ਮੋਦੀ ਦਾ ਜਮਾਤੀ ਲੱਭਣ ਵਾਲੇ ਨੂੰ ਦਿਤਾ ਜਾਵੇਗਾ ਇਕ ਲੱਖ ਰੁਪਏ ਦਾ ਇਨਾਮ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਐਸਐਸਸੀ-ਬੀਏ-ਐਮਏ ਵਿਚ ਉਨ੍ਹਾਂ ਦੇ ਕਿਸੇ ਜਮਾਤੀ ਨੂੰ ਲੱਭ ਕੇ ਲਿਆਵੇਗਾ, ਉਸ ਵਿਅਕਤੀ ਨੂੰ ਇਕ ਲੱਖ ਰੁਪਏ ਦਾ ਇਨਾਮ ਦਿਤਾ ਜਾਵੇਗਾ
ਬੰਗਲੁਰੂ : ਇੱਥੋਂ ਦੇ ਇਕ ਤਕਨੀਕੀ ਮਾਹਿਰ ਸ੍ਰੀਨਿਵਾਸ ਚੰਦਰ ਨੇ 2016 'ਚ ਐਲਾਨ ਕੀਤਾ ਸੀ ਕਿ ਜੋ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਐਸਐਸਸੀ-ਬੀਏ-ਐਮਏ ਵਿਚ ਉਨ੍ਹਾਂ ਦੇ ਕਿਸੇ ਜਮਾਤੀ ਨੂੰ ਲੱਭ ਕੇ ਲਿਆਵੇਗਾ, ਉਸ ਵਿਅਕਤੀ ਨੂੰ ਇਕ ਲੱਖ ਰੁਪਏ ਦਾ ਇਨਾਮ ਦਿਤਾ ਜਾਵੇਗਾ। ਦਸ ਦਈਏ ਕਿ ਪੀਐਮ ਮੋਦੀ ਨੇ ਐਲਾਨ ਕੀਤਾ ਸੀ ਕਿ ਉਨ੍ਹਾਂ ਨੇ ਗੁਜਰਾਤ ਤੋਂ ਐਸਐਸਸੀ ਪਾਸ ਕੀਤੀ ਹੈ, ਦਿੱਲੀ ਯੂਨੀਵਰਸਿਟੀ ਤੋਂ ਗ੍ਰੈਜੁਏਸ਼ਨ ਅਤੇ ਗੁਜਰਾਤ ਯੂਨੀਵਰਸਿਟੀ ਤੋਂ ਪੋਸਟ ਗ੍ਰੈਜੁਏਸ਼ਨ ਕੀਤੀ ਹੈ ਪਰ ਮੋਦੀ ਦੀ ਯੋਗਤਾ ਬਾਰੇ ਜਾਣਕਾਰੀ ਲੈਣ ਸਬੰਧੀ ਪਾਈ ਆਰਟੀਆਈ ਨੂੰ ਗੁਜਰਾਤ ਯੂਨੀਵਰਸਿਟੀ ਅਤੇ ਐਸਐਸਸੀ ਬੋਰਡ ਵਲੋਂ ਖ਼ਾਰਜ ਕਰ ਦਿਤਾ ਗਿਆ। ਇਹੀ ਨਹੀਂ, ਦਿੱਲੀ ਯੂਨੀਵਰਸਿਟੀ ਨੇ ਵੀ ਆਰਟੀਆਈ ਨੂੰ ਖ਼ਾਰਜ ਕਰ ਦਿਤਾ ਸੀ।
ਸ੍ਰੀਨਿਵਾਸ ਨੇ ਇਹ ਵੀ ਕਿਹਾ ਹੈ ਕਿ ਉਨ੍ਹਾਂ ਨੇ ਅਪਣੀ ਸਿੱਖਿਆ ਦੇ ਆਧਾਰ 'ਤੇ ਮੋਦੀ ਨੂੰ ਵੋਟ ਦਿਤਾ ਪਰ ਲਗਾਤਾਰ ਆਰਟੀਆਈ ਖ਼ਾਰਜ ਕੀਤੇ ਜਾਣ ਤੋਂ ਬਾਅਦ ਉਨ੍ਹਾਂ ਨੂੰ ਕਾਫ਼ੀ ਠੇਸ ਪਹੁੰਚੀ ਹੈ। ਦੱਸ ਦੇਈਏ ਕਿ ਆਮ ਆਦਮੀ ਪਾਰਟੀ (ਆਪ) ਨੇ ਦਾਅਵਾ ਕੀਤਾ ਸੀ ਕਿ ਉਸ ਕੋਲ ਅਜਿਹੇ ਨਵੇਂ ਦਸਤਾਵੇਜ਼ ਮੌਜੂਦ ਹਨ, ਜਿਸ ਨਾਲ ਸਾਬਤ ਕੀਤਾ ਜਾ ਸਕਦਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦਿੱਲੀ ਯੂਨੀਵਰਸਿਟੀ ਤੋਂ ਗਰੈਜੂਏਸ਼ਨ ਦੀ ਡਿਗਰੀ ਹਾਸਲ ਕਰਨ ਬਾਰੇ ਗ਼ਲਤ ਜਾਣਕਾਰੀ ਦਿਤੀ ਹੈ ਅਤੇ ਅਖ਼ਬਾਰਾਂ 'ਚ ਪ੍ਰਕਾਸ਼ਤ ਮੋਦੀ ਦੀ ਡਿਗਰੀ ਫ਼ਰਜ਼ੀ ਹੈ।
ਜ਼ਿਕਰਯੋਗ ਹੈ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕੱਲ੍ਹ ਦਿੱਲੀ ਯੂਨੀਵਰਸਿਟੀ ਨੂੰ ਅਪੀਲ ਕੀਤੀ ਸੀ ਕਿ ਉਹ ਪ੍ਰਧਾਨ ਮੰਤਰੀ ਦੀ ਡਿਗਰੀ ਲੋਕਾਂ ਲਈ ਵੈਬਸਾਈਟ 'ਤੇ ਜਨਤਕ ਕਰਨ ਅਤੇ ਯਕੀਨੀ ਬਣਾਉਣ ਕਿ ਡਿਗਰੀ ਦੇ ਦਸਤਾਵੇਜ਼ ਸੁਰੱਖਿਅਤ ਹਨ। ਉਨ੍ਹਾ ਇਸ ਸੰਬੰਧ 'ਚ ਯੂਨੀਵਰਸਿਟੀ ਨੂੰ ਪੱਤਰ ਵੀ ਲਿਖਿਆ। ਆਪ ਦਾ ਦੋਸ਼ ਹੈ ਕਿ ਅਸਲ 'ਚ ਅਜਿਹਾ ਕੋਈ ਦਸਤਾਵੇਜ਼ ਹੀ ਨਹੀਂ ਹੈ ਕਿ ਨਰਿੰਦਰ ਦਮੋਦਰ ਦਾਸ ਮੋਦੀ ਨੇ 1978 'ਚ ਯੂਨੀਵਰਸਿਟੀ ਦੀ ਡਿਗਰੀ ਹਾਸਲ ਕੀਤੀ। ਪ੍ਰਧਾਨ ਮੰਤਰੀ ਨੇ ਇਹ ਜਾਣਕਾਰੀ 2014 ਦੀਆਂ ਚੋਣਾਂ 'ਚ ਆਪਣੇ ਹਲਫਨਾਮੇ 'ਚ ਦਿੱਤੀ ਸੀ। ਆਪ ਨੇ ਕਿਹਾ ਸੀ ਕਿ ਮੋਦੀ ਵਲੋਂ ਦਿਤੀ ਗਈ ਤਰੀਕ ਵਾਲੇ ਦਿਨ ਨਰਿੰਦਰ ਮਹਾਵੀਰ ਮੋਦੀ ਨੇ ਗਰੈਜੂਏਸ਼ਨ ਦੀ ਡਿਗਰੀ ਹਾਸਲ ਕੀਤੀ ਸੀ ਅਤੇ ਉਹ ਨਰਿੰਦਰ ਮਹਾਵੀਰ ਮੋਦੀ ਰਾਜਸਥਾਨ 'ਚ ਅਲਵਰ ਦਾ ਰਹਿਣ ਵਾਲਾ ਹੈ, ਜਦ ਮੋਦੀ ਗੁਜਰਾਤ ਦੇ ਬਡਨਗਰ ਤੋਂ ਹਨ। ਆਪ ਨੇ ਇਹ ਵੀ ਦਾਅਵਾ ਕੀਤਾ ਸੀ ਕਿ ਨਰਿੰਦਰ ਮਹਾਂਵੀਰ ਮੋਦੀ ਨਾਂਅ ਦੇ ਵਿਅਕਤੀ ਨੇ 1978 'ਚ ਦਿੱਲੀ ਯੂਨੀਵਰਸਿਟੀ ਤੋਂ ਡਿਗਰੀ ਲਈ ਸੀ।
ਜ਼ਿਕਰਯੋਗ ਹੈ ਕਿ 2014 ਦੀਆਂ ਆਮ ਚੋਣਾਂ 'ਚ ਨਰਿੰਦਰ ਮੋਦੀ ਨੇ ਅਪਣੇ ਹਲਫ਼ਨਾਮੇ 'ਚ 1978 'ਚ ਦਿੱਲੀ ਯੂਨੀਵਰਸਿਟੀ ਤੋਂ ਗਰੈਜੂਏਸ਼ਨ ਅਤੇ 1983 'ਚ ਗੁਜਰਾਤ ਯੂਨੀਵਰਸਿਟੀ ਤੋਂ ਪੋਸਟ ਗਰੈਜੂਏਸ਼ਨ ਡਿਗਰੀ ਹਾਸਲ ਕਰਨ ਦੀ ਜਾਣਕਾਰੀ ਦਿਤੀ ਸੀ। ਕੇਜਰੀਵਾਲ ਵਲੋਂ ਆਰਟੀਆਈ ਤਹਿਤ ਮੋਦੀ ਦੀ ਡਿਗਰੀ ਬਾਰੇ ਜਾਣਕਾਰੀ ਮੰਗਣਾ ਤੋਂ ਬਾਅਦ ਕੇਂਦਰੀ ਸੂਚਨਾ ਕਮਿਸ਼ਨ ਨੇ ਦਿੱਲੀ ਯੂਨੀਵਰਸਿਟੀ ਅਤੇ ਗੁਜਰਾਤ ਯੂਨੀਵਰਸਿਟੀ ਨੂੰ ਇਸ ਸੰਬੰਧੀ ਵੇਰਵਾ ਜਾਰੀ ਕਰਨ ਦਾ ਹੁਕਮ ਦਿਤਾ ਸੀ। ਕਿਹਾ ਗਿਆ ਸੀ ਕਿ ਮੋਦੀ ਨੇ ਦਿੱਲੀ ਯੂਨੀਵਰਸਿਟੀ ਦੇ ਸਕੂਲ ਆਫ ਓਪਨ ਲਰਨਿੰਗ (ਐੱਸਓਐੱਲ) ਤੋਂ ਪੜ੍ਹਾਈ ਕੀਤੀ ਹੈ, ਪਰ ਜਦੋਂ ਇਸ ਸਬੰਧੀ ਰਿਕਾਰਡ ਮੰਗਿਆ ਗਿਆ ਤਾਂ ਐੱਸਓਐੱਲ ਦਾ ਕਹਿਣਾ ਹੈ ਕਿ ਉਨ੍ਹਾਂ ਕੋਲ ਉਸ ਸਾਲ ਦਾ ਕੋਈ ਰਿਕਾਰਡ ਨਹੀਂ ਹੈ ਕਿਉਂਕਿ ਕੇਵਲ ਇਕ ਸਾਲ ਦਾ ਹੀ ਰਿਕਾਰਡ ਹੀ ਰਖਿਆ ਜਾਂਦਾ ਹੈ।