ਸਮੁੰਦਰੀ ਫ਼ੌਜ ਨੇ ਹਿੰਦ ਮਹਾਂਸਾਗਰ 'ਚ ਕੀਤਾ ਜੰਗੀ ਅਭਿਆਸ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਭਾਰਤ ਨਾਲ ਲਗਭਗ ਤਿੰਨ ਮਹੀਨੇ ਤੋਂ ਜਾਰੀ ਡੋਕਲਾਮ ਵਿਵਾਦ ਵਿਚਕਾਰ ਚੀਨ ਨੇ ਇਕ ਵਾਰ ਫਿਰ ਅਪਣੀ ਤਾਕਤ ਵਿਖਾਈ ਹੈ।

Navy

ਬੀਜਿੰਗ, 26 ਅਗੱਸਤ : ਭਾਰਤ ਨਾਲ ਲਗਭਗ ਤਿੰਨ ਮਹੀਨੇ ਤੋਂ ਜਾਰੀ ਡੋਕਲਾਮ ਵਿਵਾਦ ਵਿਚਕਾਰ ਚੀਨ ਨੇ ਇਕ ਵਾਰ ਫਿਰ ਅਪਣੀ ਤਾਕਤ ਵਿਖਾਈ ਹੈ। ਹਿੰਦ ਮਹਾਂਸਾਗਰ 'ਚ ਚੀਨ ਨੇ ਜੰਗੀ ਅਭਿਆਸ ਕੀਤਾ।
ਚੀਨ ਦੇ ਸਰਕਾਰੀ ਮੀਡੀਆ ਮੁਤਾਬਕ ਪਛਮੀ ਹਿੰਦ ਮਹਾਸਾਗਰ 'ਚ ਨੇਵੀ ਦੇ ਬੇੜੇ 'ਚ ਸ਼ਾਮਲ ਮਿਜ਼ਾਈਲ ਫ਼ਰੀਗੇਟ ਜਿੰਗਝੋਉ ਸਮੇਤ ਹੋਰ ਜਹਾਜ਼ਾਂ ਨੇ ਹਿੱਸਾ ਲਿਆ। ਜੰਗ ਦੇ ਅਸਲੀ ਹਾਲਾਤ 'ਚ ਫ਼ੌਜ ਦੀ ਕਾਰਗੁਜਾਰੀ ਬਿਹਤਰ ਕਰਨ ਦੇ ਇਰਾਦੇ ਨਾਲ ਇਹ ਅਭਿਆਸ ਕੀਤਾ ਗਿਆ।
ਚੀਨ ਦੀ ਸਰਕਾਰੀ ਨਿਊਜ਼ ਏਜੰਸੀ ਸ਼ਿੰਹੁਆ ਨੇ ਸ਼ੁਕਰਵਾਰ ਨੂੰ ਅਪਣੀ ਰੀਪੋਰਟ 'ਚ ਦਸਿਆ ਕਿ ਹਾਲ ਹੀ ਦੇ ਸਾਲਾਂ 'ਚ ਚੀਨ ਨੇ ਪਹਿਲੀ ਵਾਰ ਹਿੰਦ ਮਹਾਂਸਾਗਰ 'ਚ ਅਭਿਆਸ ਕੀਤਾ ਹੈ। ਹਾਲਾਂਕਿ ਰੀਪੋਰਟ 'ਚ ਇਸ ਅਭਿਆ ਦੀ ਸਹੀ ਲੋਕੇਸ਼ਨ ਦਾ ਖੁਲਾਸਾ ਨਹੀਂ ਕੀਤਾ ਹੈ। ਬੀਜਿੰਗ ਨੇ ਅਪਣੀ ਸਮੁੰਦਰੀ ਮਾਰਕ ਸਮਰੱਥਾ ਨੂੰ ਵਧੀਆ ਬਣਾਉਣ ਲਈ ਇਹ ਅਭਿਆਸ ਕੀਤਾ, ਜਿਸ 'ਚ ਡੈਸਟ੍ਰਾਇਰ ਚਾਂਗਛੁਨ, ਮਿਜ਼ਾਈਲ ਫ਼ਰੀਗੇਟ ਜਿੰਗਝਾਉ ਅਤੇ ਸਪਲਾਈ ਵੇਸਲ ਚਾਹੁ ਨੇ ਹਿੱਸਾ ਲਿਆ। ਇਸ ਦੌਰਾਨ ਚੀਨੀ ਜਹਾਜ਼ਾਂ ਦੇ ਬੇੜੇ ਨੇ ਦੁਸ਼ਮਣ ਦੇ ਜਹਾਜ਼ਾਂ 'ਤੇ ਹਮਲੇ, ਜੰਗ ਦੌਰਾਨ ਪੀਣ ਦੇ ਪਾਣੀ ਅਤੇ ਫਿਊਲ ਦੀ ਸਪਲਾਈ ਦਾ ਅਭਿਆਸ ਕੀਤਾ।
ਜ਼ਿਕਰਯੋਗ ਹੈ ਕਿ ਸਿੱਕਮ ਸੈਕਟਰ ਦੇ ਡੋਕਲਾਮ ਏਰੀਆ 'ਚ ਭੂਟਾਨ ਟਰਾਈਜੰਕਸ਼ਨ ਦੇ ਨੇੜੇ ਚੀਨ ਇਕ ਸੜਕ ਬਣਾਉਣਾ ਚਾਹੁੰਦਾ ਹੈ। ਭਾਰਤ ਅਤੇ ਭੂਟਾਨ ਇਸ ਦਾ ਵਿਰੋਧ ਕਰ ਰਹੇ ਹਨ। ਲਗਭਗ 3 ਮਹੀਨੇ ਤੋਂ ਇਸ ਇਲਾਕੇ 'ਚ ਭਾਰਤ ਅਤੇ ਚੀਨ ਦੇ ਫ਼ੌਜੀ ਆਹਮੋ-ਸਾਹਮਣੇ ਹਨ। ਰੀਪੋਰਟ 'ਚ ਚੀਨੀ ਬੇੜੇ ਦੇ ਚੀਫ਼ ਆਫ ਸਟਾਫ਼ ਚੇਨ ਡੇਨਾਨ ਨੇ ਦਸਿਆ ਕਿ  ਅਭਿਆਸ ਦਾ ਉਦੇਸ਼ ਜੰਗ ਦੇ ਅਸਲੀ ਹਾਲਾਤ 'ਚ ਅਪਣੀ ਤਾਕਤ ਵਿਖਾਉਣਾ ਸੀ। (ਪੀਟੀਆਈ)