Iran President helicopter crashes: ਕ੍ਰੈਸ਼ ਹੋਣ ਤੋਂ ਬਾਅਦ ਨਹੀਂ ਮਿਲ ਰਿਹਾ ਈਰਾਨ ਦੇ ਰਾਸ਼ਟਰਪਤੀ ਦਾ ਹੈਲੀਕਾਪਟਰ

ਏਜੰਸੀ

ਖ਼ਬਰਾਂ, ਕੌਮਾਂਤਰੀ

ਹਾਦਸੇ ਦੇ ਬਾਅਦ ਤੋਂ ਇਬਰਾਹਿਮ ਰਾਇਸੀ ਨਾਲ ਸੰਪਰਕ ਨਹੀਂ ਹੋ ਸਕਿਆ , ਭਾਲ 'ਚ ਜੁਟੀਆਂ 40 ਟੀਮਾਂ

Ebrahim Raisi

Iran President Ebrahim Raisi helicopter crashes: ਈਰਾਨ ਦੇ ਰਾਸ਼ਟਰਪਤੀ ਇਬਰਾਹਿਮ ਰਾਇਸੀ ਦਾ ਹੈਲੀਕਾਪਟਰ ਹਾਦਸੇ ਦਾ ਸ਼ਿਕਾਰ ਹੋ ਗਿਆ ਹੈ। ਈਰਾਨ ਦੇ ਸਰਕਾਰੀ ਟੈਲੀਵਿਜ਼ਨ ਤੋਂ ਮਿਲੀ ਜਾਣਕਾਰੀ ਦੇ ਮੁਤਾਬਕ ਹਾਦਸੇ ਦੇ ਸਮੇਂ ਰਾਇਸੀ ਹੈਲੀਕਾਪਟਰ 'ਤੇ ਸਵਾਰ ਸਨ। 

ਇਸ ਤੋਂ ਬਾਅਦ ਹੈਲੀਕਾਪਟਰ ਦੀ ਐਮਰਜੈਂਸੀ ਲੈਂਡਿੰਗ ਕਰਵਾਈ। ਈਰਾਨ ਦੇ ਗ੍ਰਹਿ ਮੰਤਰੀ ਨੇ ਬਿਆਨ ਜਾਰੀ ਕਰਕੇ ਕਿਹਾ ਕਿ ਹੈਲੀਕਾਪਟਰ ਹਾਦਸੇ ਦੇ ਬਾਅਦ ਤੋਂ ਇਬਰਾਹਿਮ ਰਾਇਸੀ ਨਾਲ ਸੰਪਰਕ ਨਹੀਂ ਹੋ ਸਕਿਆ ਹੈ। ਅਲ ਜਜ਼ੀਰਾ ਮੁਤਾਬਕ 40 ਤੋਂ ਵੱਧ ਟੀਮਾਂ ਭਾਲ ਲਈ ਲੱਗੀਆਂ ਹੋਈਆਂ ਹਨ।

ਜਾਣਕਾਰੀ ਮੁਤਾਬਕ ਇਹ ਘਟਨਾ ਪੂਰਬੀ ਅਜ਼ਰਬਾਈਜਾਨ ਦੀ ਹੈ। ਹੈਲੀਕਾਪਟਰ ਦੀ ਐਮਰਜੈਂਸੀ ਲੈਂਡਿੰਗ ਤੋਂ ਬਾਅਦ ਰਾਸ਼ਟਰਪਤੀ ਦੇ ਨਾਲ ਸਫਰ ਕਰ ਰਹੇ ਉਨ੍ਹਾਂ ਦੇ ਸਾਥੀਆਂ ਨੇ ਕੇਂਦਰੀ ਹੈੱਡਕੁਆਰਟਰ ਨੂੰ ਸੂਚਨਾ ਦਿੱਤੀ। ਖਦਸ਼ਾ ਜਤਾਇਆ ਜਾ ਰਿਹਾ ਹੈ ਕਿ ਹੈਲੀਕਾਪਟਰ 'ਚ ਸਵਾਰ ਸਾਰੇ ਲੋਕ ਸੁਰੱਖਿਅਤ ਹਨ।

ਰਾਸ਼ਟਰਪਤੀ ਦੇ ਕਾਫ਼ਲੇ ਵਿੱਚ 3 ਹੈਲੀਕਾਪਟਰ ਸਨ

ਤੁਹਾਨੂੰ ਦੱਸ ਦੇਈਏ ਕਿ ਰਾਸ਼ਟਰਪਤੀ ਦੇ ਕਾਫਲੇ ਵਿੱਚ 3 ਹੈਲੀਕਾਪਟਰ ਸਨ। ਜਿਨ੍ਹਾਂ ਵਿੱਚੋਂ 2 ਮੰਤਰੀ ਅਤੇ ਅਧਿਕਾਰੀ ਲੈ ਕੇ ਜਾ ਰਹੇ ਸਨ। ਜਾਣਕਾਰੀ ਸਾਹਮਣੇ ਆਈ ਹੈ ਕਿ ਰਾਸ਼ਟਰਪਤੀ ਰਾਇਸੀ ਦੇ ਨਾਲ ਮੁਹੰਮਦ ਅਲੀ ਹਾਸ਼ਮ, ਇਮਾਮ ਅਤੇ ਵਿਦੇਸ਼ ਮੰਤਰੀ ਹੁਸੈਨ ਅਮੀਰਬਦੁੱਲਾਯਾਨ ਵੀ ਸਨ। ਰਾਇਸੀ ਐਤਵਾਰ ਸਵੇਰੇ ਅਜ਼ਰਬਾਈਜਾਨ ਦੇ ਰਾਸ਼ਟਰਪਤੀ ਇਲਹਾਮ ਅਲੀਏਵ ਨਾਲ ਇੱਕ ਡੈਮ ਦਾ ਉਦਘਾਟਨ ਕਰਨ ਲਈ ਅਜ਼ਰਬਾਈਜਾਨ ਗਏ ਸਨ। ਈਰਾਨ ਨੇ ਅਜ਼ਰਬਾਈਜਾਨ ਨਾਲ ਮਿਲ ਕੇ ਅਰਾਸ ਨਦੀ 'ਤੇ ਇਹ ਤੀਜਾ ਡੈਮ ਬਣਾਇਆ ਹੈ।

ਰਾਇਸੀ 2021 ਵਿੱਚ ਬਣੇ ਸਨ ਈਰਾਨ ਦੇ ਰਾਸ਼ਟਰਪਤੀ  

ਤੁਹਾਨੂੰ ਦੱਸ ਦੇਈਏ ਕਿ ਰਾਇਸੀ ਨੂੰ ਈਰਾਨ ਦੇ ਸੁਪਰੀਮ ਨੇਤਾ ਅਲੀ ਖਮੇਨੀ ਦਾ ਕਰੀਬੀ ਮੰਨਿਆ ਜਾਂਦਾ ਹੈ। ਰਾਸ਼ਟਰਪਤੀ ਬਣਨ ਤੋਂ ਪਹਿਲਾਂ ਰਾਇਸੀ ਈਰਾਨ ਦੀ ਨਿਆਂਪਾਲਿਕਾ ਦੇ ਮੁਖੀ ਸਨ। ਰਾਇਸੀ 2021 ਵਿੱਚ ਈਰਾਨ ਦੇ ਰਾਸ਼ਟਰਪਤੀ ਬਣੇ ਸਨ। ਅਮਰੀਕਾ ਨੇ 1988 ਵਿਚ ਈਰਾਨ-ਇਰਾਕ ਯੁੱਧ ਦੌਰਾਨ ਹਜ਼ਾਰਾਂ ਸਿਆਸੀ ਕੈਦੀਆਂ ਨੂੰ ਫਾਂਸੀ ਦੇਣ ਵਿਚ ਭੂਮਿਕਾ ਲਈ ਰਾਇਸੀ 'ਤੇ ਪਾਬੰਦੀਆਂ ਲਗਾਈਆਂ ਸਨ। ਮੌਜੂਦਾ ਸਿਆਸੀ ਸਥਿਤੀ ਵਿੱਚ ਇਰਾਨ ਗਾਜ਼ਾ ਅਤੇ ਰੂਸ ਦਾ ਸਮਰਥਨ ਕਰ ਰਿਹਾ ਹੈ।