ਹਾਕੀ ਸਟਿੱਕ ਨਾਲ ਖਿੜਕੀ ਤੋੜਨ 'ਤੇ ਯੂ.ਕੇ. 'ਚ ਭਾਰਤੀ ਮੂਲ ਦੇ ਵਿਅਕਤੀ ਨੂੰ ਜੁਰਮਾਨਾ

ਏਜੰਸੀ

ਖ਼ਬਰਾਂ, ਕੌਮਾਂਤਰੀ

ਗੱਡੀ ਦੀ ਪਾਰਕਿੰਗ ਕਾਰਨ ਹੋਇਆ ਸੀ ਵਿਵਾਦ

Representational Image

 

ਲੰਡਨ - ਬਰਤਾਨੀਆ ਦੀ ਇੱਕ ਅਦਾਲਤ ਨੇ ਪਾਰਕਿੰਗ ਵਿਵਾਦ ਵਿੱਚ ਹਾਕੀ ਸਟਿੱਕ ਨਾਲ ਖਿੜਕੀ ਤੋੜਨ ਦਾ ਦੋਸ਼ ਕਬੂਲ ਕਰਨ ਤੋਂ ਬਾਅਦ ਭਾਰਤੀ ਮੂਲ ਦੇ ਇੱਕ ਵਿਅਕਤੀ ਨੂੰ ਜੁਰਮਾਨਾ ਲਗਾਇਆ ਹੈ।

ਜੋਤਿੰਦਰ ਸਿੰਘ (48) ਹਾਲ ਹੀ ਵਿੱਚ ਪਿਛਲੇ ਸਾਲ ਹੋਏ ਝਗੜੇ ਦੇ ਮਾਮਲੇ ਵਿੱਚ ਲਾਇਸੈਸਟਰ ਮੈਜਿਸਟਰੇਟ ਦੀ ਅਦਾਲਤ ਵਿੱਚ ਪੇਸ਼ ਹੋਇਆ ਸੀ। ਤੇਜ਼ ਰਫਤਾਰ ਦੇ ਦੋ ਦੋਸ਼ ਕਬੂਲ ਕਰਨ ਤੋਂ ਬਾਅਦ ਉਸ 'ਤੇ 22 ਮਹੀਨਿਆਂ ਲਈ ਗੱਡੀ ਚਲਾਉਣ 'ਤੇ ਪਾਬੰਦੀ ਵੀ ਲੱਗ ਚੁੱਕੀ ਹੈ।

'ਲਾਇਸੈਸਟਰਸ਼ਾਇਰ ਲਾਈਵ' ਦੀ ਅਦਾਲਤ ਦੀ ਰਿਪੋਰਟ ਅਨੁਸਾਰ ਪੂਰਬੀ ਇੰਗਲੈਂਡ ਦੇ ਸ਼ਹਿਰ ਦੇ ਇੱਕ ਫਲੈਟ ਵਿੱਚ ਰਹਿਣ ਵਾਲੇ ਸਿੰਘ ਨੇ ਆਪਣੀ ਕਾਰ 'ਤੇ ਚਿਪਕਾਏ ਪਰਚੇ 'ਤੇ ਇਹ ਅਪਰਾਧ ਕੀਤਾ। ਇਮਾਰਤ ਦੀ ਦੇਖਭਾਲ਼ ਕਰਨ ਵਾਲੇ ਵਿਅਕਤੀ ਨੇ ਗ਼ਲਤ ਢੰਗ ਨਾਲ ਕਾਰ ਪਾਰਕ ਕਰਨ ਕਰਕੇ ਇਹ ਪਰਚਾ ਚਿਪਕਾ ਦਿੱਤਾ ਸੀ। 

ਸਿੰਘ ਦੇ ਵਕੀਲ ਸਾਈਮਨ ਮੀਅਰਜ਼ ਨੇ ਅਦਾਲਤ ਨੂੰ ਦੱਸਿਆ, ''ਫਲੈਟ ਵਾਲੇ ਬਲਾਕ ਦੀ ਦੇਖਭਾਲ ਕਰਨ ਵਾਲੇ ਵਿਅਕਤੀ ਨਾਲ ਇਹ ਵਿਵਾਦ ਹੋਇਆ ਸੀ। ਉਸ ਦੀ ਪਾਰਕਿੰਗ ਵਾਲੀ ਥਾਂ ’ਤੇ ਕਬਜ਼ਾ ਕਰ ਲਿਆ ਗਿਆ ਅਤੇ ਅਜਿਹੇ ਹਾਲਾਤ ਵਿੱਚ ਉਸ ਨੇ ਗਲਤ ਥਾਂ ’ਤੇ ਪਾਰਕਿੰਗ ਕਰਨੀ ਸ਼ੁਰੂ ਕਰ ਦਿੱਤੀ।"

ਉਨ੍ਹਾਂ ਕਿਹਾ, "ਕਾਰ ਉੱਤੇ ਏ-4 ਸਾਈਜ਼ ਦਾ ਪਰਚਾ ਚਿਪਕਾਉਣ ਵਾਲੇ ਵਿਅਕਤੀ ਨਾਲ ਬਹਿਸ ਹੋਈ ਅਤੇ ਸਿੰਘ ਨੇ ਕਿਹਾ ਕਿ ਉਸ ਨੇ ਉਸ ਦੀ ਕਾਰ ਨੂੰ ਨੁਕਸਾਨ ਪਹੁੰਚਾਇਆ ਹੈ। ਉਸ ਨੇ ਆਪਣਾ ਗੁੱਸਾ ਕੇਅਰਟੇਕਰ ਦੇ ਦਫ਼ਤਰ ਦੀ ਖਿੜਕੀ 'ਤੇ ਕੱਢ ਦਿੱਤਾ।"

ਤਕਰਾਰ ਤੋਂ ਬਾਅਦ ਸਿੰਘ ਆਪਣੇ ਫਲੈਟ ਵਿਚ ਜਾ ਕੇ ਹਾਕੀ ਸਟਿੱਕ ਲੈ ਕੇ ਆਇਆ ਅਤੇ ਕੇਅਰਟੇਕਰ ਦੇ ਦਫ਼ਤਰ ਦੀ ਖਿੜਕੀ ਤੋੜ ਦਿੱਤੀ।

ਸਿੰਘ ਨੂੰ ਘਟਨਾ ਤੋਂ ਬਾਅਦ ਰਿਹਾਇਸ਼ੀ ਇਮਾਰਤ ਤੋਂ ਕੱਢ ਦਿੱਤਾ ਗਿਆ, ਅਤੇ ਪਿਛਲੇ ਸਾਲ ਦੀ ਸੁਣਵਾਈ ਤੋਂ ਬਾਅਦ ਉਹ ਨੁਕਸਾਨ ਪਹੁੰਚਾਉਣ ਬਦਲੇ 2,000 ਪਾਉਂਡ ਦੀ ਰਕਮ ਚੁਕਾ ਰਿਹਾ ਹੈ। ਪਿਛਲੇ ਹਫ਼ਤੇ ਮੈਜਿਸਟ੍ਰੇਟ ਅਦਾਲਤ ਨੇ ਉਸ ਨੂੰ ਕੁੱਲ 480 ਪਾਉਂਡ ਦਾ ਜੁਰਮਾਨਾ ਕੀਤਾ।