ਆਸਟ੍ਰੇਲੀਆ ਨੇ ਸਕੂਲਾਂ ’ਚ ਸਿੱਖ ਬੱਚਿਆਂ ਦੇ ‘ਕਿਰਪਾਨ’ ਪਹਿਨਣ ’ਤੇ ਲਗਾਈ ਪਾਬੰਦੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਆਸਟ੍ਰੇਲੀਆ ਦਾ ਸਿੱਖ ਭਾਈਚਾਰੇ ਨੇ ਸਰਕਾਰ ਦੇ ਇਸ ਫ਼ੈਸਲੇ ਦੀ ਕੀਤੀ ਨਿਖੇਧੀ

kirpan

ਸਿਡਨੀ : ਆਸਟ੍ਰੇਲੀਆ ਦੇ ਸੱਭ ਤੋਂ ਵੱਡੇ ਨਿਊ ਸਾਊਥ ਵੈਲਜ਼ ਨੇ ਅਪਣੇ ਸਕੂਲਾਂ ’ਚ ਸਿੱਖ ਧਾਰਮਕ ਚਿੰਨ੍ਹ ਕਿਰਪਾਨ ਲੈ ਕੇ ਆਉਣ ’ਤੇ ਪਾਬੰਦੀ ਲਗਾ ਦਿਤੀ ਹੈ। ਇਕ ਸਕੂਲ ’ਚ ਇਕ ਵਿਦਿਆਰਥੀ ਦੁਆਰਾ ਕਥਿਤ ਤੌਰ ’ਤੇ ਕਿਰਪਾਨ ਨਾਲ ਦੂਜਿਆਂ ਨੂੰ ਜ਼ਖ਼ਮੀ ਕਰਨ ਤੋਂ ਬਾਅਦ ਇਹ ਫ਼ੈਸਲਾ ਲਿਆ ਗਿਆ। 6 ਮਈ ਨੂੰ ਸਿਡਨੀ ਦੇ ਗਲੇਨਵੁਡ ਹਾਈ ਸਕੂਲ ’ਚ ਇਕ ਵਿਦਿਆਰਥੀ ਲਹੂ-ਲਹਾਨ ਪਿਆ ਸੀ ਜਿਸ ਤੋਂ ਬਾਅਦ ਪੁਲਿਸ ਤੇ ਐਂਬੂਲੈਂਸ ਬੁਲਾਈ ਗਈ।

ਪੁਲਿਸ ਨੂੰ ਦਸਿਆ ਗਿਆ ਕਿ ਇਕ ਵਿਦਿਆਰਥੀ ਨੇ ਉਸ ਨੂੰ ਚਾਕੂ ਮਾਰ ਦਿਤਾ ਸੀ। 16 ਸਾਲ ਦੇ ਵਿਦਿਆਰਥੀ ਨੂੰ ਤੁਰਤ ਹਸਪਤਾਲ ਲੈ ਜਾਇਆ ਗਿਆ ਜਦਕਿ 14 ਸਾਲ ਦੇ ਇਕ ਵਿਦਿਆਰਥੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਉਸ ’ਤੇ ਜਾਨਲੇਵਾ ਹਮਲਾ ਕਰਨ ਦੇ ਦੋਸ਼ਾਂ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ ਤੇ ਫਿਲਹਾਲ ਉਹ ਜ਼ਮਾਨਤ ’ਤੇ ਹੈ।

ਦੋਵੇਂ ਵਿਦਿਆਰਥੀਆਂ ’ਚ ਝਗੜੇ ਦਾ ਮਾਮਲਾ ਲਗਣ ਵਾਲੇ ਇਸ ਮਾਮਲੇ ’ਚ ਅੰਤਰਰਾਸ਼ਟਰੀ ਪੱਧਰ ’ਤੇ ਲਹਿਰ ਪੈਦਾ ਕਰ ਦੇਣ ਦੀ ਸੰਭਾਵਨਾ ਹੈ ਕਿਉਂ ਕਿ ਇਸ ਘਟਨਾ ਦਾ ਮੂਲ ’ਚ ਧਰਮ ਵੀ ਹੈ ਤੇ ਬੁਲਿੰਗ ਵੀ, ਦੋਸ਼ ਹੈ ਕਿ ਸਿੱਖ ਭਾਈਚਾਰੇ ਤੋਂ ਆਉਣ ਵਾਲੇ ਦੋਸ਼ੀ ਵਿਦਿਆਰਥੀਆਂ ਨੇ ਅਪਣੀ ਕਿਰਪਾਨ ਨਾਲ ਸਹਿਪਾਠੀ ’ਤੇ ਹਮਲਾ ਕੀਤਾ ਸੀ। ਇਸ ਤੋਂ ਬਾਅਦ ਆਸਟ੍ਰੇਲੀਆ ’ਚ ਸਕੂਲਾਂ ’ਚ ਕਿਰਪਾਨ ਲੈ ਕੇ ਆਉਣ ਦੀ ਇਜਾਜ਼ਤ ’ਤੇ ਵਿਵਾਦ ਹੋ ਰਿਹਾ ਹੈ। ਨਿਊ ਸਾਊਥ ਵੈਲਜ ਦੀ ਮੁੱਖ ਮੰਤਰੀ ਨੇ ਕਿਹਾ ਕਿ ਉਹ ਹੈਰਾਨ ਹੈ ਕਿ ਵਿਦਿਆਰਥੀ ਸਕੂਲਾਂ ’ਚ ਚਾਕੂ ਲੈ ਕੇ ਆ ਸਕਦੇ ਹਨ।

ਆਸਟ੍ਰੇਲੀਆ ਦਾ ਸਿੱਖ ਭਾਈਚਾਰੇ ਨੇ ਸਰਕਾਰ ਦੇ ਇਸ ਫ਼ੈਸਲੇ ਨਿਖੇਧੀ ਕੀਤੀ ਹੈ। ਆਸਟ੍ਰੇਲੀਅਨ ਸਿੱਖ ਐਸੋਸੀਏਸ਼ਨ ਦੇ ਪ੍ਰਧਾਨ ਰਵਿੰਦਰਜੀਤ ਸਿੰਘ ਕਹਿੰਦੇ ਹਨ ਕਿ ਕਿਰਪਾਨ ਨੂੰ ਸਿੱਖ ਸਦੀਆਂ ਤੋਂ ਇਕ ਧਾਰਮਕ ਚਿੰਨ੍ਹ ਦੇ ਰੂਪ ’ਚ ਧਾਰਨ ਕਰ ਰਹੇ ਹਨ। ਉਨ੍ਹਾਂ ਕਿਹਾ,  ਬਰਤਾਨੀਆ, ਫਰਾਂਸ, ਆਸਟ੍ਰੇਲੀਆ ਤੇ ਹੋਰ ਕਈ ਦੇਸ਼ਾਂ ਦੇ ਫੌਜੀਆਂ ਨੇ ਪਹਿਲਾਂ ਤੇ ਦੂਜੇ ਵਿਸ਼ਵ ਯੁੱਧ ’ਚ ਸਿੱਖਾਂ ਦੀ ਬਹਾਦੁਰੀ ਨੂੰ ਸਨਮਾਨ ਦੇਣ ਲਈ ਕਿਰਪਾਨ ਨੂੰ ਮਾਨਤਾ ਦਿਤੀ ਹੈ। ਇਸ ’ਚ ਗਲੀਪਲੀ ਦੀ ਲੜਾਈ ਵੀ ਸ਼ਾਮਲ ਹੈ। ਪਹਿਲੇ ਵਿਸ਼ਵ ਯੁੱਧ ’ਚ ਤੁਰਕੀ ਦੇ ਗਲੀਪਲੀ ’ਚ ਹੋਈ ਲੜਾਈ ’ਚ ਬਹੁਤ ਸਾਰੇ ਸਿੱਖ ਆਸਟ੍ਰੇਲੀਆ ਵਲੋਂ ਲੜੇ ਸੀ।