ਅਪਰੈਲ ਮਹੀਨੇ ਨੂੰ ਸਿੱਖ ਹੈਰੀਟੇਜ ਮਹੀਨੇ ਵਜੋਂ ਮਨਾ ਰਹੀ ਹੈ ਸਿਟੀ ਆਫ ਬਰੈਂਪਟਨ
26 ਅਪਰੈਲ ਨੂੰ ਐਨਡੀਪੀ ਆਗੂ ਜਗਮੀਤ ਸਿੰਘ ਕਰਨਗੇ ਸ਼ਿਰਕਤ
ਬਰੈਂਪਟਨ: 26 ਅਪਰੈਲ ਨੂੰ ਸ਼ਾਮੀਂ 6:00 ਵਜੇ ਤੋਂ 8:00 ਵਜੇ ਤੱਕ ਸਿਟੀ ਆਫ ਬਰੈਂਪਟਨ ਵਿਚ ਰਸਮੀ ਤੌਰ ਉਤੇ ਸਿੱਖ ਹੈਰੀਟੇਜ ਮਹੀਨੇ ਦਾ ਆਗਾਜ਼ ਕੀਤੀ ਜਾ ਰਿਹਾ ਹੈ। ਇਸ ਮੌਕੇ ਐਨਡੀਪੀ ਦੇ ਫੈਡਰਲ ਆਗੂ ਜਗਮੀਤ ਸਿੰਘ ਮੁੱਖ ਬੁਲਾਰੇ ਹੋਣਗੇ। ਕਾਉਂਸਲਰ ਗੁਰਪ੍ਰੀਤ ਢਿੱਲੋਂ ਨੇ ਆਖਿਆ ਕਿ ਓਨਟਾਰੀਓ ਵਿੱਚ ਅਪਰੈਲ ਦਾ ਮਹੀਨਾ ਸਿੱਖ ਹੈਰੀਟੇਜ ਮੰਥ ਵਜੋਂ ਮਨਾਇਆ ਜਾਂਦਾ ਹੈ ਤੇ ਸਿਟੀ ਆਫ ਬਰੈਂਪਟਨ ਸਿੱਖ ਕਮਿਊਨਿਟੀ ਵੱਲੋਂ ਪਾਏ ਗਏ ਅਹਿਮ ਯੋਗਦਾਨ ਦਾ ਜਸ਼ਨ ਮਨਾਵੇਗੀ। ਇਸ ਸਾਲ ਸਿਟੀ ਵੱਲੋਂ ਸਮਾਜ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲੇ ਤਿੰਨ ਸਿੱਖ ਬਰੈਂਪਟਨ ਵਾਸੀਆਂ ਨੂੰ ਸਨਮਾਨਿਤ ਕੀਤਾ ਜਾਵੇਗਾ।
ਕਾਂਸਟੇਬਲ ਮਨਜੀਤ ਸਿੰਘ ਬਾਸਰਾਂ (ਸਿੱਖ ਸੇਵਾ ਸੁਸਾਇਟੀ) : ਇਨ੍ਹਾਂ ਨੂੰ 2018 ਦਾ ਪੀਲ ਪੁਲਿਸ ਸਰਵਿਸ ਐਵਾਰਡ ਵੀ ਮਿਲ ਚੁੱਕਿਆ ਹੈ। ਉਨ੍ਹਾਂ ਬੇਘਰੇ ਲੋਕਾਂ ਨੂੰ ਆਪਣੇ ਮੋਬਾਈਲ ਫੂਡ ਟਰੱਕ ਰਾਹੀਂ ਖਾਣਾ ਮੁਹੱਈਆ ਕਰਵਾ ਕੇ ਬਰੈਂਪਟਨ ਕਮਿਊਨਿਟੀ ਵਿੱਚ ਵਿਲੱਖਣ ਯੋਗਦਾਨ ਪਾਇਆ। ਫਤਿਹ ਸਿੰਘ (ਸੰਗੀਤ): ਬਰੈਂਪਟਨ ਸਥਿਤ ਗਾਇਕ, ਰੈਪਰ ਤੇ ਕੌਮਾਂਤਰੀ ਪੱਧਰ ਉਤੇ ਮਾਨਤਾ ਪ੍ਰਾਪਤ ਰਿਕਾਰਡਿੰਗ ਆਰਟਿਸਟ ਕਈ ਹਿੱਟ ਗਾਣੇ ਦੇ ਚੁਕੇ ਹਨ ਤੇ ਕਈ ਐਲਬਮਜ਼ ਕੱਢ ਚੁੱਕੇ ਹਨ। ਪਲਵਿੰਦਰ ਕੌਰ (ਲੰਗਰ ਸੇਵਾ): ਉਨ੍ਹਾਂ ਦੀ ਸੰਸਥਾ ਅਜਿਹੇ ਲੋਕਾਂ ਨੂੰ ਖਾਣਾ ਮੁਹੱਈਆ ਕਰਵਾਉਂਦੀ ਹੈ ਜਿਹੜੇ ਗੰਭੀਰ ਮੈਡੀਕਲ ਮਾਮਲਿਆਂ ਕਾਰਨ ਆਪ ਖਾਣਾ ਨਹੀਂ ਪਕਾ ਸਕਦੇ ਤੇ ਇਸ ਦੇ ਨਾਲ ਹੀ ਉਹ ਹਾਊਸ ਕਾਲਜ ਮਿਲਣ ਉੱਤੇ ਉੱਥੇ ਜਾ ਕੇ ਵੀ ਲੋਕਾਂ ਦਾ ਸਹਿਯੋਗ ਕਰਦੇ ਹਨ ਤੇ ਕਿਸੇ ਦਾ ਇੱਕਲਾਪਣ ਦੂਰ ਕਰਨ ਲਈ ਮਨੋਰੰਜਕ ਗਤੀਵਿਧੀਆਂ ਵੀ ਕਰਦੇ ਹਨ। ਕਾਊਂਸਲਰ ਢਿੱਲੋਂ ਨੇ ਆਖਿਆ ਕਿ ਆਗਾਜ਼ ਵਿੱਚ ਹਿੱਸਾ ਲੈਣ ਦਾ ਕੈਨੇਡਾ ਵਾਸੀਆਂ ਨੂੰ ਖੁੱਲ੍ਹਾ ਸੱਦਾ ਹੈ ਤੇ ਇੱਥੋਂ ਦੇ ਸਾਰੇ ਬਸਿ਼ੰਦਿਆਂ ਨੂੰ ਇਨ੍ਹਾਂ ਜਸ਼ਨਾਂ ਵਿੱਚ ਹਿੱਸਾ ਲੈਣ ਦੀ ਬੇਨਤੀ ਕੀਤੀ ਜਾਂਦੀ ਹੈ।