11 ਏਕੜ ਵਿਚ ਫ਼ੈਲਿਆ ਸਕਾਟਲੈਂਡ ਦਾ ਟਾਪੂ ਵਿਕਾਉ ਹੈ 80 ਹਜ਼ਾਰ ਪੌਂਡ ’ਚ
’ਫਿਊਚਰ ਅਕਸ਼ਨ’ ਜੋ ਡੀਅਰ ਆਈਲੈਂਡ ਦੀ ਵਿਕਰੀ ਦਾ ਕਰ ਰਹੀ ਹੈ ਪ੍ਰਬੰਧ
ਗਲਾਸਗੋ : ਸਕਾਟਲੈਂਡ ਵਿਚ ਇਕ ਟਾਪੂ ਨੂੰ ਵਿਕਰੀ ’ਤੇ ਲਗਾਇਆ ਗਿਆ ਹੈ, ਜਿਸ ਦੀ ਕੀਮਤ ਤਕਰੀਬਨ 80,000 ਪੌਂਡ ਰੱਖੀ ਗਈ ਹੈ। ਇਸ ਟਾਪੂ ਦੀ ਕੀਮਤ ਦੇ ਬਰਾਬਰ ਲੰਡਨ ਵਿਚ ਇਕ ਗੈਰੇਜ ਹੀ ਖ਼ਰੀਦਿਆ ਜਾ ਸਕਦਾ ਹੈ। ਪਛਮੀ ਹਾਈਲੈਂਡਜ਼ ਵਿਚ ਲੋਚ ਮਾਇਡਰੀ ਦਾ ਡੀਅਰ ਆਈਲੈਂਡ, ਜਿਸ ਨੂੰ ਈਲੀਅਨ ਏ ਫੇਹਧ ਵੀ ਕਿਹਾ ਜਾਂਦਾ ਹੈ।
ਇਹ ਹੁਣ ਬੈਟਰਸੀ, ਸਾਊਥ ਲੰਡਨ ਵਿਚ ਇਕ ਗੈਰੇਜ ਦੀ ਕੀਮਤ ’ਚ ਨਿਲਾਮੀ ਲਈ ਤਿਆਰ ਹੈ। ਇਸ 11 ਏਕੜ ਟਾਪੂ ’ਤੇ ਕੋਈ ਘਰ ਜਾਂ ਸਹੂਲਤਾਂ ਨਹੀਂ ਹਨ। ਇਸ ਦੇ ਗੁਆਂਢ ਵਿਚ ਈਲੀਅਨ ਸ਼ੋਨਾ ਨਾਮ ਦੀ ਜਾਇਦਾਦ ਇਕ ਅਰਬਪਤੀ ਰਿਚਰਡ ਬ੍ਰੈਨਸਨ ਦੀ ਭੈਣ ਵੈਨਸਾ ਬ੍ਰਾਂਸਨ ਦੀ ਮਲਕੀਅਤ ਹੈ।
ਇਹ ਡੀਅਰ ਆਈਲੈਂਡ ਸਕਾਟਿਸ਼ ਹਾਈਲੈਂਡਜ਼ ਵਿੱਚ ਫੋਰਟ ਵਿਲੀਅਮ ਤੋਂ ਲੱਗਭਗ 45 ਮੀਲ ਦੀ ਦੂਰੀ ’ਤੇ ਹੈ। ਇਹ ਟਾਪੂ ਪੀੜ੍ਹੀਆਂ ਤੋਂ ਮੋਈਡਾਰਟ ਖ਼ਾਨਦਾਨ ਦੇ ਕਲੈਨਰਾਲਡ ਦੀ ਮਲਕੀਅਤ ਸੀ ਪਰ ਇਹ ਸਪੱਸ਼ਟ ਨਹੀਂ ਹੈ ਕਿ 26 ਮਾਰਚ ਨੂੰ ਨਿਲਾਮੀ ’ਤੇ ਇਸ ਨੂੰ ਕੌਣ ਵੇਚ ਰਿਹਾ ਹੈ।
’ਫਿਊਚਰ ਅਕਸ਼ਨ’ ਜੋ ਡੀਅਰ ਆਈਲੈਂਡ ਦੀ ਵਿਕਰੀ ਦਾ ਪ੍ਰਬੰਧ ਕਰ ਰਹੀ ਹੈ, ਅਨੁਸਾਰ ਸਕਾਟਲੈਂਡ ਦੇ ਇਸ ਨਿੱਜੀ ਟਾਪੂ ਦਾ ਘੱਟ ਕੀਮਤ ’ਤੇ ਮਾਲਕ ਬਣਨ ਦਾ ਇਹ ਸੁਨਹਿਰੀ ਮੌਕਾ ਹੈ ਕਿਉਂਕਿ ਟਾਪੂ ਦੀ ਕੀਮਤ ਅਰਡਰੋਸਨ ਵਿੱਚ ਤਿੰਨ ਬੈੱਡਰੂਮ ਮਕਾਨ ਤੋਂ ਵੀ ਘੱਟ ਹੈ।