Punjaban Die In Canada: ਕੈਨੇਡਾ ’ਚ ਦਰੱਖਤ ਡਿੱਗਣ ਕਾਰਨ ਪੰਜਾਬਣ ਦੀ ਮੌਤ

ਏਜੰਸੀ

ਖ਼ਬਰਾਂ, ਕੌਮਾਂਤਰੀ

ਆਰਥਿਕ ਤੰਗੀ ਦੂਰ ਕਰਨ ਲਈ ਮਾਪਿਆਂ ਨੇ 11 ਮਹੀਨੇ ਪਹਿਲਾਂ ਆਪਣੀ ਬੇਟੀ ਨੂੰ ਕੈਨੇਡਾ ਭੇਜਿਆ ਸੀ

Punjaban Die In Canada Latest News In Punjabi

 

Punjaban Die In Canada Latest News In Punjabi:  ਕੈਨੇਡਾ ’ਚ ਦਰੱਖਤ ਡਿੱਗਣ ਕਾਰਨ ਜਲੰਧਰ ਦੀ ਲੜਕੀ ਦੀ ਮੌਤ ਹੋ ਗਈ। ਮ੍ਰਿਤਕਾ ਦੀ ਪਛਾਣ ਰਿਤਿਕਾ ਰਾਜਪੂਤ (22) ਵਜੋਂ ਹੋਈ ਹੈ। ਰਿਤਿਕਾ ਦੀ ਮਾਂ ਕਿਰਨ ਰਾਜਪੂਤ ਨੇ ਦੱਸਿਆ ਕਿ ਉਹ 2007 ਵਿਚ ਹਿਮਾਚਲ ਤੋਂ ਜਲੰਧਰ ਆਏ ਸਨ।

ਆਰਥਿਕ ਤੰਗੀ ਦੂਰ ਕਰਨ ਲਈ ਉਨ੍ਹਾਂ 11 ਮਹੀਨੇ ਪਹਿਲਾਂ ਆਪਣੀ ਬੇਟੀ ਨੂੰ ਕੈਨੇਡਾ ਭੇਜ ਦਿੱਤਾ। ਉਹ ਕੈਨੇਡਾ ਵਿੱਚ ਆਨਲਾਈਨ ਹੋਸਪਿਟੈਲਿਟੀ ਮੈਨੇਜਮੈਂਟ ਕੋਰਸ ਕਰ ਰਹੀ ਸੀ। 

7 ਦਸੰਬਰ ਨੂੰ ਰਿਤਿਕਾ ਆਪਣੇ ਦੋਸਤਾਂ ਨਾਲ ਕੈਲੋਨਾ ਦੀ ਜੇਮਸ ਲੇਕ ’ਤੇ ਪਿਕਨਿਕ ਮਨਾਉਣ ਗਈ ਸੀ। ਸਾਰੇ ਦੋਸਤ ਬੋਰਨ-ਫਾਇਰ ਕਰ ਕੇ ਇੰਜੁਆਏ ਕਰ ਰਹੇ ਸਨ ਕਿ ਇਸੇ ਦੌਰਾਨ ਤੇਜ਼ ਹਨੇਰੀ ਚੱਲਣ ਕਾਰਨ ਦਰੱਖਤ ਡਿੱਗਣੇ ਸ਼ੁਰੂ ਹੋ ਗਏ। 

ਸਾਰੇ ਦੋਸਤ ਆਪਣਾ ਬਚਾਅ ਕਰਨ ਲਈ ਭੱਜੇ ਪਰ ਜਿਸ ਪਾਸੇ ਰਿਤਿਕਾ ਭੱਜੀ ਉਸੇ ਸਾਈਡ ਦਰੱਖਤ ਡਿੱਗ ਗਿਆ ਅਤੇ ਰਿਤਿਕਾ ਉਸ ਦੀ ਲਪੇਟ ਵਿਚ ਆ ਗਈ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਰਿਤਿਕਾ ਨੂੰ ਲੱਭਣ ਲਈ ਉਸ ਦੇ ਦੋਸਤ ਵਾਪਸ ਮੁੜੇ ਤਾਂ ਉਨ੍ਹਾਂ ਨੂੰ ਦਰੱਖ਼ਤ ਹੇਠਾਂ ਦੱਬੀ ਉਸ ਦੀ ਲਾਸ਼ ਮਿਲੀ। ਹਾਦਸੇ ਦੀ ਸੂਚਨਾ ਸਥਾਨਕ ਪੁਲਸ ਨੂੰ ਦਿੱਤੀ ਗਈ, ਜਿਸ ਨੇ ਰਿਤਿਕਾ ਦੀ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ।

ਜਿਵੇਂ ਹੀ ਰਿਤਿਕਾ ਦੀ ਮੌਤ ਦੀ ਖ਼ਬਰ ਜਲੰਧਰ ਉਸ ਦੇ ਘਰ ਪੁੱਜੀ ਤਾਂ ਉਥੇ ਮਾਤਮ ਛਾ ਗਿਆ। ਰਿਤਿਕਾ ਦੀ ਮਾਂ ਕਿਰਨ ਰਾਜਪੂਤ ਨੇ ਦੱਸਿਆ ਕਿ ਉਹ 2007 ਤੋਂ ਜਲੰਧਰ ਵਿਚ ਕਿਰਾਏ ’ਤੇ ਰਹਿ ਰਹੇ ਹਨ। ਉਹ ਆਪਣੇ ਪਤੀ ਨਾਲ ਬੁਟੀਕ ਚਲਾਉਂਦੀ ਹੈ। ਜਨਵਰੀ ਮਹੀਨੇ ਹੀ ਉਨ੍ਹਾਂ ਆਪਣੀ ਧੀ ਰਿਤਿਕਾ ਨੂੰ ਕਰਜ਼ਾ ਚੁੱਕ ਕੇ ਵਿਦੇਸ਼ ਭੇਜਿਆ ਸੀ। 

ਉਨ੍ਹਾਂ ਦੱਸਿਆ ਕਿ  ਕਰਜ਼ਾ ਚੁੱਕਣ ਤੋਂ ਇਲਾਵਾ ਰਿਸ਼ਤੇਦਾਰਾਂ ਕੋਲੋਂ ਵੀ ਪੈਸੇ ਉਧਾਰ ਲਏ ਸਨ ਤਾਂ ਕਿ ਵਿਦੇਸ਼ ਜਾ ਕੇ ਉਨ੍ਹਾਂ ਦੀ ਧੀ ਪਰਿਵਾਰ ਦੀ ਆਰਥਿਕ ਹਾਲਤ ਸੁਧਾਰ ਸਕੇ। ਉਨ੍ਹਾਂ ਕਿਹਾ ਕਿ ਉਨ੍ਹਾਂ ਕੋਲ ਇੰਨੇ ਵੀ ਪੈਸੇ ਨਹੀਂ ਹਨ ਕਿ ਉਹ ਆਪਣੀ ਧੀ ਦੀ ਲਾਸ਼ ਵਾਪਸ ਲਿਆ ਸਕਣ।

ਰਿਤਿਕਾ ਦੇ ਕੁਝ ਦੋਸਤ ਵੱਖ-ਵੱਖ ਢੰਗਾਂ ਨਾਲ ਫੰਡ ਇਕੱਠਾ ਕਰ ਕੇ ਉਸ ਦੀ ਲਾਸ਼ ਨੂੰ ਭਾਰਤ ਵਾਪਸ ਭੇਜਣ ਲਈ ਕੰਮ ਕਰ ਰਹੇ ਹਨ। ਉਨ੍ਹਾਂ ਆਪਣੀ ਧੀ ਦੀ ਲਾਸ਼ ਭਾਰਤ ਲਿਆਉਣ ਲਈ ਕੇਂਦਰ ਅਤੇ ਸੂਬਾ ਸਰਕਾਰ ਨੂੰ ਵੀ ਅਪੀਲ ਕੀਤੀ ਹੈ।