ਕੈਨੇਡਾ ਭਾਰਤੀ ਡਾਕਟਰਾਂ ਨੂੰ ਦੇਵੇਗਾ ਐਕਸਪ੍ਰੈਸ ਵੀਜ਼ਾ
ਪਹਿਲੇ ਗੇੜ ਤਹਿਤ 6 ਹਜ਼ਾਰ ਡਾਕਟਰਾਂ ਨੂੰ ਮਿਲੇਗੀ ਐਂਟਰੀ
ਟੋਰਾਂਟੋ : ਕੈਨੇਡਾ ਨੇ ਆਪਣੀਆਂ ਡਾਕਟਰੀ ਸੇਵਾਵਾਂ ਨੂੰ ਮਜ਼ਬੂਤ ਕਰਨ ਲਈ ਭਾਰਤੀ ਡਾਕਟਰਾਂ ਨੂੰ ਇੱਕ ਵੱਡੀ ਪੇਸ਼ਕਸ਼ ਕੀਤੀ ਹੈ । ਇਸ ਦੇ ਤਹਿਤ ਭਾਰਤੀ ਡਾਕਟਰਾਂ ਨੂੰ ਐਕਸਪ੍ਰੈਸ ਵੀਜ਼ਾ ਐਂਟਰੀ ਦਿੱਤੀ ਜਾਵੇਗੀ। ਪਹਿਲੇ ਪੜਾਅ ਵਿੱਚ ਸੰਘੀ ਸੇਵਾਵਾਂ ਲਈ 1000 ਡਾਕਟਰਾਂ ਅਤੇ ਸੂਬਾਈ ਸਰਕਾਰਾਂ ਲਈ 5,000 ਡਾਕਟਰਾਂ ਨੂੰ ਵੀਜ਼ਾ ਜਾਰੀ ਕੀਤਾ ਜਾਵੇਗਾ। ਐਕਸਪ੍ਰੈਸ ਵੀਜ਼ਾ ਐਂਟਰੀ ਦਾ ਇਹ ਪਹਿਲਾ ਪੜਾਅ ਇਸ ਮਹੀਨੇ ਦੇ ਅੰਤ ਵਿੱਚ ਲਾਗੂ ਹੋਣ ਦੀ ਉਮੀਦ ਹੈ। ਕੈਨੇਡਾ ਵਿੱਚ ਪਹਿਲਾਂ ਤੋਂ ਕੰਮ ਕਰ ਰਹੇ ਭਾਰਤੀ ਡਾਕਟਰ ਅਤੇ ਭਾਰਤ ਤੋਂ ਜਾਣ ਦੇ ਇੱਛੁਕ ਮੈਡੀਕੋਜ਼ ਦੋਵੇਂ ਅਪਲਾਈ ਕਰ ਸਕਦੇ ਹਨ। ਉਨ੍ਹਾਂ ਦੀ ਵੱਖ-ਵੱਖ ਮਾਪਦੰਡਾਂ ਦੇ ਆਧਾਰ 'ਤੇ ਜਾਂਚ ਕੀਤੀ ਜਾਵੇਗੀ।
ਜ਼ਿਕਰਯੋਗ ਹੈ ਕਿ ਲਗਭਗ 5 ਕਰੋੜ ਦੀ ਆਬਾਦੀ ਵਾਲੇ ਕੈਨੇਡਾ ਨੂੰ ਡਾਕਟਰਾਂ ਦੀ ਘਾਟ ਹੈ । ਕੈਨੇਡੀਅਨ ਮੈਡੀਕਲ ਐਸੋਸੀਏਸ਼ਨ ਦੀ ਇੱਕ ਰਿਪੋਰਟ ਦੇ ਅਨੁਸਾਰ ਸਿਰਫ 37% ਮਰੀਜ਼ਾਂ ਨੂੰ 24 ਘੰਟਿਆਂ ਦੇ ਅੰਦਰ ਐਮਰਜੈਂਸੀ ਅਪੌਇੰਟਮੈਂਟ ਮਿਲਦੀ ਹੈ। 22 ਦਸੰਬਰ ਨੂੰ ਕੈਨੇਡਾ ਦੇ ਐਡਮਿੰਟਨ ਹਸਪਤਾਲ ਮੂਲ ਦੇ ਪ੍ਰਸ਼ਾਂਤ ਦੀ ਇਲਾਜ਼ ’ਚ ਦੇਰੀ ਦੇ ਕਾਰਨ ਮੌਤ ਹੋਣ ਦਾ ਮਾਮਲਾ ਚਰਚਾ ਵਿਚ ਰਿਹਾ ਸੀ।
ਕੈਨੇਡਾ ਵਿੱਚ ਹਰ ਸਾਲ ਉੱਚ-ਹੁਨਰ ਸ਼੍ਰੇਣੀ ਦੇ ਤਹਿਤ ਭਾਰਤੀਆਂ ਨੂੰ ਲਗਭਗ 30% ਤੋਂ ਵੱਧ ਵੀਜ਼ੇ ਜਾਰੀ ਹੁੰਦੇ ਹਨ। ਕੈਨੇਡਾ ’ਚ 2025 ’ਚ 52 ਹਜ਼ਾਰ ਤੋਂ ਜ਼ਿਆਦਾ ਭਾਰਤੀ ਟੇਕ ਅਤੇ ਮੇਡੀਕੋ ਪ੍ਰੋਫੈਸ਼ਨਲ ਨੂੰ ਹਾਈ ਸਕਿਲ ਵੀਜ਼ਾ ਜਾਰੀ ਹੋਏ। ਇਸ ਕੈਟੇਗਰੀ ’ਚ ਦੂਜੇ ਨੰਬਰ ’ਤੇ ਚੀਨ ਨੂੰ 18 ਹਜ਼ਾਰ ਵੀਜ਼ੇ ਜਾਰੀ ਹੋਏ। ਪਿਛਲੇ 5 ਸਾਲ ਤੋਂ ਭਾਰਤ ਪਹਿਲੇ ਨੰਬਰ ’ਤੇ ਹੈ।
ਭਾਰਤ ਅਤੇ ਕੈਨੇਡਾ ਨੇ ਦਸੰਬਰ ਵਿੱਚ ਇੱਕ ਆਰਥਿਕ ਭਾਈਵਾਲੀ ਸਮਝੌਤੇ 'ਤੇ ਗੱਲਬਾਤ ਸ਼ੁਰੂ ਕੀਤੀ, ਜੋ ਕਿ ਇੱਕ ਵਪਾਰਕ ਸਮਝੌਤੇ ਵੱਲ ਪਹਿਲਾ ਕਦਮ ਹੈ। ਇਹ ਸਮਝੌਤਾ ਪੰਜ ਸਾਲਾਂ ਤੋਂ ਰੁਕਿਆ ਹੋਇਆ ਸੀ। ਕੈਨੇਡੀਅਨ ਪ੍ਰਧਾਨ ਮੰਤਰੀ ਕਾਰਨੀ ਇਸ ਸਾਲ ਭਾਰਤ ਦਾ ਦੌਰਾ ਕਰ ਸਕਦੇ ਹਨ।