Thailand News: ਥਾਈਲੈਂਡ ਨੇ ਸਮਲਿੰਗੀ ਵਿਆਹ ਨੂੰ ਕਾਨੂੰਨੀ ਮਾਨਤਾ ਦੇਣ ਵਾਲੇ ਬਿੱਲ ਨੂੰ ਪ੍ਰਵਾਨਗੀ ਦਿਤੀ
ਅਜਿਹਾ ਕਰਨ ਵਾਲਾ ਦੱਖਣੀ ਪੂਰਬੀ ਏਸ਼ੀਆ ਦਾ ਪਹਿਲਾ ਦੇਸ਼ ਬਣਿਆ
Thailand News: ਥਾਈਲੈਂਡ ਦੀ ਨੈਸ਼ਨਲ ਅਸੈਂਬਲੀ (ਸੰਸਦ) ਦੇ ਉੱਚ ਸਦਨ 'ਸੈਨੇਟ' ਨੇ ਮੰਗਲਵਾਰ ਨੂੰ ਭਾਰੀ ਬਹੁਮਤ ਨਾਲ ਸਮਲਿੰਗੀ ਵਿਆਹ ਨੂੰ ਕਾਨੂੰਨੀ ਮਾਨਤਾ ਦੇਣ ਵਾਲੇ ਬਿੱਲ ਨੂੰ ਮਨਜ਼ੂਰੀ ਦੇ ਦਿਤੀ ਹੈ। ਇਸ ਦੇ ਨਾਲ ਹੀ ਥਾਈਲੈਂਡ ਅਜਿਹਾ ਕਾਨੂੰਨ ਬਣਾਉਣ ਵਾਲਾ ਦੱਖਣੀ-ਪੂਰਬੀ ਏਸ਼ੀਆ ਦਾ ਪਹਿਲਾ ਦੇਸ਼ ਬਣ ਗਿਆ ਹੈ।
ਸੈਨੇਟ 'ਚ ਬਿੱਲ 'ਤੇ ਵੋਟਿੰਗ ਦੌਰਾਨ 152 ਮੈਂਬਰ ਮੌਜੂਦ ਸਨ, ਜਿਨ੍ਹਾਂ 'ਚੋਂ 130 ਮੈਂਬਰਾਂ ਨੇ ਬਿੱਲ ਦੇ ਪੱਖ 'ਚ ਵੋਟ ਪਾਈ ਜਦਕਿ ਚਾਰ ਮੈਂਬਰਾਂ ਨੇ ਇਸ ਦੇ ਵਿਰੋਧ 'ਚ ਵੋਟ ਪਾਈ। ਸੈਨੇਟ ਦੇ 18 ਮੈਂਬਰਾਂ ਨੇ ਵੋਟਿੰਗ ਪ੍ਰਕਿਰਿਆ ਵਿਚ ਹਿੱਸਾ ਨਹੀਂ ਲਿਆ। ਇਸ ਬਿੱਲ ਨੂੰ ਹੁਣ ਥਾਈਲੈਂਡ ਦੇ ਰਾਜਾ ਮਹਾ ਵਜੀਰਾਲੋਂਗਕੋਰਨ ਦੀ ਰਸਮੀ ਸਹਿਮਤੀ ਦੀ ਲੋੜ ਹੈ, ਜਿਸ ਤੋਂ ਬਾਅਦ ਇਸ ਨੂੰ ਸਰਕਾਰੀ ਗਜ਼ਟ ਵਿਚ ਪ੍ਰਕਾਸ਼ਿਤ ਕੀਤਾ ਜਾਵੇਗਾ। ਸਰਕਾਰੀ ਗਜ਼ਟ 120 ਦਿਨਾਂ ਦੇ ਅੰਦਰ ਇਕ ਤਾਰੀਖ ਨਿਰਧਾਰਤ ਕਰੇਗਾ ਜਦੋਂ ਬਿੱਲ ਕਾਨੂੰਨ ਵਜੋਂ ਲਾਗੂ ਹੋਵੇਗਾ।
ਤਾਈਵਾਨ ਅਤੇ ਨੇਪਾਲ ਤੋਂ ਬਾਅਦ ਥਾਈਲੈਂਡ ਸਮਲਿੰਗੀ ਵਿਆਹ ਦੀ ਇਜਾਜ਼ਤ ਦੇਣ ਵਾਲਾ ਏਸ਼ੀਆ ਦਾ ਤੀਜਾ ਦੇਸ਼ ਬਣ ਜਾਵੇਗਾ। ਵਿਆਹ ਸਮਾਨਤਾ ਬਿੱਲ ਕਿਸੇ ਵੀ ਲਿੰਗ ਦੇ ਵਿਆਹੁਤਾ ਸਾਥੀਆਂ ਨੂੰ ਪੂਰੇ ਕਾਨੂੰਨੀ, ਵਿੱਤੀ ਅਤੇ ਡਾਕਟਰੀ ਅਧਿਕਾਰ ਪ੍ਰਦਾਨ ਕਰਦਾ ਹੈ। ਇਹ ਬਿੱਲ ਸੰਸਦ ਦੇ ਹੇਠਲੇ ਸਦਨ ਪ੍ਰਤੀਨਿਧੀ ਸਭਾ ਨੇ ਅਪ੍ਰੈਲ ਵਿਚ ਪਿਛਲੇ ਸੰਸਦੀ ਸੈਸ਼ਨ ਦੀ ਸਮਾਪਤੀ ਤੋਂ ਠੀਕ ਪਹਿਲਾਂ ਪਾਸ ਕੀਤਾ ਸੀ।
ਬਿੱਲ 'ਚ ਕਾਨੂੰਨ 'ਚ ਸੋਧ ਕਰਨ ਦੀ ਮੰਗ ਕੀਤੀ ਗਈ ਹੈ ਤਾਂ ਕਿ 'ਮਰਦ ਅਤੇ ਔਰਤ' ਅਤੇ 'ਪਤੀ ਅਤੇ ਪਤਨੀ' ਸ਼ਬਦਾਂ ਦੀ ਥਾਂ 'ਵਿਅਕਤੀ' ਅਤੇ 'ਵਿਆਹ ਦਾ ਸਾਥੀ' ਸ਼ਬਦ ਲਾਗੂ ਕੀਤੇ ਜਾ ਸਕਣ। ਥਾਈਲੈਂਡ ਦੀ ਸਵੀਕਾਰਤਾ ਅਤੇ ਸ਼ਮੂਲੀਅਤ ਲਈ ਪ੍ਰਸਿੱਧੀ ਹੈ, ਪਰ ਵਿਆਹ ਸਮਾਨਤਾ ਕਾਨੂੰਨ ਪਾਸ ਕਰਨ ਲਈ ਦਹਾਕਿਆਂ ਤੋਂ ਸੰਘਰਸ਼ ਕਰ ਰਿਹਾ ਹੈ। ਥਾਈਲੈਂਡ ਦੇ ਸਮਾਜ ਵਿਚ ਜ਼ਿਆਦਾਤਰ ਰੂੜੀਵਾਦੀ ਕਦਰਾਂ ਕੀਮਤਾਂ ਹਨ ਅਤੇ (ਐਲਜੀਬੀਟੀਕਿਊ) ਸਮਲਿੰਗੀ ਭਾਈਚਾਰੇ ਦੇ ਮੈਂਬਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਰੋਜ਼ਾਨਾ ਜ਼ਿੰਦਗੀ ਵਿਚ ਭੇਦਭਾਵ ਦਾ ਸਾਹਮਣਾ ਕਰਨਾ ਪੈਂਦਾ ਹੈ।
(For more Punjabi news apart from Thailand passes landmark bill to legalise same-sex marriage, stay tuned to Rozana Spokesman)