ਹਜ਼ਾਰਾਂ ਬਿਨੈਕਾਰਾਂ ਦੇ ਕੈਨੇਡਾ ਦੀ PR ਲੈਣ ਦੇ ਸੁਪਨੇ ਹੋਏ ਚਕਨਾਚੂਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਓਨਟਾਰੀਓ ਨੇ ਸਕਿੱਲਡ ਟਰੇਡਜ਼ ਸਟਰੀਮ ਮੁਅੱਤਲ ਕੀਤਾ

Thousands of applicants' dreams of getting Canadian PR shattered

ਓਨਟਾਰੀਓ: ਕੈਨੇਡਾ ਵਿੱਚ ਹਜ਼ਾਰਾਂ ਬਿਨੈਕਾਰਾਂ ਦੇ ਪੀ ਆਰ ਲੈਣ ਦੇ ਸੁਪਨੇ ਚਕਨਾਚੂਰ ਹੋ ਗਏ ਹਨI ਕੈਨੇਡਾ ਦੇ ਸੂਬੇ ਓਨਟਾਰੀਓ ਵੱਲੋਂ ਆਪਣੇ ਸੂਬਾਈ ਨੌਮੀਨੀ ਪ੍ਰੋਗਰਾਮ ਤਹਿਤ ਚਲਦੀ ਸਕਿੱਲਡ ਟਰੇਡਜ਼ ਸਟ੍ਰੀਮ ਮੁਅੱਤਲ ਕਰ ਦਿੱਤੀ ਗਈ ਹੈ। ਨਤੀਜੇ ਵਜੋਂ ਇਸ ਅਧੀਨ ਲੱਗੀਆਂ ਅਰਜ਼ੀਆਂ ਨੂੰ ਵਾਪਸ ਕਰ ਦਿੱਤਾ ਗਿਆ ਹੈ। ਇਸ ਫ਼ੈਸਲੇ ਤੋਂ ਬਾਅਦ ਹਜ਼ਾਰਾਂ ਬਿਨੈਕਾਰ ਆਪਣੇ ਭਵਿੱਖ ਨੂੰ ਲੈ ਕੇ ਫ਼ਿਕਰਮੰਦ ਹਨI

ਕੈਨੇਡਾ ਵਿੱਚ ਹਰ ਪ੍ਰੋਵਿੰਸ ਵੱਲੋਂ ਆਪਣਾ ਇਕ ਇਮੀਗ੍ਰੇਸ਼ਨ ਪ੍ਰੋਗਰਾਮ ਚਲਾਇਆ ਜਾਂਦਾ ਹੈ, ਜਿਸ ਨੂੰ ਪ੍ਰੋਵਿੰਸ਼ੀਅਲ ਨੌਮਿਨੀ ਪ੍ਰੋਗਰਾਮ ਦੇ ਨਾਮ ਨਾਲ ਜਾਣਿਆ ਜਾਂਦਾ ਹੈI ਪ੍ਰੋਵਿੰਸ ਇਸ ਨੂੰ ਆਪਣੀਆਂ ਲੋੜਾਂ ਦੇ ਹਿਸਾਬ ਨਾਲ ਚਲਾਉਂਦੀ ਹੈI ਕਿਸੇ ਵੀ ਸੂਬੇ ਵਿੱਚ ਕੰਮ ਕਰਦੇ ਹੋਏ ਬਿਨੈਕਾਰ, ਆਪਣੀ ਪੜਾਈ, ਤਜ਼ਰਬੇ, ਭਾਸ਼ਾ ਦੀ ਮੁਹਾਰਤ ਅਤੇ ਜੌਬ ਆਫ਼ਰ ਆਦਿ ਦੇ ਆਧਾਰ ’ਤੇ ਸੂਬੇ ਨੂੰ ਪੀ ਆਰ ਦੀ ਅਰਜ਼ੀ ਦਿੰਦੇ ਹਨI ਸੂਬੇ ਵੱਲੋਂ ਪੀ ਐਨ ਪੀ ਨੂੰ ਮਨਜ਼ੂਰੀ ਮਿਲਣ ਤੋਂ ਬਾਅਦ ਬਿਨੈਕਾਰ ਫ਼ੈਡਰਲ ਪੱਧਰ 'ਤੇ ਪੀ ਆਰ ਦੀ ਅਰਜ਼ੀ ਦਿੰਦੇ ਹਨ ਅਤੇ ਕੈਨੇਡਾ ਵਿੱਚ ਪਰਮਾਨੈਂਟ ਰੈਜ਼ੀਡੈਂਟ ਬਣ ਜਾਂਦੇ ਹਨI  

ਓਨਟਾਰੀਓ ਪੀਐਨਪੀ ਦੀ ਇਸ ਸਟਰੀਮ ਵਿੱਚ ਅਰਜ਼ੀ ਦੇਣ ਲੈਣ ਬਿਨੈਕਾਰ ਕੋਲ ਟਰੇਡ (ਪਲੰਬਰ, ਇਲੈਕਟ੍ਰੀਸ਼ੀਅਨ, ਕਾਰਪੇਂਟਰ ਆਦਿ) ਦੀਆਂ ਸ਼੍ਰੇਣੀਆਂ ਵਿੱਚ ਘੱਟੋ ਘੱਟ ਇਕ ਸਾਲ ਦਾ ਤਜਰਬਾ ਹੋਣਾ ਚਾਹੀਦਾ ਸੀI ਇਹ ਤਜਰਬਾ ਅਰਜ਼ੀ ਦੇਣ ਦੇ ਦੋ ਸਾਲ ਦੇ ਸਮੇਂ ਵਿੱਚ ਹੋਣਾ ਚਾਹੀਦਾ ਸੀI

ਜ਼ਿਕਰਯੋਗ ਹੈ ਕਿ ਫ਼ੈਡਰਲ ਸਰਕਾਰ ਵੱਲੋਂ ਪ੍ਰੋਵਿੰਸ਼ੀਅਲ ਨੌਮਿਨੀ ਪ੍ਰੋਗਰਾਮਾਂ ਦੇ ਟੀਚਿਆਂ 'ਚ ਇਸ ਸਾਲ ਕਟੌਤੀ ਕੀਤੀ ਗਈ ਹੈI 2024 ਦੇ ਟੀਚਿਆਂ ਵਿੱਚ ਜਿੱਥੇ ਕੈਨੇਡਾ ਭਰ ਵਿੱਚ ਸੂਬਿਆਂ ਨੂੰ 1,10,000 ਸੀਟਾਂ ਦਿੱਤੀਆਂ ਗਈਆਂ ਸਨ, 2025 ਵਿੱਚ ਇਹ ਸੀਟਾਂ 55,000 ਰਹਿ ਗਈਆਂ ਹਨI

ਬਿਨੈਕਾਰਾਂ ਨੂੰ ਪ੍ਰੋਗਰਾਮ ਦੀਆਂ ਦੂਜੀਆਂ ਸਟ੍ਰੀਮਜ਼ ਤਹਿਤ ਅਰਜ਼ੀ ਦੇਣ ਦੀ ਸਲਾਹ ਦਿੱਤੀ ਜਾ ਰਹੀ ਹੈI ਓਨਟਾਰੀਓ ਇਮੀਗ੍ਰੇਸ਼ਨ ਪ੍ਰੋਗਰਾਮ ਦੇ ਇਸ ਫ਼ੈਸਲੇ ਤੋਂ ਬਾਅਦ ਹਜ਼ਾਰਾਂ ਬਿਨੈਕਾਰ ਆਪਣੇ ਭਵਿੱਖ ਨੂੰ ਲੈ ਕੇ ਫ਼ਿਕਰਮੰਦ ਹਨI ਨੌਜਵਾਨਾਂ ਵੱਲੋਂ ਓਨਟਾਰੀਓ ਵਿੱਚ ਰੋਸ ਮੁਜ਼ਾਹਰੇ ਦੀ ਯੋਜਨਾ ਉਲੀਕੀ ਜਾ ਰਹੀ ਹੈI

ਓਨਟਾਰੀਓ ਪੀ ਐਨ ਪੀ ਮੈਨੇਜਮੈਂਟ ਮੁਤਾਬਕ ਸਟਰੀਮ ਦੀ ਸਮੀਖਿਆ ਕਰਨ ਤੋਂ ਬਾਅਦ ਇਹ ਫ਼ੈਸਲਾ ਲਿਆ ਗਿਆ ਹੈI ਪ੍ਰੋਗਰਾਮ ਦੀ ਸਮੀਖਿਆ ਵਿੱਚ ਅਰਜ਼ੀਆਂ ਵਿੱਚ ਧੋਖਾਧੜੀ ਹੋਣ ਦੇ ਦੋਸ਼ ਲਗਾਏ ਗਏ ਹਨI ਪ੍ਰੋਗਰਾਮ ਅਧੀਨ ਵਾਪਸ ਕੀਤੀਆਂ ਗਈਆਂ ਅਰਜ਼ੀਆਂ ਦੀ ਅਰਜ਼ੀ ਫੀਸ ਵਾਪਸ ਕਰਨ ਦਾ ਐਲਾਨ ਕੀਤਾ ਗਿਆ ਹੈ।