ਅਮਰੀਕਾ-ਕੈਨੇਡਾ ਲਾਂਘਾ ਹੋਇਆ ਬੰਦ, ਪੂਰਾ ਇਲਾਕਾ ਹੜ੍ਹ ਨਾਲ ਪ੍ਰਭਾਵਿਤ

ਏਜੰਸੀ

ਖ਼ਬਰਾਂ, ਕੌਮਾਂਤਰੀ

ਸ਼ਹਿਰਾਂ ਦਾ ਦੂਜੇ ਸ਼ਹਿਰਾਂ ਤੋਂ ਰੇਲ ਨੈੱਟਵਰਕ ਟੁੱਟ ਗਿਆ ਹੈ। ਹਵਾਈ ਅੱਡੇ 'ਤੇ ਵੀ ਪਾਣੀ ਜਮਾਂ ਹੋਣ ਕਾਰਨ ਫਲਾਈਟਾਂ ਪ੍ਰਭਾਵਿਤ ਹੋਈਆਂ ਹਨ।

US-Canada crossing closed, entire area affected by floods

 

ਓਟਾਵਾ : ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ 'ਚ ਦੋ ਦਿਨ ਤੋਂ ਪੈ ਰਹੇ ਭਾਰੀ ਮੀਂਹ ਕਾਰਨ ਹੜ੍ਹ ਦਾ ਮਾਹੌਲ ਬਣਿਆ ਹੋਇਆ ਹੈ।ਇਸ ਹੜ੍ਹ ਕਾਰਨ ਐਬਟਸਫੋਰਡ ਨੇੜੇ ਕੈਨੇਡਾ-ਅਮਰੀਕਾ ਸਰਹੱਦ 'ਤੇ ਸਥਿਤ ਸੂਮਸ ਹਨਟਿੰਗਟਨ ਚੈਕ ਪੋਸਟ ਦਾ ਲਾਂਘਾ ਬੰਦ ਕਰ ਦਿੱਤਾ ਗਿਆ ਹੈ। ਇਹ ਲਾਂਘਾ ਬੀਤੀ 8 ਨਵੰਬਰ ਨੂੰ ਤਕਰੀਬਨ ਡੇਢ ਸਾਲ ਬਾਅਦ ਖੋਲ੍ਹਿਆ ਗਿਆ ਸੀ। ਹੜ੍ਹ ਕਾਰਨ ਕੈਨੇਡਾ ਵਿਚ ਇਕ ਔਰਤ ਦੀ ਮੌਤ ਤੇ ਦੋ ਲਾਪਤਾ ਹੋਣ ਦੀ ਜਾਣਕਾਰੀ ਸਾਹਮਣੇ ਆਈ ਹੈ। ਮੀਂਹ ਦਾ ਪਾਣੀ ਭਰਨ ਨਾਲ ਕੈਨੇਡਾ ਸਭ ਤੋਂ ਵੱਡਾ ਬੰਦਰਗਾਹ ਅਤੇ 25 ਲੱਖ ਦੀ ਆਬਾਦੀ ਵਾਲਾ ਵੈਨਕੂਵਰ ਸ਼ਹਿਰ ਬੇਹਾਲ ਹੈ।

ਇੱਥੇ ਹਰ ਪਾਸੇ ਪਾਣੀ ਭਰ ਗਿਆ ਹੈ। ਪਾਣੀ ਭਰਨ ਕਾਰਨ ਬੰਦਰਗਾਹ ਨੂੰ ਬੰਦ ਕਰ ਦਿੱਤਾ ਗਿਆ ਹੈ। ਬੰਦਰਗਾਹ ਦੇ ਬੁਲਾਰੇ ਮੈਟੀ ਪੌਲੀਕ੍ਰੋਨਿਸ ਨੇ ਕਿਹਾ,''ਬ੍ਰਿਟਿਸ਼ ਕੋਲੰਬੀਆ ਦੇ ਅੰਦਰੂਨੀ ਇਲਾਕਿਆਂ ਵਿਚ ਹੜ੍ਹ ਕਾਰਨ ਵੈਨਕੂਵਰ ਬੰਦਰਗਾਹ ਤੋਂ ਆਉਣ-ਜਾਣ ਵਾਲੀਆਂ ਸਾਰੀਆਂ ਰੇਲ ਸੇਵਾਵਾਂ ਰੋਕ ਦਿੱਤੀਆਂ ਗਈਆਂ ਹਨ।'' ਸ਼ਹਿਰਾਂ ਦਾ ਦੂਜੇ ਸ਼ਹਿਰਾਂ ਤੋਂ ਰੇਲ ਨੈੱਟਵਰਕ ਟੁੱਟ ਗਿਆ ਹੈ। ਹਵਾਈ ਅੱਡੇ 'ਤੇ ਵੀ ਪਾਣੀ ਜਮਾਂ ਹੋਣ ਕਾਰਨ ਫਲਾਈਟਾਂ ਪ੍ਰਭਾਵਿਤ ਹੋਈਆਂ ਹਨ। 

ਦੋ ਦਿਨ ਵਿਚ ਹਾਈਵੇਅ 'ਤੇ ਗੱਡੀਆਂ ਵਿਚ ਫਸੇ ਹੋਏ 500 ਤੋਂ ਵੱਧ ਲੋਕਾਂ ਨੂੰ ਭਾਰੀ ਮੁਸ਼ੱਕਤ ਤੋਂ ਬਾਅਦ ਬਚਾਇਆ ਗਿਆ ਹੈ। ਹੜ੍ਹ ਨੇ ਗ੍ਰੇਟਰ ਵੈਨਕੂਵਰ ਖੇਤਰ ਵਿਚ ਅਤੇ ਉਸ ਦੇ ਆਲੇ-ਦੁਆਲੇ ਦੇ ਕਈ ਹਾਈਵੇਅ ਬੰਦ ਕਰ ਦਿੱਤੇ ਹਨ। ਵੈਨਕੂਵਰ ਦਾ ਬੰਦਰਗਾਹ ਅਨਾਜ, ਕੋਲਾ ਆਟੋਮੋਬਾਇਲ ਅਤੇ ਬੁਨਿਆਦੀ ਵਸਤਾਂ ਸਮੇਤ ਰੋਜ਼ਾਨਾ ਕਰੀਬ 4500 ਕਰੋੜ ਰੁਪਏ ਦੇ ਮਾਲ ਦੀ ਢੋਆ-ਢੁਆਈ ਕਰਦਾ ਹੈ। ਤੂਫਾਨ ਨੇ ਦੁਨੀਆ ਦੇ ਸਭ ਤੋਂ ਵੱਡੇ ਅਨਾਜ ਉਤਪਾਦਕਾਂ ਵਿਚੋਂ ਇਕ ਕੈਨੇਡਾ ਤੋਂ ਕਣਕ ਅਤੇ ਕੈਨੋਲਾ ਦੀ ਆਵਾਜਾਈ ਨੂੰ ਅਸਥਾਈ ਤੌਰ 'ਤੇ ਰੋਕ ਦਿੱਤਾ ਹੈ। ਇਹ ਸਪੱਸ਼ਟ ਨਹੀਂ ਹੈ ਕਿ ਸਥਿਤੀ ਕੰਟਰੋਲ ਹੋਣ ਵਿਚ ਕਿੰਨਾ ਸਮਾਂ ਲੱਗੇਗਾ।