ਪ੍ਰਿੰਸ ਵਿਲੀਅਮ ਅਤੇ ਕੇਟ ਦੇ ਇਕੱਠੇ ਦੀ ਵੀਡੀਉ ਸਾਹਮਣੇ ਆਉਣ ਨਾਲ ਅਫਵਾਹਾਂ ਨੂੰ ਲੱਗੀ ਲਗਾਮ, 

ਏਜੰਸੀ

ਖ਼ਬਰਾਂ, ਕੌਮਾਂਤਰੀ

ਈਸਟਰ ਤੋਂ ਬਾਅਦ ਕੇਟ ਦੇ ਅਧਿਕਾਰਤ ਡਿਊਟੀ ’ਤੇ ਵਾਪਸ ਪਰਤਣ ਦੀ ਸੰਭਾਵਨਾ

Prince William with Kate Middleton.

ਲੰਡਨ: ਲੰਮੇ ਸਮੇਂ ਬਾਅਦ ਪ੍ਰਿੰਸ ਵਿਲੀਅਮ ਅਤੇ ਉਨ੍ਹਾਂ ਦੀ ਪਤਨੀ ਕੈਥਰੀਨ ਦੀ ਇਕ ਵੀਡੀਉ ਸਾਹਮਣੇ ਆਈ ਹੈ। ਵੀਡੀਉ ਨੂੰ ਉਨ੍ਹਾਂ ਦੇ ਵਿੰਡਸਰ ਸਥਿਤ ਘਰ ਦੇ ਨੇੜੇ ਇਕ ਦੁਕਾਨ ’ਤੇ ਫਿਲਮਾਇਆ ਗਿਆ ਹੈ, ਜੋ ਕੇਟ ਦੀ ਅਣਪਛਾਤੀ ਬਿਮਾਰੀ ਮਗਰੋਂ ਹੋਏ ਆਪਰੇਸ਼ਨ ਤੋਂ ਬਾਅਦ ਉਨ੍ਹਾਂ ਦੀ ਪਹਿਲੀ ਵੀਡੀਉ ਹੈ। ਬਰਤਾਨੀਆਂ ਦੀ ਇਕ ਅਖਬਾਰ ‘ਦ ਸਨ’ ਨੇ ਸੋਮਵਾਰ ਦੇਰ ਰਾਤ ਇਕ ਛੋਟੀ ਜਿਹੀ ਕਲਿੱਪ ਪ੍ਰਕਾਸ਼ਤ ਕੀਤੀ, ਜਿਸ ਵਿਚ ਵਿਲੀਅਮ ਅਤੇ ਕੇਟ ਸ਼ਾਪਿੰਗ ਬੈਗ ਲੈ ਕੇ ਇਕੱਠੇ ਤੁਰਦੇ ਹੋਏ ਮੁਸਕਰਾਉਂਦੇ ਵਿਖਾਈ ਦੇ ਰਹੇ ਹਨ। ਇਹ ਫੁਟੇਜ ਸਨਿਚਰਵਾਰ ਨੂੰ ਲੰਡਨ ਦੇ ਪੱਛਮ ’ਚ ਵਿੰਡਸਰ ’ਚ ਲਈ ਗਈ ਹੈ। ਅਖ਼ਬਾਰ ਨੇ ਵੀਡੀਉ ਬਣਾਉਣ ਵਾਲੇ ਨੇਲਸਨ ਸਿਲਵਾ ਨਾਲ ਵੀ ਗੱਲ ਕੀਤੀ, ਜਿਸ ਨੇ ਕਿਹਾ, ‘‘ਕੇਟ ਖੁਸ਼ ਅਤੇ ਸ਼ਾਂਤ ਨਜ਼ਰ ਆ ਰਹੀ ਸੀ। ਦੋਵੇਂ ਸਿਰਫ ਇਕ ਦੁਕਾਨ ’ਤੇ ਜਾਣ ਅਤੇ ਸਾਮਾਨ ਖ਼ਰੀਦਣ ਦੀ ਖ਼ੁਸ਼ੀ ਪ੍ਰਾਪਤ ਕਰਨ ਲਈ ਨਿਕਲੇ ਲਗਦੇ ਸਨ।’’ ਜੋੜੇ ਦੇ ਕੇਨਸਿੰਗਟਨ ਪੈਲੇਸ ਦਫਤਰ ਨੇ ਇਸ ਵੀਡੀਉ ’ਤੇ ਕੋਈ ਟਿਪਣੀ ਨਹੀਂ ਕੀਤੀ। 

ਪੈਲੇਸ ਨੇ ਕਿਹਾ ਹੈ ਕਿ 42 ਸਾਲ ਦੀ ਕੇਟ ਈਸਟਰ ਤੋਂ ਬਾਅਦ ਅਧਿਕਾਰਤ ਡਿਊਟੀ ’ਤੇ ਵਾਪਸ ਆ ਜਾਵੇਗੀ। ਇਹ ਉਦੋਂ ਹੋਣ ਦੀ ਸੰਭਾਵਨਾ ਹੈ ਜਦੋਂ ਉਸ ਦੇ ਬੱਚੇ 17 ਅਪ੍ਰੈਲ ਨੂੰ ਸਕੂਲ ਵਾਪਸ ਜਾਣਗੇ। ‘ਦ ਸਨ’ ਨੇ ਅਪਣੇ ਪਹਿਲੇ ਪੰਨੇ ’ਤੇ ਵੱਡੇ ਅੱਖਰਾਂ ’ਚ ਲਿਖਿਆ, ‘‘ਤੁਹਾਨੂੰ ਦੁਬਾਰਾ ਵੇਖ ਕੇ ਬਹੁਤ ਵਧੀਆ ਲੱਗਾ, ਕੇਟ!’’ ਇਸ ਨੇ ਕਿਹਾ ਕਿ ਉਸ ਨੇ ਫੁਟੇਜ ਇਸ ਲਈ ਪ੍ਰਕਾਸ਼ਤ ਕਰਨ ਦਾ ਫੈਸਲਾ ਕੀਤਾ ਹੈ ਤਾਂ ਜੋ, ਪੈਲੇਸ ਅਨੁਸਾਰ, ‘ਸੋਸ਼ਲ ਮੀਡੀਆ ਦੇ ਪਾਗਲਪਨ’ ਨੂੰ ਖਤਮ ਕੀਤਾ ਜਾ ਸਕੇ। 

ਸੋਸ਼ਲ ਮੀਡੀਆ ’ਤੇ ਤਸਵੀਰ ਜਾਰੀ ਕਰਨ ਮਗਰੋਂ ਹੋਰ ਭਖਿਆ ਸੀ ਕਿਆਸਿਆਂ ਦਾ ਬਾਜ਼ਾਰ

ਰਾਜਕੁਮਾਰੀ ਦੀ ਗੈਰਹਾਜ਼ਰੀ ਦੌਰਾਨ ਉਸ ਦੀ ਹਾਲਤ ਬਾਰੇ ਬਹੁਤ ਸਾਰੇ ਕਿਆਸੇ ਲਗਦੇ ਰਹੇ ਹਨ। ਪੈਲੇਸ ਨੇ ਵੇਰਵਿਆਂ ਦਾ ਪ੍ਰਗਟਾਵਾ ਨਹੀਂ ਕੀਤਾ ਹੈ, ਪਰ ਕਿਹਾ ਹੈ ਕਿ ਇਹ ਕੈਂਸਰ ਨਾਲ ਸਬੰਧਤ ਨਹੀਂ ਹੈ। ਕੇਨਸਿੰਗਟਨ ਪੈਲੇਸ ਨੇ 10 ਮਾਰਚ ਨੂੰ ਬਰਤਾਨੀਆਂ ਵਿਚ ‘ਮਾਂ ਦਿਵਸ’ ਦੇ ਮੌਕੇ ’ਤੇ ਕੇਟ ਅਤੇ ਉਸ ਦੇ ਬੱਚਿਆਂ ਜਾਰਜ, ਸ਼ਾਰਲੋਟ ਅਤੇ ਲੂਈਸ ਦੀ ਇਕ ਤਸਵੀਰ ਜਾਰੀ ਕੀਤੀ। ਪਰ ਉਨ੍ਹਾਂ ਦਾ ਇਹ ਕਦਮ ਉਦੋਂ ਉਲਟ ਪੈ ਗਿਆ ਜਦੋਂ ਐਸੋਸੀਏਟਿਡ ਪ੍ਰੈਸ ਅਤੇ ਹੋਰ ਨਿਊਜ਼ ਏਜੰਸੀਆਂ ਨੇ ਇਸ ਤਸਵੀਰ ਨੂੰ ਪ੍ਰਕਾਸ਼ਿਤ ਕਰਨ ਤੋਂ ਬਾਅਦ ਕੁੱਝ ਘੰਟਿਆਂ ਮਗਰੋਂ ਹੀ ਵਾਪਸ ਲੈ ਲਿਆ ਕਿਉਂਕਿ ਅਜਿਹਾ ਜਾਪਦਾ ਸੀ ਕਿ ਇਸ ਤਸਵੀਰ ਨਾਲ ਛੇੜਛਾੜ ਕੀਤੀ ਗਈ ਸੀ, ਜਿਸ ਨਾਲ ਕਿਆਸਿਆਂ ਦਾ ਬਾਜ਼ਾਰ ਹੋਰ ਭਖ ਗਿਆ ਸੀ ਕਿਉਂਕਿ ਤਸਵੀਰ ’ਚ ਰਾਜਕੁਮਾਰੀ ਦੇ ਹੱਥ ’ਚ ਵਿਆਹ ਵਾਲੀ ਅੰਗੂਠੀ ਵੀ ਨਹੀਂ ਦਿਸ ਰਹੀ ਸੀ। ਬਾਅਦ ’ਚ ਕੇਟ ਨੇ ਇਕ ਬਿਆਨ ਜਾਰੀ ਕਰ ਕੇ ਖ਼ੁਦ ਹੀ ਮੰਨ ਲਿਆ ਸੀ ਕਿ ਉਸ ਨੇ ਤਸਵੀਰ ਨੂੰ ਦਰੁਸਤ ਕਰਨ ਦੀ ਕੋਸ਼ਿਸ਼ਸ ਕੀਤੀ ਸੀ ਅਤੇ ਇਸ ਲਈ ਉਸ ਨੇ ਮਾਫ਼ੀ ਵੀ ਮੰਗ ਲਈ ਸੀ।