ਟੀਕਾ ਆਉਣ ਤੋਂ ਪਹਿਲਾਂ ਹੀ 'ਕੋਰੋਨਾ ਵਾਇਰਸ' ਆਪ ਹੀ ਅਪਣੀ ਮੌਤ ਮਰ ਜਾਵੇਗਾ: ਵਿਗਿਆਨੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਵਿਸ਼ਵ ਸਿਹਤ ਸੰਗਠਨ ਦੇ ਕੈਂਸਰ ਪ੍ਰੋਗਰਾਮ ਦੇ ਡਾਇਰੈਕਟਰ ਪ੍ਰੋਫ਼ੈਸਰ ਕੈਰੋਲ ਸਿਕੋਰਾ ਨੇ ਕੋਰੋਨਾ ਵਾਇਰਸ ਬਾਰੇ ਵੱਡਾ ਦਾਅਵਾ ਕੀਤਾ ਹੈ।

File Photo

ਲੰਡਨ, 18 ਮਈ : ਵਿਸ਼ਵ ਸਿਹਤ ਸੰਗਠਨ ਦੇ ਕੈਂਸਰ ਪ੍ਰੋਗਰਾਮ ਦੇ ਡਾਇਰੈਕਟਰ ਪ੍ਰੋਫ਼ੈਸਰ ਕੈਰੋਲ ਸਿਕੋਰਾ ਨੇ ਕੋਰੋਨਾ ਵਾਇਰਸ ਬਾਰੇ ਵੱਡਾ ਦਾਅਵਾ ਕੀਤਾ ਹੈ। ਸਿਕੋਰਾ ਨੇ ਕਿਹਾ ਹੈ ਕਿ ਕੋਰੋਨਾ ਵਾਇਰਸ ਵਿਰੁਧ ਵਿਸ਼ਵ ਵਿਆਪੀ ਜੰਗ, ਟੀਕਾ ਬਣਨ ਤੋਂ ਪਹਿਲਾਂ ਖ਼ਤਮ ਹੋ ਸਕਦੀ ਹੈ। ਉਨ੍ਹਾਂ ਨੇ ਦਸਿਆ ਕਿ ਕੋਰੋਨਾ ਵਾਇਰਸ ਦਾ ਟੀਕਾ ਵਿਕਸਿਤ ਹੋਣ ਤੋਂ ਪਹਿਲਾਂ ਹੀ ਇਹ ਵਾਇਰਸ ਅਪਣੇ ਆਪ ਖ਼ਤਮ ਹੋ ਸਕਦਾ ਹੈ।

ਸਿਕੋਰਾ ਨੇ ਕਿਹਾ ਕਿ ਕੋਰੋਨਾ ਵਾਇਰਸ ਦੇ ਵਿਰੁਧ ਹਰ ਜਗ੍ਹਾ ਇਕ ਅਜਿਹਾ ਹੀ ਨਜ਼ਾਰਾ ਦਿਖਾਈ ਦੇ ਰਿਹਾ ਹੈ। ਮੈਨੂੰ ਸ਼ੱਕ ਹੈ ਕਿ ਸਾਡੇ ਅੰਦਰ ਸਾਡੀ ਉਮੀਦ ਨਾਲੋਂ ਵਧੇਰੇ ਰੋਗ ਪ੍ਰਤੀਰੋਧਕ ਸਮਰਥਾ ਹੈ। ਸਾਨੂੰ ਇਸ ਵਾਇਰਸ ਨੂੰ ਨਿਰੰਤਰ ਹੌਲੀ ਕਰਨਾ ਹੈ ਪਰ ਇਹ ਅਪਣੇ ਆਪ ਬਹੁਤ ਕਮਜ਼ੋਰ ਹੋ ਸਕਦਾ ਹੈ, ਮੇਰਾ ਅਨੁਮਾਨ ਹੈ ਕਿ ਇਹ ਸੰਭਵ ਹੈ। ਉਨ੍ਹਾਂ ਨੇ ਕਿਹਾ ਕਿ ਸਾਨੂੰ ਅਪਣੀ ਦੂਰੀ ਬਣਾਈ ਰੱਖਣੀ ਪਏਗੀ ਅਤੇ ਉਮੀਦ ਹੈ ਕਿ ਅੰਕੜੇ ਸੁਧਰ ਜਾਣਗੇ। ਇਸ ਤੋਂ ਪਹਿਲਾਂ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਚੇਤਾਵਨੀ ਦਿਤੀ ਸੀ ਕਿ ਕੋਰੋਨਾ ਵਿਸ਼ਾਣੂ ਦਾ ਲੰਬੇ ਸਮੇਂ ਦਾ ਹੱਲ ਸਿਰਫ਼ ਟੀਕੇ ਜਾਂ ਦਵਾਈ ਨਾਲ ਹੀ ਸੰਭਵ ਹੈ। ਉਸਨੇ ਕਿਹਾ ਕਿ ਸੱਭ ਤੋਂ ਮਾੜਾ ਹਾਲ ਇਹ ਹੋ ਸਕਦਾ ਹੈ ਕਿ ਅਸੀ ਕਦੇ ਵੀ ਕੋਰੋਨਾ ਵਾਇਰਸ ਦਾ ਕੋਈ ਟੀਕਾ ਹੀ ਨਾ ਲੱਭ ਸਕੀਏ। (ਏਜੰਸੀ)