82 ਸਾਲਾ ਮਾਂ ਨੇ ਪੁੱਤਰ ਨੂੰ ਗੁਰਦਾ ਦੇ ਕੇ ਬਚਾਈ ਜਾਨ, ਡਾਕਟਰ ਵੀ ਕਰ ਰਿਹੈ ਸਲਾਮ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਇਟਲੀ ਵਿਚ ਇਕ ਵੱਡੇਰੀ ਉਮਰ ਦੀ ਮਾਂ ਵਲੋਂ ਅਜਿਹਾ ਦਾਨ ਕਰਨ ਦਾ ਇਹ ਪਹਿਲਾ ਕੇਸ ਹੈ।    

The 82-year-old mother saved her son's life by donating a kidney

ਰੋਮ : ਇਕ ਮਾਂ ਹਮੇਸ਼ਾ ਹੀ ਅਪਣੀ ਔਲਾਦ ਦੀ ਸੁੱਖ ਹੀ ਨਹੀਂ ਮੰਗਦੀ ਹੈ ਸਗੋਂ ਆਪਾ ਵੀ ਨਿਸ਼ਾਵਰ ਕਰਦੀ ਹੈ ਤੇ ਕਈ ਵਾਰ ਔਲਾਦ ਦੀ ਜ਼ਿੰਦਗੀ ਲਈ ਮਾਂ ਅਪਣੀ ਜ਼ਿੰਦਗੀ ਖ਼ਤਰੇ ਵਿਚ ਵੀ ਪਾ ਲੈਂਦੀ ਹੈ। ਅਜਿਹਾ ਹੀ ਇਕ ਅਨੋਖਾ ਮਾਮਲਾ ਉੱਤਰੀ ਇਟਲੀ ਦੇ ਸ਼ਹਿਰ ਤੌਰੀਨੋ ਵਿਚ ਵੇਖਣ ਨੂੰ ਮਿਲਿਆ ਹੈ।

ਇਥੇ ਇਕ 82 ਸਾਲਾ ਔਰਤ ਨੇ ਅਪਣੇ 53 ਸਾਲਾ ਬੇਟੇ ਨੂੰ ਗੁਰਦਾ ਦੇ ਕੇ ਉਸ ਦੀ ਕੀਮਤੀ ਜਾਨ ਬਚਾਈ। ਗੁਰਦੇ ਦਾ ਟਰਾਂਸਪਲਾਂਟ ਇਟਲੀ ਦੇ ਸ਼ਹਿਰ ਤੌਰੀਨੋ ਦੇ ਮੌਲੀਨੇਤੇ ਵਿਚ ਕੀਤਾ ਗਿਆ, 53 ਸਾਲਾ ਵਿਅਕਤੀ ਗਲੋਮੇਰੂਲੋਨੇਫ੍ਰਾਈਟਸ ਨਾਮ ਦੀ ਬੀਮਾਰੀ ਤੋਂ ਪੀੜਤ ਸੀ। ਇਹ ਬੀਮਾਰੀ ਵਿਅਕਤੀ ਦੇ ਗੁਰਦੇ ਨੂੰ ਨੁਕਸਾਨ ਪਹੁੰਚਾ ਰਹੀ ਸੀ। ਨਵੇਂ ਗੁਰਦੇ ਨੇ ਉਸ ਨੂੰ ਡਾਇਲਸਿਜ਼ ਤੋਂ ਬਚਣ ਦੇ ਯੋਗ ਬਣਾ ਦਿਤਾ। 

ਮੌਲੀਨੇਤੇ ਨੈਫ਼ਰੋਲੋਜੀ ਦੇ ਮੁੱਖੀ ਲੁਈਜੀ ਬਿਆਨਕੋਨੇ ਨੇ ਇਸ ਮੌਕੇ ਕਿਹਾ ਕਿ ਇਟਲੀ ਵਿਚ ਜੀਵਿਤ ਦਾਨੀਆਂ ਨਾਲ ਟਰਾਂਸਪਲਾਂਟ ਵੱਧ ਰਹੇ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਦਾਨ ਕਰਨ ਵਾਲੇ ਦੀ ਕੋਈ ਸੀਮਾ ਨਹੀਂ ਹੈ ਪਰ ਉਮਰ ਦਾ ਭਾਰ ਕਲੀਨਿਕਲ, ਰੂਪ ਵਿਗਿਆਨਿਕ ਅਤੇ ਕਾਰਜਸ਼ੀਲ ਅੰਕੜਿਆਂ ਦੇ ਨਾਲ ਜੋੜ ਕੇ ਹੋਣਾ ਚਾਹੀਦਾ ਹੈ

ਜੋ ਇਕ ਘੱਟ ਜੀਵ-ਵਿਗਿਆਨ ਦੀ ਉਮਰ ਦਾ ਸੰਕੇਤ ਦੇ ਸਕਦਾ ਹੈ। ਇਕ ਬਜ਼ੁਰਗ ਮਾਂ ਵਲੋਂ ਅਪਣੀ ਔਲਾਦ ਲਈ ਅਜਿਹਾ ਸਾਹਸੀ ਕਾਰਜ ਕਰਨ ’ਤੇ ਡਾਕਟਰ ਵੀ ਇਸ ਮਾਂ ਨੂੰ ਵਧਾਈ ਦਿੰਦੇ ਹੋਏ ਸਲਾਮ ਵੀ ਕਰ ਰਹੇ ਹਨ। ਇਟਲੀ ਵਿਚ ਇਕ ਵੱਡੇਰੀ ਉਮਰ ਦੀ ਮਾਂ ਵਲੋਂ ਅਜਿਹਾ ਦਾਨ ਕਰਨ ਦਾ ਇਹ ਪਹਿਲਾ ਕੇਸ ਹੈ।