ਭਾਰਤ ਹਵਾਲਗੀ ਦੇ ਫੈਸਲੇ ਵਿਰੁਧ ਬ੍ਰਿਟਿਸ਼ ਹਾਈ ਕੋਰਟ 'ਚ ਅਪੀਲ ਕਰਨਗੇ ਵਿਜੇ ਮਾਲਿਆ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਵੇਸਟਮਿਨਿਸਟਰ ਕੋਰਟ ਦੇ ਫੈਸਲੇ ਤੋਂ ਬਾਅਦ ਵਿਜੇ ਮਾਲਿਆ ਨੇ ਕਿਹਾ ਸੀ ਕਿ ਉਹ ਇਸ ਫੈਸਲੇ ਦਾ ਅਧਿਐਨ ਕਰ ਕੇ ਇਸ ਦੇ ਵਿਰੁਧ ਹਾਈ ਕੋਰਟ ਵਿਚ ਅਪੀਲ ਕਰਨਗੇ।

Vijay Mallya

ਬ੍ਰਿਟੇਨ , ( ਭਾਸ਼ਾ) : ਭਾਰਤ ਵਿਚ ਹਵਾਲਗੀ ਤੋਂ ਬਚਣ ਲਈ ਭਗੌੜੇ ਸ਼ਰਾਬ ਕਾਰੋਬਾਰੀ ਵਿਜੇ ਮਾਲਿਆ ਲੰਡਨ ਦੀ ਉੱਚ ਅਦਾਲਤ ਦੀ ਸ਼ਰਨ ਲੈ ਸਕਦੇ ਹਨ। ਖਬਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਵੇਸਟਮਿਨਿਸਟਰ ਕੋਰਟ ਦੇ ਫੈਸਲੇ ਵਿਰੁਧ ਮਾਲਿਆ ਹਾਈ ਕੋਰਟ ਵਿਚ ਅਪੀਲ ਕਰਨ ਜਾ ਰਹੇ ਹਨ। ਦੱਸ ਦਈਏ ਕਿ ਵੈਸਟਮਿਨਿਸਟਰ ਕੋਰਟ ਨੇ ਵਿਜੇ ਮਾਲਿਆ ਨੂੰ ਭਾਰਤ ਦੇ ਹਵਾਲੇ ਕਰਨ ਦੇ ਹੁਕਮ ਦਿਤੇ ਸਨ। ਹਾਲਾਂਕਿ ਅਦਾਲਤ ਨੇ ਇਸ ਫੈਸਲੇ ਵਿਰੁਧ ਬ੍ਰਿਟਿਸ਼ ਹਾਈ ਕੋਰਟ ਵਿਚ ਅਪੀਲ ਕਰਨ ਦੇ ਲਈ ਵਿਜੇ ਮਾਲਿਆ ਨੂੰ 14 ਦਿਨਾਂ ਦਾ ਸਮਾਂ ਦਿਤਾ ਸੀ।

ਵੇਸਟਮਿਨਿਸਟਰ ਕੋਰਟ ਦੇ ਫੈਸਲੇ ਤੋਂ ਬਾਅਦ ਵਿਜੇ ਮਾਲਿਆ ਨੇ ਕਿਹਾ ਸੀ ਕਿ ਉਹ ਇਸ ਫੈਸਲੇ ਦਾ ਅਧਿਐਨ ਕਰ ਕੇ ਇਸ ਦੇ ਵਿਰੁਧ ਹਾਈ ਕੋਰਟ ਵਿਚ ਅਪੀਲ ਕਰਨਗੇ। ਜ਼ਿਕਰਯੋਗ ਹੈ 62 ਸਾਲ ਦੇ ਸ਼ਰਾਬ ਕਾਰੋਬਾਰੀ ਵਿਜੇ ਮਾਲਿਆ 'ਤੇ ਭਾਰਤ ਦੀਆਂ ਸਰਕਾਰੀ ਬੈਂਕਾਂ ਤੋਂ 9 ਹਜ਼ਾਰ ਕਰੋੜ ਰੁਪਏ ਲੈ ਕੇ ਦੇਸ਼ ਤੋਂ ਫਰਾਰ ਹੋ ਜਾਣ ਦਾ ਦੋਸ਼ ਹੈ।  ਮਾਲਿਆ  ਨਾਲ ਜੁੜੇ ਇਕ ਨੇੜਲੇ ਨੇ ਦੱਸਿਆ ਕਿ ਮਾਲਿਆ ਨੇ ਕੋਰਟ ਦੇ ਫੈਸਲੇ 'ਤੇ ਇਹ ਨਿਰਣਾ ਲਿਆ ਹੈ। ਅਤੇ ਹੁਣ ਉਹ ਉਚਿਤ ਸਮੇਂ 'ਤੇ ਅਪੀਲ ਕਰਨਗੇ।

ਪਿਛਲੇ ਕੁਝ ਸਮੇਂ ਤੋਂ ਵਿਜੇ ਮਾਲਿਆ ਨੇ ਭਾਰਤ ਦੇ ਬੈਂਕਾਂ ਤੋਂ ਲਏ ਗਏ ਲੋਨ ਦਾ ਮੂਲਧਨ ਵਾਪਸ ਕਰਨ ਦੀ ਪੇਸ਼ਕਸ਼ ਕੀਤੀ ਹੈ। ਮਾਲਿਆ ਨੇ ਟਵੀਟ ਕਰ ਕੇ ਕਈ ਵਾਰ ਕਿਹਾ ਸੀ ਕਿ ਉਹ ਮੂਲ ਰਾਸ਼ੀ ਦਾ 100 ਫ਼ੀ ਸਦੀ ਵਾਪਸ ਕਰਨ ਨੂੰ ਤਿਆਰ ਹਨ ਅਤੇ ਇਸ ਨੂੰ ਕਬੂਲ ਕੀਤਾ ਜਾਵੇ। ਇਹ ਵੀ ਦੱਸ ਦਈਏ ਕਿ ਮੁੰਬਈ ਦੀ ਵਿਸ਼ੇਸ਼ ਅਦਾਲਤ ਇਨਫੋਰਸਮੈਂਟ ਡਾਇਰੈਕਟੋਰੇਟ ਦੀ ਅਰਜ਼ੀ 'ਤੇ 26 ਦਸੰਬਰ ਨੂੰ ਹੁਕਮ ਦੇਵੇਗੀ।

ਇਸ ਵਿਚ ਈਡੀ ਨੇ ਵਿਜੇ ਮਾਲਿਆ ਨੂੰ ਆਰਥਿਕ ਅਪਰਾਧਾਂ ਦਾ ਭਗੌੜਾ ਐਲਾਨ ਕੀਤੇ ਜਾਣ ਦੀ ਮੰਗ ਕੀਤੀ ਹੈ। ਈਡੀ ਨੇ ਉਸ ਦੀ ਜਾਇਦਾਦ ਜ਼ਬਤ ਕਰਨ ਦੇ ਲਈ ਵੀ ਹੁਕਮ ਦੇਣ ਦੀ ਬੇਨਤੀ ਕੀਤੀ ਹੈ। ਜੇਕਰ ਮਾਲਿਆ ਭਗੌੜਾ ਐਲਾਨਿਆ ਜਾਂਦਾ ਹੈ ਤਾਂ ਈਡੀ ਨੂੰ ਉਸ ਦੀ ਜਾਇਦਾਦ ਜ਼ਬਤ ਕਰਨ ਦਾ ਅਧਿਕਾਰ ਮਿਲ ਜਾਵੇਗਾ।