ਆਸਟਰੇਲੀਆ ਦੇ ਵਿਕਟੋਰੀਆ ਸੂਬੇ 'ਚ 'ਇੱਛਾ ਮੌਤ' ਨੂੰ ਮਿਲੀ ਕਾਨੂੰਨੀ ਮਾਨਤਾ

ਏਜੰਸੀ

ਖ਼ਬਰਾਂ, ਕੌਮਾਂਤਰੀ

ਦਇਆ ਦੇ ਆਧਾਰ 'ਤੇ ਬਣਿਆ ਗਿਆ ਨਵਾਂ ਕਾਨੂੰਨ : ਪ੍ਰਧਾਨ ਮੰਤਰੀ

Victoria Becomes First Australian State to Legalise Euthanasia

ਮੈਲਬਰਨ : ਆਸਟਰੇਲੀਆ ਦੇ ਵਿਕਟੋਰੀਆ ਸੂਬਾ ਹੁਣ ਦੇਸ਼ ਦਾ ਅਜਿਹਾ ਪਹਿਲਾ ਰਾਜ ਬਣ ਗਿਆ ਹੈ ਜਿਥੇ 'ਇੱਛਾ ਮੌਤ' ਨੂੰ ਕਾਨੂੰਨੀ ਮਾਨਤਾ ਮਿਲ ਗਈ ਹੈ। ਹੁਣ ਲਾਇਲਾਜ ਬੀਮਾਰੀ ਨਾਲ ਪੀੜਤ ਲੋਕ ਕਾਨੂੰਨੀ ਰੂਪ ਨਾਲ ਅਪਣੇ ਡਾਕਟਰਾਂ ਨੂੰ ਜਾਨਲੇਵਾ ਦਵਾਈ ਦੇ ਕੇ ਉਨ੍ਹਾਂ ਦਾ ਜੀਵਨ ਖ਼ਤਮ ਕਰਨ ਲਈ ਕਹਿ ਸਕਦੇ ਹਨ। ਡਾਕਟਰ ਦੀ ਮਦਦ ਨਾਲ ਖੁਦਕੁਸ਼ੀ ਦੀ ਇਸ ਪੂਰੀ ਪ੍ਰਕਿਰਿਆ ਨੂੰ ਸ਼ੁਰੂ ਹੋਣ ਵਿਚ ਘੱਟੋ-ਘੱਟ 10 ਦਿਨ ਦਾ ਸਮਾਂ ਲੱਗੇਗਾ।

ਸਿਹਤ ਮੰਤਰੀ ਜੇਨੀ ਮਿਕਾਕੋਸ ਨੇ ਕਿਹਾ ਕਿ ਇਸ ਕਾਨੂੰਨ ਦੇ ਲਾਗੂ ਹੋਣ ਦੇ ਬਾਅਦ ਪਹਿਲੇ ਸਾਲ ਹਰ ਮਹੀਨੇ ਇਕ ਮਰੀਜ਼ ਨੂੰ ਇੱਛਾ ਮੌਤ ਦੀ ਇਜਾਜ਼ਤ ਮਿਲੇਗੀ। ਇਹ ਕਾਨੂੰਨ ਬੁੱਧਵਾਰ ਤੋਂ ਅਮਲ ਵਿਚ ਆ ਜਾਵੇਗਾ। ਇਸ ਦੇ ਦਾਇਰੇ ਵਿਚ ਨਾ ਠੀਕ ਹੋ ਸਕਣ ਵਾਲੀ ਬੀਮਾਰੀ ਨਾਲ ਪੀੜਤ ਬਾਲਗ, ਜਿਨ੍ਹਾਂ ਦਾ ਜੀਵਨ 6 ਮਹੀਨੇ ਹੀ ਬਾਕੀ ਹੈ ਜਾਂ ਦਿਮਾਗੀ ਸਿਸਟਮ ਦੇ ਵਿਕਾਰ ਨਾਲ ਜੂਝ ਰਹੇ ਅਜਿਹੇ ਮਰੀਜ਼ ਜਿਨ੍ਹਾਂ ਦੀ ਕਰੀਬ 12 ਮਹੀਨੇ ਹੀ ਜ਼ਿੰਦਗੀ ਬਚੀ ਹੈ ਆਉਂਦੇ ਹਨ। ਉਹ ਅਪਣੇ ਡਾਕਟਰ ਨੂੰ ਇੱਛਾ ਮੌਤ ਦੇਣ ਦੀ ਅਪੀਲ ਕਰ ਸਕਦੇ ਹਨ। ਇਸ ਲਈ ਉਨ੍ਹਾਂ ਨੂੰ 68 ਹੋਰ ਮਾਪਦੰਡਾਂ ਨੂੰ ਪੂਰਾ ਕਰਨਾ ਹੋਵੇਗਾ। 

ਸੂਬੇ ਦੇ ਪ੍ਰਧਾਨ ਮੰਤਰੀ ਡੈਨੀਅਲ ਐਂਡਰਿਊ ਨੇ ਇਸ ਨਵੇਂ ਕਾਨੂੰਨ ਨੂੰ ਦਇਆ ਦੇ ਆਧਾਰ 'ਤੇ ਬਣਿਆ ਦਸਿਆ। ਉਨ੍ਹਾਂ ਨੇ ਕਿਹਾ ਕਿ ਕਰੀਬ 120 ਡਾਕਟਰਾਂ ਨੂੰ ਇਸ ਲਈ ਸਿਖਲਾਈ ਦਿਤੀ ਜਾ ਚੁੱਕੀ ਹੈ ਜਾਂ ਫਿਰ ਉਨ੍ਹਾਂ ਨੂੰ ਇਸ ਤਰ੍ਹਾਂ ਦੀ ਸਿਖਲਾਈ ਦਿਤੀ ਜਾ ਰਹੀ ਹੈ।

ਵਿਕਟੋਰੀਆ ਦੀ ਸਿਹਤ ਮੰਤਰੀ ਜੇਨੀ ਮਿਕਾਕੋਸ ਨੇ ਕਿਹਾ ਕਿ ਇਹ ਦਿਨ ਉਨ੍ਹਾਂ ਮਰੀਜ਼ਾਂ ਅਤੇ ਉਨ੍ਹਾਂ ਦੇ ਪਰਵਾਰ ਵਾਲਿਆਂ ਨੂੰ ਸਮਰਪਿਤ ਹੈ ਜੋ ਲੰਬੇ ਸਮੇਂ ਤੋਂ ਡੂੰਘੀ ਤਕਲੀਫ਼ ਨਾਲ ਜੂਝ ਰਹੇ ਹਨ ਅਤੇ ਇਸ ਤਬਦੀਲੀ ਦੇ ਇੰਤਜ਼ਾਰ ਵਿਚ ਹਨ। ਪ੍ਰਧਾਨ ਮੰਤਰੀ ਨੇ ਦਸਿਆ ਕਿ ਇਸ ਪ੍ਰਬੰਧ ਨੂੰ ਲੈ ਕੇ ਹੁਣ ਤਕ 100 ਲੋਕ ਪੁੱਛਗਿੱਛ ਵੀ ਕਰ ਚੁੱਕੇ ਹਨ।