Gurpatwant Pannun case: ਚੈੱਕ ਅਦਾਲਤ ਨੇ ਨਿਖਿਲ ਗੁਪਤਾ ਦੀ ਅਮਰੀਕਾ ਨੂੰ ਸਪੁਰਦਗੀ ਨੂੰ ਜਾਇਜ਼ ਦਸਿਆ
ਹੁਣ ਆਖ਼ਰੀ ਫੈਸਲਾ ਚੈੱਕ ਗਣਰਾਜ ਦੇ ਨਿਆਂ ਮੰਤਰੀ ਦੇ ਹੱਥਾਂ ’ਚ
Gurpatwant Pannun case: ਚੈੱਕ ਗਣਰਾਜ ਦੀ ਹਾਈ ਕੋਰਟ ਨੇ ਫੈਸਲਾ ਸੁਣਾਇਆ ਹੈ ਕਿ ਚੈੱਕ ਸਰਕਾਰ ਉਸ ਭਾਰਤੀ ਵਿਅਕਤੀ ਨੂੰ ਅਮਰੀਕਾ ਹਵਾਲੇ ਕਰ ਸਕਦੀ ਹੈ, ਜਿਸ ’ਤੇ ਅਮਰੀਕਾ ਨੇ ਅਪਣੀ ਧਰਤੀ ’ਤੇ ਇਕ ਸਿੱਖ ਵੱਖਵਾਦੀ ਨੂੰ ਮਾਰਨ ਦੀ ਅਸਫਲ ਸਾਜ਼ਸ਼ ’ਚ ਸ਼ਾਮਲ ਹੋਣ ਦਾ ਦੋਸ਼ ਲਗਾਇਆ ਹੈ। ਹੁਣ ਨਿਖਿਲ ਗੁਪਤਾ (52) ਦੀ ਹਵਾਲਗੀ ’ਤੇ ਅੰਤਿਮ ਫੈਸਲਾ ਨਿਆਂ ਮੰਤਰੀ ਪਾਵੇਲ ਬਲੇਜ਼ਕ ਦੇ ਹੱਥ ’ਚ ਹੋਵੇਗਾ।
ਅਮਰੀਕੀ ਫੈਡਰਲ ਪ੍ਰੋਸੀਕਿਊਟਰਾਂ ਨੇ ਗੁਪਤਾ ’ਤੇ ਨਿਊਯਾਰਕ ਸ਼ਹਿਰ ਦੇ ਇਕ ਵਸਨੀਕ ਦੇ ਕਤਲ ਦੀ ਸਾਜ਼ਸ਼ ’ਤੇ ਭਾਰਤ ਸਰਕਾਰ ਦੇ ਇਕ ਅਧਿਕਾਰੀ ਨਾਲ ਮਿਲ ਕੇ ਕੰਮ ਕਰਨ ਦਾ ਦੋਸ਼ ਲਗਾਇਆ ਹੈ। ਗੁਪਤਾ ਨੂੰ ਪਿਛਲੇ ਸਾਲ ਜੂਨ ’ਚ ਚੈੱਕ ਅਧਿਕਾਰੀਆਂ ਨੇ ਗ੍ਰਿਫਤਾਰ ਕੀਤਾ ਸੀ ਜਦੋਂ ਉਹ ਭਾਰਤ ਤੋਂ ਪਰੋਗ ਗਿਆ ਸੀ।
ਚੈੱਕ ਮੀਡੀਆ ’ਚ ਆਈਆਂ ਖ਼ਬਰਾਂ ਅਨੁਸਾਰ ਗੁਪਤਾ ਦੇ ਵਕੀਲ ਨੇ ਅਦਾਲਤ ’ਚ ਦਲੀਲ ਦਿਤੀ ਸੀ ਕਿ ਇਹ ਕੇਸ ਸਿਆਸੀ ਜਾਂ ਫ਼ੌਜੀ ਪਿਛੋਕੜ ਦਾ ਹੈ। ਹਾਲਾਂਕਿ ਅਦਾਲਤ ਨੇ ਦਲੀਲ ਰੱਦ ਕਰਦਿਆਂ ਕਿਹਾ ਕਿ ਇਹ ਕੇਸ ਸਿਆਸੀ ਪਿਛੋਕੜ ਦਾ ਨਹੀਂ ਹੈ ਅਤੇ ਕਤਲ ਬਦਲੇ ਗੁਪਤਾ ਨੂੰ ਭਾਰਤ ’ਚ ਕੇਸ ਖ਼ਤਮ ਕਰਨ ਦਾ ਲਾਲਚ ਦਿਤਾ ਗਿਆ ਸੀ।
ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।
ਹਾਲਾਂਕਿ ਨਿਆਂ ਮੰਤਰਾਲੇ ਦੇ ਬੁਲਾਰੇ ਨੇ ਕਿਹਾ ਕਿ ਗੁਪਤਾ ਦੀ ਹਵਾਲਗੀ ਦੀ ਕੋਈ ਸਮਾਂ-ਸੀਮਾ ਨਹੀਂ ਹੈ ਅਤੇ ਗੁਪਤਾ ਤੋਂ ਹਵਾਲਗੀ ਨੂੰ ਰੋਕਣ ਲਈ ਹਰ ਸੰਭਵ ਕਦਮ ਚੁੱਕਣ ਦੀ ਉਮੀਦ ਕੀਤੀ ਜਾ ਸਕਦੀ ਹੈ। ਬੁਲਾਰੇ ਨੇ ਦਸਿਆ ਕਿ ਜੇਕਰ ਮੰਤਰੀ ਨੂੰ ਹੇਠਲੀ ਅਦਾਲਤ ਦੇ ਫੈਸਲਿਆਂ ਬਾਰੇ ਸ਼ੱਕ ਹੈ ਤਾਂ ਉਨ੍ਹਾਂ ਕੋਲ ਸੁਪਰੀਮ ਕੋਰਟ ਜਾਣ ਲਈ ਤਿੰਨ ਮਹੀਨੇ ਦਾ ਸਮਾਂ ਹੈ।
(For more Punjabi news apart from Czech court rules Indian man can be extradited to US in Gurpatwant Pannun case, stay tuned to Rozana Spokesman)