ਜ਼ਬਰਦਸਤ ਸਮਰਥਨ ਹਾਸਲ ਕਰ ਕੇ ਭਾਰਤ ਯੂਐਨ ਸੁਰੱਖਿਆ ਪ੍ਰੀਸ਼ਦ ਦਾ ਅਸਥਾਈ ਮੈਂਬਰ ਬਣਿਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਚੋਣ ਵਿਚ ਭਾਰਤ ਨੂੰ 192 'ਚੋਂ 184 ਵੋਟਾਂ ਮਿਲੀਆਂ

India elected unopposed to non-permanent seat in UNSC

ਸੰਯੁਕਤ ਰਾਸ਼ਟਰ, 18 ਜੂਨ : ਭਾਰਤ ਸ਼ਕਤੀਸ਼ਾਲੀ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੇ ਚੋਣ ਵਿਚ ਮਿਲੇ ਜ਼ਬਰਦਸਤ ਸਮਰਥਨ ਦੀ ਮਦਦ ਨਾਲ ਦੋ ਸਾਲ ਲਈ ਇਸ ਦਾ ਅਸਥਾਈ ਮੈਂਬਰ ਚੁਣਿਆ ਗਿਆ ਹੈ। ਹੁਣ ਭਾਰਤ 2021-22 ਲਈ ਇਸ ਸਰਵਉਚ ਸੰਸਥਾ ਦਾ ਅਸਥਾਈ ਮੈਂਬਰ ਬਣ ਗਿਆ ਹੈ। ਇਸ ਤੋਂ ਪਹਿਲਾਂ ਚੋਣ ਵਿਚ 192 ਮੈਂਬਰ ਦੇਸ਼ਾਂ ਦੇ ਸਫ਼ੀਰਾਂ ਨੇ ਕੋਰੋਨਾ ਵਾਇਰਸ ਗਲੋਬਲ ਮਹਾਂਮਾਰੀ ਦੇ ਮੱਦੇਨਜ਼ਰ ਸਮਾਜਕ ਦੂਰੀ ਦੇ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਕਰਦੇ ਹੋਏ ਅਤੇ ਮਾਸਕ ਪਾ ਕੇ ਵੋਟ ਪਾਈ।

ਸੁਰੱਖਿਆ ਪ੍ਰੀਸ਼ਦ ਦੀਆਂ ਪੰਜ ਅਸਥਾਈ ਸੀਟਾਂ ਲਈ ਹੋਈ ਚੋਣ ਵਿਚ ਭਾਰਤ ਨੂੰ 192 'ਚੋਂ 184 ਵੋਟਾਂ ਮਿਲੀਆਂ। ਦੱਸ ਦੇਈਏ ਕਿ ਇਹ 8ਵੀਂ ਵਾਰ ਹੈ, ਜਦੋਂ ਭਾਰਤ ਯੂਐਨਐਸਸੀ ਦੇ ਅਸਥਾਈ ਮੈਂਬਰ ਲਈ ਚੁਣਿਆ ਗਿਆ ਹੈ। ਰਿਪੋਰਟ ਮੁਤਾਬਕ ਕੋਵਿਡ-19 ਨਾਲ ਸਬੰਧਤ ਪਾਬੰਦੀਆਂ ਕਾਰਨ ਸੰਯੁਕਤ ਰਾਸ਼ਟਰ ਦਫ਼ਤਰ ਵਿਚ ਵੋਟਿੰਗ ਦੇ ਖ਼ਾਸ ਪ੍ਰਬੰਧ ਕੀਤੇ ਗਏ ਸਨ। ਭਾਰਤ ਦਾ ਅਸਥਾਈ ਮੈਂਬਰ ਦੇ ਤੌਰ 'ਤੇ 15 ਦੇਸ਼ਾਂ ਦੀ ਸੁਰੱਖਿਆ ਪ੍ਰੀਸ਼ਦ ਵਿਚ ਸ਼ਾਮਲ ਹੋਣਾ ਲਗਭਗ ਤੈਅ ਸੀ।

ਭਾਰਤ 2021-22 ਕਾਰਜਕਾਲ ਲਈ ਏਸ਼ੀਆ-ਪ੍ਰਸ਼ਾਂਤ ਸ਼੍ਰੇਣੀ ਨਾਲ ਅਸਥਾਈ ਮੈਂਬਰ ਵਜੋਂ ਰਹੇਗਾ। ਭਾਰਤ ਦੀ ਜਿੱਤ ਇਸ ਲਈ ਵੀ ਤੈਅ ਮੰਨੀ ਜਾ ਰਹੀ ਸੀ ਕਿਉਂਕਿ ਉਹ ਸਮੂਹ ਦੀ ਇਸ ਇਕਲੌਤੀ ਸੀਟ ਲਈ ਇਕੱਲਾ ਉਮੀਦਵਾਰ ਸੀ। ਦਸਣਯੋਗ ਹੈ ਕਿ 193 ਮੈਂਬਰੀ ਸੰਯੁਕਤ ਰਾਸ਼ਟਰ ਆਮ ਸਪਾ ਵਿਚ ਅਸੈਂਬਲੀ ਦੇ 75ਵੇਂ ਸੈਸ਼ਨ ਲਈ ਪ੍ਰਧਾਨ, ਸੁਰੱਖਿਆ ਪ੍ਰੀਸ਼ਦ ਦੇ ਪੰਜ ਅਸਥਾਈ ਮੈਂਬਰਾਂ ਅਤੇ ਆਰਥਕ ਤੇ ਸਮਾਜਕ ਪ੍ਰੀਸ਼ਦ ਦੇ ਮੈਂਬਰਾਂ ਦੀ ਚੋਣ ਕੀਤੀ ਜਾਣੀ ਹੈ।

ਅਮਰੀਕਾ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਵਿਚ ਭਾਰਤ ਦੇ ਅਸਥਾਈ ਮੈਂਬਰ ਚੁਣੇ ਜਾਣ 'ਤੇ ਗਰਮਜੋਸ਼ੀ ਨਾਲ ਸਵਾਗਤ ਕੀਤਾ ਹੈ। ਅਮਰੀਕਾ ਨੇ ਭਾਰਤ ਨੂੰ ਇਸ ਜਿੱਤ 'ਤੇ ਵਧਾਈ ਦਿੰਦੇ ਹੋਏ ਕਿਹਾ ਕਿ ਅਸੀਂ ਕੌਮਾਂਤਰੀ ਸ਼ਾਂਤੀ ਅਤੇ ਸੁਰੱਖਿਆ ਮੁੱਦਿਆਂ 'ਤੇ ਇਕੱਠਿਆਂ ਕੰਮ ਕਰਨ ਲਈ ਤਿਆਰ-ਬਰ-ਤਿਆਰ ਹਾਂ।             (ਪੀਟੀਆਈ)

ਸੁਰੱਖਿਆ ਪ੍ਰੀਸ਼ਦ ਵਿਚ ਅਪਣੇ ਕਾਰਜਕਾਲ ਦਾ ਇਸਤੇਮਾਲ ਅਤਿਵਾਦ ਦੇ ਨਿਪਟਾਰੇ ਲਈ ਕਰੇਗਾ  ਭਾਰਤ : ਸਫ਼ੀਰ
ਸੰਯੁਕਤ ਰਾਸ਼ਟਰ, 18 ਜੂਨ : ਸੰਯੁਕਤ ਰਾਸ਼ਟਰ ਵਿਚ ਭਾਰਤ ਦੇ ਸਫੀਰ ਟੀ.ਐਸ. ਤਿਰੀਪੂਰੀ ਨੇ ਕਿਹਾ ਹੈ ਕਿ ਉਨ੍ਹਾਂ ਦਾ ਦੇਸ਼ ਸ਼ਕਤੀਸ਼ਾਲੀ ਸੁਰੱਖਿਆ ਪ੍ਰੀਸ਼ਦ ਦੇ ਅਸਥਾਈ ਮੈਂਬਰ ਵਜੋਂ ਅਪਣੇ ਦੋ ਸਾਲ ਦੇ ਕਾਰਜਕਾਲ ਦਾ ਇਸਤੇਮਾਲ ਅਤਿਵਾਦੀ ਸਮੂਹਾਂ ਵਲੋਂ ਸੂਚਨਾ ਅਤੇ ਸੰਚਾਰ ਤਕਨੀਕਾਂ ਦੀ ਦੁਰਵਰਤੋਂ ਅਤੇ ਅਤਿਵਾਦ ਦੀ ਫ਼ੰਡਿੰਗ ਦੇ ਪ੍ਰਵਾਹ ਨੂੰ ਰੋਕਣ ਜਿਹੇ ਮੁੱਦਿਆਂ ਤੋਂ ਨਜਿਠਣ ਲਈ ਕਰੇਗਾ। ਉਨ੍ਹਾਂ ਨੇ ਕਿਹਾ ਕਿ ਭਾਰਤ ਹਮੇਸ਼ਾ ਤੋਂ ਅਤਿਵਾਦ ਦੇ ਸਾਰੇ ਰੂਪਾਂ ਦੇ ਖ਼ਿਲਾਫ਼ ਬਿਲਕੁਲ ਵੀ ਬਰਦਾਸ਼ਤ ਨਹੀਂ ਕਰਨ ਵਾਲੀ ਨੀਤੀ ਦੀ ਵਕਾਲਤ ਕਰਦਾ ਰਿਹਾ ਹੈ। ਉਨ੍ਹਾਂ ਕਿਹਾ, ''ਪ੍ਰੀਸ਼ਦ ਵਿਚ ਸਾਡੇ ਕਾਰਜਕਾਲ ਦੌਰਾਨ ਅਤਿਵਾਦ ਸਾਡੀਆਂ ਤਰਜੀਹਾਂ ਵਿਚੋਂ ਇਕ ਰਹਿਣ ਵਾਲਾ ਹੈ।