ਆਈ.ਸੀ.ਸੀ. ਮਹਿਲਾ ਇਕ ਦਿਨਾ ਮੈਚਾਂ ਦੇ ਵਿਸ਼ਵ ਕੱਪ ਲਈ ਭਾਰਤ ਨਹੀਂ ਆਵੇਗੀ ਪਾਕਿਸਤਾਨੀ ਟੀਮ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਹਾਈਬ੍ਰਿਡ ਮਾਡਲ ਦੀ ਪਾਲਣਾ ਕਰਦਿਆਂ ਨਿਰਪੱਖ ਸਥਾਨ ’ਤੇ ਅਪਣੇ ਮੈਚ ਖੇਡੇਗੀ।

ਇਕ ਹਾਈਬ੍ਰਿਡ ਮਾਡਲ ’ਤੇ ਸਹਿਮਤੀ

ਲਾਹੌਰ : ਪਾਕਿਸਤਾਨ ਕ੍ਰਿਕਟ ਬੋਰਡ (ਪੀ.ਸੀ.ਬੀ.) ਦੇ ਚੇਅਰਮੈਨ ਮੋਹਸਿਨ ਨਕਵੀ ਨੇ ਸਨਿਚਰਵਾਰ ਨੂੰ ਐਲਾਨ ਕੀਤਾ ਕਿ ਉਨ੍ਹਾਂ ਦੀ ਮਹਿਲਾ ਟੀਮ ਇਸ ਸਾਲ ਦੇ ਅਖੀਰ ਵਿਚ ਹੋਣ ਵਾਲੇ ਆਈ.ਸੀ.ਸੀ. ਇਕ ਦਿਨਾ ਮੈਚਾਂ ਦੇ ਵਿਸ਼ਵ ਕੱਪ ਲਈ ਭਾਰਤ ਨਹੀਂ ਜਾਵੇਗੀ ਅਤੇ ਇਸ ਸਾਲ ਦੇ ਸ਼ੁਰੂ ਵਿਚ ਮਨਜ਼ੂਰ ਕੀਤੇ ਗਏ ਹਾਈਬ੍ਰਿਡ ਮਾਡਲ ਦੀ ਪਾਲਣਾ ਕਰਦਿਆਂ ਨਿਰਪੱਖ ਸਥਾਨ ’ਤੇ ਅਪਣੇ ਮੈਚ ਖੇਡੇਗੀ।

ਜਦੋਂ ਪਾਕਿਸਤਾਨ ਨੇ ਹਾਲ ਹੀ ਵਿਚ ਆਈ.ਸੀ.ਸੀ. ਚੈਂਪੀਅਨਜ਼ ਟਰਾਫੀ ਦੀ ਮੇਜ਼ਬਾਨੀ ਕੀਤੀ ਸੀ ਤਾਂ ਬੀ.ਸੀ.ਸੀ.ਆਈ. ਨੇ ਦੋਹਾਂ ਦੇਸ਼ਾਂ ਵਿਚਾਲੇ ਕੂਟਨੀਤਕ ਤਣਾਅ ਕਾਰਨ ਭਾਰਤੀ ਟੀਮ ਨੂੰ ਸਰਹੱਦ ਪਾਰ ਭੇਜਣ ਤੋਂ ਇਨਕਾਰ ਕਰ ਦਿਤਾ ਸੀ ਅਤੇ ਉਨ੍ਹਾਂ ਦੇ ਮੈਚ ਦੁਬਈ ਵਿਚ ਹੋਏ ਸਨ।

ਇਕ ਹਾਈਬ੍ਰਿਡ ਮਾਡਲ ’ਤੇ ਸਹਿਮਤੀ ਬਣੀ ਸੀ ਜਿਸ ਵਿਚ ਭਾਰਤ ਅਤੇ ਪਾਕਿਸਤਾਨ ਦੋਹਾਂ ਨੂੰ ਅਪਣੇ ਮੈਚ ਨਿਰਪੱਖ ਸਥਾਨਾਂ ’ਤੇ ਖੇਡਣ ਦੀ ਇਜਾਜ਼ਤ ਦਿਤੀ ਗਈ ਸੀ ਜੇਕਰ ਦੋਹਾਂ ਦੇਸ਼ਾਂ ਵਿਚੋਂ ਕੋਈ ਇਕ ਆਈ.ਸੀ.ਸੀ. ਟੂਰਨਾਮੈਂਟ ਦੀ ਮੇਜ਼ਬਾਨੀ ਕਰਦਾ ਹੈ।

ਉਨ੍ਹਾਂ ਕਿਹਾ, ‘‘ਜਿਸ ਤਰ੍ਹਾਂ ਭਾਰਤ ਚੈਂਪੀਅਨਜ਼ ਟਰਾਫੀ ’ਚ ਪਾਕਿਸਤਾਨ ’ਚ ਨਹੀਂ ਖੇਡਿਆ ਸੀ ਅਤੇ ਉਸ ਨੂੰ ਨਿਰਪੱਖ ਸਥਾਨ ’ਤੇ ਖੇਡਣ ਦੀ ਇਜਾਜ਼ਤ ਦਿਤੀ ਗਈ ਸੀ, ਉਸੇ ਤਰ੍ਹਾਂ ਜੋ ਵੀ ਸਥਾਨ ਤੈਅ ਹੋਵੇਗਾ, ਅਸੀਂ ਖੇਡਾਂਗੇ। ਜਦੋਂ ਕੋਈ ਸਮਝੌਤਾ ਹੁੰਦਾ ਹੈ ਤਾਂ ਉਸ ਦੀ ਪਾਲਣਾ ਕੀਤੀ ਜਾਣੀ ਚਾਹੀਦੀ ਹੈ।’’ ਪੀ.ਸੀ.ਬੀ. ਮੁਖੀ ਨੇ ਕਿਹਾ ਕਿ ਭਾਰਤ ਅਤੇ ਆਈ.ਸੀ.ਸੀ. ਟੂਰਨਾਮੈਂਟ ਦੇ ਮੇਜ਼ਬਾਨ ਹੋਣ ਦੇ ਨਾਤੇ ਨਿਰਪੱਖ ਸਥਾਨ ਬਾਰੇ ਫੈਸਲਾ ਕਰਨਗੇ।

ਭਾਰਤ 29 ਸਤੰਬਰ ਤੋਂ 26 ਅਕਤੂਬਰ ਤਕ ਟੂਰਨਾਮੈਂਟ ਦੀ ਮੇਜ਼ਬਾਨੀ ਕਰੇਗਾ ਜਿਸ ’ਚ ਆਸਟਰੇਲੀਆ ਮੌਜੂਦਾ ਚੈਂਪੀਅਨ ਹੈ। ਨਕਵੀ ਨੇ ਪਾਕਿਸਤਾਨ ਦੀ ਮਹਿਲਾ ਟੀਮ ਦੇ ਵਿਸ਼ਵ ਕੱਪ ਲਈ ਕੁਆਲੀਫਾਈ ਕਰਨ ਦੇ ਪ੍ਰਭਾਵਸ਼ਾਲੀ ਤਰੀਕੇ ’ਤੇ ਵੀ ਸੰਤੁਸ਼ਟੀ ਜ਼ਾਹਰ ਕੀਤੀ।

ਪਾਕਿਸਤਾਨ ਨੇ ਲਾਹੌਰ ’ਚ ਹੋਏ ਕੁਆਲੀਫਾਇਰ ’ਚ ਅਪਣੇ ਸਾਰੇ ਪੰਜ ਮੈਚ ਜਿੱਤੇ। ਉਨ੍ਹਾਂ ਨੇ ਆਇਰਲੈਂਡ, ਸਕਾਟਲੈਂਡ, ਵੈਸਟਇੰਡੀਜ਼, ਥਾਈਲੈਂਡ ਅਤੇ ਬੰਗਲਾਦੇਸ਼ ਨੂੰ ਹਰਾ ਕੇ ਮੁੱਖ ਗੇੜ ਲਈ ਕੁਆਲੀਫਾਈ ਕੀਤਾ, ਜਿਸ ਲਈ ਮੇਜ਼ਬਾਨ ਭਾਰਤ, ਇੰਗਲੈਂਡ, ਨਿਊਜ਼ੀਲੈਂਡ, ਆਸਟਰੇਲੀਆ, ਦਖਣੀ ਅਫਰੀਕਾ ਅਤੇ ਸ਼੍ਰੀਲੰਕਾ ਪਹਿਲਾਂ ਹੀ ਕੁਆਲੀਫਾਈ ਕਰ ਚੁਕੇ ਹਨ।

ਟੀਮ ਨੇ ਵਿਖਾਇਆ ਕਿ ਘਰੇਲੂ ਫਾਇਦਾ ਕਿਵੇਂ ਉਠਾਉਣਾ ਹੈ ਅਤੇ ਸਮੂਹਕ ਇਕਾਈ ਦੀ ਤਰ੍ਹਾਂ ਕਿਵੇਂ ਖੇਡਣਾ ਹੈ। ਮੈਨੂੰ ਖੁਸ਼ੀ ਹੈ ਕਿ ਮਹਿਲਾ ਕ੍ਰਿਕਟ ਹੁਣ ਚੰਗਾ ਪ੍ਰਦਰਸ਼ਨ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਪੀ.ਸੀ.ਬੀ. ਨਿਸ਼ਚਤ ਤੌਰ ’ਤੇ ਮਹਿਲਾ ਟੀਮ ਨੂੰ ਉਨ੍ਹਾਂ ਦੇ ਸ਼ਾਨਦਾਰ ਪ੍ਰਦਰਸ਼ਨ ਲਈ ਵਿਸ਼ੇਸ਼ ਇਨਾਮ ਦਾ ਐਲਾਨ ਕਰੇਗਾ। ਨਕਵੀ ਨੇ ਇਹ ਵੀ ਕਿਹਾ ਕਿ ਉਹ ਖੁਸ਼ ਹਨ ਕਿ ਪੀ.ਸੀ.ਬੀ. ਨੇ ਚੈਂਪੀਅਨਜ਼ ਟਰਾਫੀ ਤੋਂ ਬਾਅਦ ਇਕ ਹੋਰ ਆਈ.ਸੀ.ਸੀ. ਟੂਰਨਾਮੈਂਟ ਦੀ ਸਫਲਤਾਪੂਰਵਕ ਮੇਜ਼ਬਾਨੀ ਕੀਤੀ ਹੈ।