ਸਿੱਖ ਜਥੇ ਨਾਲ ਪਾਕਿ ਗਈ ਭਾਰਤੀ ਔਰਤ ਨੇ ਇਸਲਾਮ ਧਰਮ ਕਬੂਲ ਕਰਕੇ ਮੁਸਲਮਾਨ ਨਾਲ ਕੀਤਾ ਨਿਕਾਹ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਪਾਕਿਸਤਾਨ ਗਏ ਜੱਥੇ ਵਿੱਚ ਇਕ ਔਰਤ ਨੇ ਇਸਲਾਮ ਧਰਮ ਕਬੂਲ ਕਰਨ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ।

An Indian woman accepted Islam

ਅੰਮ੍ਰਿਤਸਰ 19 ਅਪ੍ਰੈਲ ( ਸੁਖਵਿੰਦਰਜੀਤ ਸਿੰਘ ਬਹੋੜੂ ) : ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਪਾਕਿਸਤਾਨ ਗਏ ਜੱਥੇ ਵਿੱਚ ਇਕ ਔਰਤ ਨੇ ਇਸਲਾਮ ਧਰਮ ਕਬੂਲ ਕਰਨ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਕਿਰਨ ਬਾਲਾ ਨਾਮ ਦੀ 31 ਸਾਲਾ ਔਰਤ ਵਿਆਹੀ ਹੋਈ ਹੈ ਅਤੇ ਉਸ ਦੇ ਤਿੰਨ ਬੱਚੇ ਹਨ। ਕਿਰਨ ਬਾਲਾ ਦਾ ਪਤੀ ਮਰ ਚੁੱਕਾ ਹੈ। ਇਹ ਸਹੁਰੇ ਘਰ ਹੁਸ਼ਿਆਰਪੁਰ ਰਹਿ ਰਹੀ ਸੀ ਤੇ ਵਿਸਾਖੀ ਦੇ ਸ਼ੁਭ ਦਿਹਾੜੇ ਤੇ ਸਿੱਖ ਜੱਥੇ ਨਾਲ ਪਾਕਿਸਤਾਨ ਚਲੀ ਗਈ ਜਿਥੇ ਇਸ ਦੀਆਂ ਤਾਰਾਂ ਫੇਸਬੁਕ ਰਾਹੀਂ ਇਕ ਲਾਹੌਰ ਵਾਸੀ ਮੁਸਲਮਾਨ ਵਿਅਕਤੀ ਨਾਲ ਪਹਿਲਾਂ ਹੀ ਸੰਪਰਕ 'ਚ ਸੀ।

ਚਰਚਾ ਮੁਤਾਬਕ ਗਿਣੀ ਮਿੱਥੀ ਸਾਜਿਸ਼ ਤਹਿਤ ਲਾਹੌਰ ਪਹੁੰਚ ਕੇ ਇਸ ਭਾਰਤੀ ਔਰਤ ਨੇ ਪਾਕਿਸਤਾਨੀ ਅੰਦਰੂਨੀ ਮੰਤਰਾਲੇ ਦੇ ਅਧਿਕਾਰੀਆਂ ਨੂੰ ਪਹੁੰਚ ਕਰਕੇ ਵੀਜ਼ਾ ਵਧਾਉਣ ਦੀ ਅਰਜ਼ੀ ਦਿਤੀ ਕਿ ਉਸ ਨੇ ਇਸਲਾਮ ਧਰਮ ਅਪਣਾ ਲਿਆ ਹੈ ਤੇ ਆਪਣਾ ਨਾਮ ਬਦਲ ਕੇ ਅਮੀਨਾ ਬੇਬੀ ਰੱਖਣ ਉਪਰਤ ਮਹੁੰਮਦ ਆਜ਼ਮ ਵਾਸੀ ਲਾਹੌਰ ਨਾਲ ਨਿਕਾਹ ਕਰ ਲਿਆ ਹੈ।

ਇਸ ਸਬੰਧੀ ਉਸ ਨੇ ਦਸਤਾਵੇਜ ਵੀ ਪਾਕਿਸਤਾਨੀ ਅਧਿਕਾਰੀਆ ਨੂੰ ਸੌਂਪਦਿਆਂ ਕਿਹਾ ਕਿ ਹੁਣ ਭਾਰਤ ਜਾਣ ਤੇ ਉਸ ਦੀ ਜਾਨ ਨੂੰ ਖ਼ਤਰਾ ਹੈ। ਉਸ ਨੂੰ ਧਮਕੀਆਂ ਵੀ ਮਿਲ ਰਹੀਆਂ ਹਨ। ਸਿੱਖ ਜੱਥੇ ਨਾਲ ਗਈ ਭਾਰਤੀ ਔਰਤ ਵਲੋ ਖਾਲਸੇ ਦੇ ਸਾਜਨਾ ਦਿਵਸ ਤੇ ਇਸਲਾਮ ਧਰਮ ਅਪਣਾਉਣਾ ਹਿੰਦ- ਪਾਕਿ ਵੰਡ ਬਾਅਦ ਪਹਿਲੀ ਅਜਿਹੀ ਘਟਨਾ ਹੈ, ਜਿਸ ਨੇ ਸਮੂਹ ਖੁਫ਼ੀਆਂ ਏਜਸੀਆਂ ਨੂੰ ਵੀ ਹਿਲਾ ਕੇ ਰੱਖ ਦਿਤਾ ਹੈ ਕਿ ਅਜਿਹੀਆਂ ਔਰਤਾਂ ਹੋਰ ਵੀ ਹੋ ਸਕਦੀਆਂ  ਹਨ ਜੋ ਪਾਕਿਸਤਾਨੀ ਖੁਫ਼ੀਆਂ ਏਜਸੀਆਂ ਦੇ ਸੰਪਰਕ ਸੂਤਰ ਵਿਚ ਹਨ ਤੇ ਇਹ ਅੰਗੂਠਾ ਛਾਪ ਔਰਤ ਲਾਹੌਰ ਦੇ ਮੁਸਲਮਾਨ ਦੇ ਸੰਪਰਕ 'ਚ ਕਿਸ ਤਰਾਂ ਆ ਗਈ ?

ਜ਼ਿਕਰਯੋਗ ਹੈ ਕਿ ਅਟਾਰੀ ਸਰਹੱਦ ਤੇ ਰਾਅ, ਆਈ ਬੀ, ਕਸਟਮ ਇੰਟੈਲੀਜੈਂਸ, ਈ ਡੀ, ਬੀ ਐਸ ਐਫ ਤੇ ਸੈਨਿਕ ਚੌਕਸੀ, ਪੰਜਾਬ ਪੁਲਿਸ ਦਾ ਖੁਫੀਆਂ ਵਿੰਗ ਆਦਿ ਏਜਸੀਆਂ ਦਿਨ ਰਾਤ ਕੰਮ ਕਰਦੀਆਂ ਹਨ, ਜੋ ਤਫੀਤਸ਼ ਕਰਨ 'ਚ ਨਾਕਾਮ ਰਹੀਆਂ ਕਿ ਭਾਰਤੀ ਔਰਤ, ਪਾਕਿਸਕਾਨ ਜਾਸੂਸਾਂ ਦੇ ਸੰਪਰਕ ਵਿਚ ਹੈ।