ਭਾਰੀ ਡਿਊਟੀ ਕਾਰਨ ਭਾਰਤ ਨਾਲ ਵਪਾਰਕ ਸਬੰਧ ਮੁਅੱਤਲ : ਡਾਰ 

ਏਜੰਸੀ

ਖ਼ਬਰਾਂ, ਕੌਮਾਂਤਰੀ

ਕਿਹਾ, ਪੁਲਵਾਮਾ ਹਮਲੇ ਤੋਂ ਬਾਅਦ ਭਾਰਤ ਵਲੋਂ ਪਾਕਿਸਤਾਨ ਤੋਂ ਆਯਾਤ ’ਤੇ ਲਗਾਈ ਗਈ ਭਾਰੀ ਡਿਊਟੀ ਕਾਰਨ ਦੋਹਾਂ ਦੇਸ਼ਾਂ ਵਿਚਾਲੇ ਵਪਾਰਕ ਸਬੰਧ 2019 ਤੋਂ ਮੁਅੱਤਲ

Ishaq Dar

ਇਸਲਾਮਾਬਾਦ: ਪਾਕਿਸਤਾਨ ਦੇ ਵਿਦੇਸ਼ ਮੰਤਰੀ ਇਸ਼ਾਕ ਡਾਰ ਨੇ ਕਿਹਾ ਹੈ ਕਿ ਪੁਲਵਾਮਾ ਹਮਲੇ ਤੋਂ ਬਾਅਦ ਭਾਰਤ ਵਲੋਂ ਪਾਕਿਸਤਾਨ ਤੋਂ ਆਯਾਤ ’ਤੇ ਲਗਾਈ ਗਈ ਭਾਰੀ ਡਿਊਟੀ ਕਾਰਨ ਦੋਹਾਂ ਦੇਸ਼ਾਂ ਵਿਚਾਲੇ ਵਪਾਰਕ ਸਬੰਧ 2019 ਤੋਂ ਮੁਅੱਤਲ ਹਨ। 

ਡਾਰ ਨੇ ਸਨਿਚਰਵਾਰ ਨੂੰ ਨੈਸ਼ਨਲ ਅਸੈਂਬਲੀ ’ਚ ਇਕ ਲਿਖਤੀ ਜਵਾਬ ’ਚ ਕਿਹਾ ਕਿ ਪੁਲਵਾਮਾ ਹਮਲੇ ਤੋਂ ਬਾਅਦ ਭਾਰਤ ਨੇ ਪਾਕਿਸਤਾਨ ਤੋਂ ਦਰਾਮਦ ’ਤੇ 200 ਫੀ ਸਦੀ ਡਿਊਟੀ ਲਗਾਉਣ ਦਾ ਫੈਸਲਾ ਕੀਤਾ, ਕਸ਼ਮੀਰ ਬੱਸ ਸੇਵਾ ਅਤੇ ਸਰਹੱਦ ਪਾਰ ਵਪਾਰ ਨੂੰ ਮੁਅੱਤਲ ਕਰ ਦਿਤਾ। ਡਾਰ ਪਾਕਿਸਤਾਨ ਦੇ ਉਪ ਪ੍ਰਧਾਨ ਮੰਤਰੀ ਵੀ ਹਨ। 

‘ਡਾਅਨ’ ਅਖਬਾਰ ਦੀ ਖਬਰ ਮੁਤਾਬਕ ਡਾਰ ਪਾਕਿਸਤਾਨ ਪੀਪਲਜ਼ ਪਾਰਟੀ ਦੀ ਸੰਸਦ ਮੈਂਬਰ ਸ਼ਰਮੀਲਾ ਫਾਰੂਕੀ ਦੇ ਇਕ ਸਵਾਲ ਦਾ ਜਵਾਬ ਦੇ ਰਹੇ ਸਨ, ਜਿਸ ਵਿਚ ਉਨ੍ਹਾਂ ਨੇ ਪਾਕਿਸਤਾਨ ਨੂੰ ਅਪਣੇ ਗੁਆਂਢੀ ਦੇਸ਼ਾਂ ਖਾਸ ਕਰ ਕੇ ਭਾਰਤ ਨਾਲ ਸਬੰਧਾਂ ਵਿਚ ਦਰਪੇਸ਼ ਵਪਾਰਕ ਚੁਨੌਤੀਆਂ ਬਾਰੇ ਜਾਣਕਾਰੀ ਮੰਗੀ ਸੀ। 

ਮਾਰਚ ਦੌਰਾਨ ਲੰਡਨ ਵਿਚ ਇਕ ਪੱਤਰਕਾਰ ਦੌਰਾਨ ਡਾਰ ਨੇ ਭਾਰਤ ਨਾਲ ਵਪਾਰਕ ਗਤੀਵਿਧੀਆਂ ਮੁੜ ਸ਼ੁਰੂ ਕਰਨ ਲਈ ਪਾਕਿਸਤਾਨ ਦੇ ਕਾਰੋਬਾਰੀ ਭਾਈਚਾਰੇ ਦੀ ਉਤਸੁਕਤਾ ਨੂੰ ਉਜਾਗਰ ਕੀਤਾ ਸੀ। ਉਨ੍ਹਾਂ ਦੇ ਦਫਤਰ ਨੇ ਬਾਅਦ ਵਿਚ ਸਪੱਸ਼ਟ ਕੀਤਾ ਕਿ ਪਾਕਿਸਤਾਨ ਦੀ ਭਾਰਤ ਨਾਲ ਵਪਾਰਕ ਸਬੰਧ ਮੁੜ ਸ਼ੁਰੂ ਕਰਨ ਦੀ ਕੋਈ ਯੋਜਨਾ ਨਹੀਂ ਹੈ।