਟਰੰਪ ਲਗਾਤਾਰ ਚੋਣਾਂ 'ਚ ਧਾਂਦਲੀ ਦੇ ਇਲਜ਼ਾਮ ਲਾ ਰਹੇ ਹਨ।

trump

ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਚੋਣ ਦੇ ਨਤੀਜੇ ਜਾਰੀ ਕਰ ਦਿੱਤੇ ਗਏ ਹਨ ਪਰ ਇਸ ਦੇ ਬਾਵਜੂਦ ਵੀ ਰਾਸ਼ਟਰਪਤੀ ਡੋਨਲਡ ਟਰੰਪ ਆਪਣੀ ਹਾਰ ਸਵਿਕਾਰ ਕਰਨ ਨੂੰ ਤਿਆਰ ਨਹੀਂ ਹੈ।  ਹਾਰਨ ਮਗਰੋਂ ਰਾਸ਼ਟਰਪਤੀ ਡੋਨਲਡ ਟਰੰਪ ਬੌਖਲਾਹਟ 'ਚ ਹਨ। ਟਰੰਪ ਲਗਾਤਾਰ ਚੋਣਾਂ 'ਚ ਧਾਂਦਲੀ ਦੇ ਇਲਜ਼ਾਮ ਲਾ ਰਹੇ ਹਨ। ਡੋਨਾਲਡ ਟਰੰਪ ਨੇ ਇਕ ਵਾਰ ਫਿਰ ਜੋਅ ਬਿਡੇਨ ਤੋਂ ਹਾਰਨ ਤੋਂ ਇਨਕਾਰ ਕਰਦਿਆਂ ਜ਼ੋਰ ਦੇ ਕੇ ਕਿਹਾ ਕਿ ਉਹ ਚੋਣ ਜਿੱਤੇਗਾ।

ਹੁਣ ਟਰੰਪ ਨੇ ਇਕ ਸੀਨੀਅਰ ਚੋਣ ਅਧਿਕਾਰੀ ਨੂੰ ਬਰਖਾਸਤ ਕਰ ਦਿੱਤਾ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਚੋਣ ਅਧਿਕਾਰੀ ਨੇ ਰਾਸ਼ਟਰਪਤੀ ਦੀ ਚੋਣ ਲਈ ਵੋਟ ਪਾਉਣ ਵਿੱਚ ਟਰੰਪ ਦੇ ਧੋਖਾਧੜੀ ਦੇ ਦਾਅਵਿਆਂ ‘ਤੇ ਸਵਾਲ ਉਠਾਉਂਦਿਆਂ ਉਸ ਨੂੰ ਰੱਦ ਕਰ ਦਿੱਤਾ ਸੀ।

ਡੋਨਲਡ ਟਰੰਪ ਨੇ ਬੀਤੇ ਦਿਨੀ ਹੋਮਲੈਂਡ ਸਿਕਿਓਰਿਟੀ ਵਿਭਾਗ ਦੇ ਸਾਈਬਰ ਮੁਖੀ ਕ੍ਰਿਸਟੋਫਰ ਕਰੈਬਜ਼ ਨੂੰ ਬਰਖਾਸਤ ਕਰ ਦਿੱਤਾ, ਜਿਸ ਨੇ ਟਰੰਪ ਦੇ ਵਿਆਪਕ ਚੋਣ ਧੋਖਾਧੜੀ ਦੇ ਦਾਅਵਿਆਂ ਨੂੰ ਜਨਤਕ ਤੌਰ 'ਤੇ ਖਾਰਜ ਕਰ ਦਿੱਤਾ ਸੀ। ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਕਿ ਉਸ ਨੇ ਸਾਈਬਰ ਸਿਕਿਓਰਿਟੀ ਤੇ ਇਨਫਰਾਸਟਰਕਚਰ ਸਿਕਿਓਰਿਟੀ ਏਜੰਸੀ (ਸੀਆਈਐਸਏ) ਦੇ ਮੁਖੀ ਕ੍ਰਿਸਟੋਫਰ ਕਰੈਬਜ਼ ਨੂੰ ਵੋਟ ਪਾਉਣ ਬਾਰੇ ਬਹੁਤ ਸਾਰੇ ਗਲਤ ਬਿਆਨਬਾਜ਼ੀ ਕਰਨ ਲਈ ਬਰਖਾਸਤ ਕਰ ਦਿੱਤਾ ਸੀ।

ਜਿਕਰਯੋਗ ਹੈ ਕਿ ਹਾਲ ਹੀ ਵਿੱਚ, ਟਰੰਪ ਨੇ ਇੱਕ ਟਵੀਟ ਕੀਤਾ ਸੀ, ਜਿਸ ਤੋਂ ਲੱਗਦਾ ਸੀ ਕਿ ਉਸਨੇ ਆਪਣੀ ਹਾਰ ਨੂੰ ਸਵੀਕਾਰ ਕਰ ਲਿਆ ਹੈ, ਪਰ ਇਸ ਤੋਂ ਬਾਅਦ ਉਸਨੇ ਜਿੱਤ ਦਾ ਦਾਅਵਾ ਵੀ ਕੀਤਾ। ਟਰੰਪ ਨੇ ਟਵੀਟ ਵਿੱਚ ਲਿਖਿਆ, "ਮੈਂ ਇਹ ਚੋਣ ਜਿੱਤੀ!" ਸੋਸ਼ਲ ਨੈੱਟਵਰਕਿੰਗ ਸਾਈਟ ਟਵਿੱਟਰ ਨੇ ਇਸ ਟਵੀਟ ਨੂੰ ਹਰੀ ਝੰਡੀ ਦਿੰਦਿਆਂ ਕਿਹਾ ਹੈ ਕਿ "ਅਧਿਕਾਰਤ ਸੂਤਰਾਂ ਨੇ ਇਸ ਚੋਣ 'ਤੇ ਵੱਖਰੀ ਟਿੱਪਣੀ ਕੀਤੀ ਹੈ।"