9/11 ਹਮਲੇ ਨਾਲ ਸਬੰਧ ਰੱਖਣ ਵਾਲਾ ਜਰਮਨ ਜਿਹਾਦੀ ਕਾਬੂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਸੀਰੀਆ ਵਿਚ ਕੁਰਦ ਬਾਗੀਆਂ ਨੇ 9/11 ਹਮਲੇ ਦੀ ਸਾਜ਼ਿਸ਼ ਘੜਨ ਵਿਚ ਮਦਦ ਕਰਨ ਦੇ ਦੋਸ਼ 'ਚ ਸੀਰੀਆਈ ਮੂਲ ਦੇ ਜਰਮਨ ਨਾਗਰਿਕ ਨੂੰ ਹਿਰਾਸਤ ਵਿਚ ਲਿਆ ਹੈ।

9/11 Attack, accused German Jihadist Arrested

ਕਾਮਿਸ਼ਲੀ, 19 ਅਪ੍ਰੈਲ, ਸੀਰੀਆ ਵਿਚ ਕੁਰਦ ਬਾਗੀਆਂ ਨੇ 9/11 ਹਮਲੇ ਦੀ ਸਾਜ਼ਿਸ਼ ਘੜਨ ਵਿਚ ਮਦਦ ਕਰਨ ਦੇ ਦੋਸ਼ 'ਚ ਸੀਰੀਆਈ ਮੂਲ ਦੇ ਜਰਮਨ ਨਾਗਰਿਕ ਨੂੰ ਹਿਰਾਸਤ ਵਿਚ ਲਿਆ ਹੈ। ਇਕ ਉੱਚ ਕੁਰਦ ਕਮਾਂਡਰ ਨੇ ਇਹ ਜਾਣਕਾਰੀ ਦਿਤੀ। ਉੱਚ ਅਧਿਕਾਰੀ ਨੇ ਦਸਿਆ, ‘‘ਸੀਰੀਆ ਦੇ ਮੂਲ ਨਿਵਾਸੀ ਮੁਹੰਮਦ ਹੈਦਰ ਜੰਮਾਰ ਨੂੰ ਕੁਰਦ ਸੁਰਖਿਆ ਬਲਾਂ ਨੇ ਉਤਰੀ ਸੀਰੀਆ ਵਿਚ ਗ੍ਰਿਫਤਾਰ ਕੀਤਾ ਅਤੇ ਹੁਣ ਉਸ ਕੋਲੋਂ ਪੁਛਗਿਛ ਕੀਤੀ ਜਾ ਰਹੀ ਹੈ।  ’’ਅਧਿਕਾਰੀ ਨੇ ਹਾਲਾਂਕਿ ਇਸ ਸਬੰਧ ਵਿਚ ਕੋਈ ਵਿਸਥਾਰ ਜਾਣਕਾਰੀ ਨਹੀਂ ਦਿਤੀ।

50 ਸਾਲ ਦੇ ਜੰਮਾਰ ਉਤੇ ਦੋਸ਼ ਹੈ ਕਿ ਉਸਨੇ ਅਮਰੀਕਾ ਵਿਚ 11 ਸਤੰਬਰ 2001 ਨੂੰ ਹੋਏ ਅਤਿਵਾਦੀ ਹਮਲੇ ਵਿਚ ਵਰਤੇ ਜਹਾਜ਼ ਦੇ ਅਗ਼ਵਾ ਲਈ ਕੁੱਝ ਅਗ਼ਵਾਕਾਰਾਂ ਦੀ ਭਰਤੀ ਵਿਚ ਮਦਦ ਕੀਤੀ ਸੀ। ਸੀਆਈਏ ਏਜੈਂਟਾਂ ਦੀ ਇਕ ਕੰਪਨੀ ਨੇ ਇਕ ਮੁਹਿੰਮ ਤਹਿਤ ਦਸੰਬਰ 2001 ਵਿਚ ਉਸ ਨੂੰ ਮੋਰੱਕੋ ਵਿਚ ਹਿਰਾਸਤ ਵਿਚ ਲਿਆ ਗਿਆ ਸੀ ਅਤੇ ਦੋ ਹਫ਼ਤੇ ਬਾਅਦ ਉਸ ਨੂੰ ਸੀਰੀਆਈ ਅਧਿਕਾਰੀਆਂ ਦੇ ਹਵਾਲੇ ਕਰ ਦਿਤਾ ਗਿਆ ਸੀ। ਮੁਸਲਮਾਨ ਭਾਈਚਾਰੇ ਨਾਲ ਜੁੜੇ ਹੋਣ ਕਾਰਨ ਸਾਲ 2007 ਵਿਚ ਸੀਰੀਆ ਦੀ ਅਦਾਲਤ ਨੇ ਜੰਮਾਰ ਨੂੰ 12 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਸੀ। ਹਾਲਾਂਕਿ ਚਾਰ ਸਾਲ ਬਾਅਦ ਸੀਰੀਆ ਵਿਚ ਸੰਘਰਸ਼ ਸ਼ੁਰੂ ਹੋ ਜਾਣ ਤੋਂ ਬਾਅਦ ਕਈ ਕੱਟੜ ਇਸਲਾਮੀ ਕੈਦੀਆਂ ਨੂੰ ਜੇਲ੍ਹ ਵਿਚੋਂ ਰਿਹਾ ਕਰ ਦਿਤਾ ਗਿਆ ਸੀ ।