ਸਾਲਾਨਾ ਸਭਿਆਚਾਰਕ 'ਮੇਲਾ ਪੰਜਾਬਣਾਂ ਦਾ' ਕਰਵਾਇਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਸੰਸਥਾ “ਕੁਨੈਕਟ ਮਾਈਗ੍ਰੇਸ਼ਨ ਸਲਿਊਸ਼ਨਜ਼” ਵਲੋਂ ਪੱਛਮੀ ਆਸਟ੍ਰੇਲੀਆ ਦੇ ਸ਼ਹਿਰ ਪਰਥ ਦੀ ਕਰਟਨ ਯੂਨੀਵਰਸਟੀ ਦੇ ਸਟੇਡੀਅਮ

Annual Function 'Mela Punjabna'

ਪਰਥ, (ਪਿਆਰਾ ਸਿੰਘ ਨਾਭਾ): ਸੰਸਥਾ “ਕੁਨੈਕਟ ਮਾਈਗ੍ਰੇਸ਼ਨ ਸਲਿਊਸ਼ਨਜ਼” ਵਲੋਂ ਪੱਛਮੀ ਆਸਟ੍ਰੇਲੀਆ ਦੇ ਸ਼ਹਿਰ ਪਰਥ ਦੀ ਕਰਟਨ ਯੂਨੀਵਰਸਟੀ ਦੇ ਸਟੇਡੀਅਮ ਵਿਚ ਕਰਵਾਇਆ ਗਿਆ ਸਾਲਾਨਾ ਤੀਸਰਾ ਸਭਿਆਚਾਰਕ 'ਮੇਲਾ ਪੰਜਾਬਣਾਂ ਦਾ' ਯਾਦਗਰੀ ਹੋ ਨਿਬੜਿਆ, ਜਿਸ ਵਿਚ ਪੰਜਾਬਣਾਂ ਨੇ ਰਵਾਇਤੀ ਪਹਿਰਾਵੇ ਵਿਚ ਵੱਡੀ ਗਿਣਤੀ 'ਚ ਸ਼ਮੂਲੀਅਤ ਕੀਤੀ। ਮੇਲੇ ਦੇ ਮੁੱਖ ਪ੍ਰਬੰਧਕ ਨਰਿੰਦਰ ਕੌਰ ਸੰਧੂ ਨੇ ਮੇਲਾ ਦੇ ਮੁੱਖ ਮਹਿਮਾਨ ਜੈਨੀਨ ਮੈਰੀ ਫਰੀਮਨ ਐਮ.ਐਲ.ਏ (ਮੀਰਾਬੁੱਕਾ) ਨੂੰ 'ਜੀ ਆਇਆਂ' ਕਿਹਾ ਤੇ ਸਭਿਆਚਾਰਕ ਪ੍ਰੋਗਰਾਮ ਦੀ ਸ਼ੁਰੂਆਤ ਧਾਰਮਕ ਸ਼ਬਦ ਗਾਇਨ ਨਾਲ ਹੋਈ।

ਸਟੇਜ ਸੰਚਾਲਨ ਗੀਤ ਬਾਵਾ ਨੇ ਸਟੇਜ਼ ਦੀ ਜ਼ਿੰਮੇਵਾਰੀ ਨਿਭਾਉਦਿਆਂ ਪੰਜਾਬੀ ਲੋਕ ਬੋਲੀਆਂ ਤੇ ਟੱਪਿਆ ਰਾਹੀਂ ਖ਼ੂਬ ਰੰਗ ਬੰਨ੍ਹਿਆ। ਇਸ ਉਪਰੰਤ ਬੱਚਿਆਂ ਵਲੋਂ ਪਾਏ ਗਿੱਧੇ ਤੇ ਭੰਗੜੇ ਨੇ ਮਾਹੌਲ ਨੂੰ ਸੱਭਿਆਚਾਰਕ ਰੰਗ ਵਿਚ ਰੰਗ ਦਿਤਾ। ਪੰਜਾਬੀ ਮੁਟਿਆਰਾਂ ਦੇ ਸੱਭਿਆਚਾਰਕ ਗਰੁਪਾਂ ਵਲੋਂ ਪੁਰਾਣੇ ਤੇ ਨਵੇਂ ਗੀਤਾਂ ਤੇ ਭੰਗੜਾ ਐਕਸ਼ਨ ਅਤੇ ਕੋਰੀਉਗ੍ਰਾਫ਼ੀ ਦੀ ਪੇਸ਼ਕਾਰੀ ਨੂੰ ਸਰੋਤਿਆਂ ਨੇ ਭਰਪੂਰ ਹੌਸਲਾ ਅਫ਼ਜ਼ਾਈ ਕੀਤੀ। ਸ਼ੋਸਲ ਮੀਡੀਆ ਦੀਆਂ ਚਰਚਿਤ ਹਸਤੀਆਂ ਸੈਮੀ ਗਿੱਲ, ਨਾਜ਼ ਤੇ ਕਿੰਗ-ਬੀ ਦੇ ਵਿਅੰਗ ਰੂਪੀ ਸੁਨੇਹਾ ਭਰੀਆਂ ਹੱਸਰੱਸ ਕੰਮੇਡੀ ਸਕਿੰਟਾਂ ਨੇ ਦਰਸ਼ਕਾਂ ਦੇ ਢਿੱਡੀ ਪੀੜਾਂ ਪਾਈਆਂ।

ਛੋਟੀਆਂ ਬੱਚੀਆਂ ਤੇ ਮੁਟਿਆਰਾਂ ਦੇ ਕੈਟ ਵਾਕ ਦੇ ਵੱਖ-ਵੱਖ ਮੁਕਾਬਲਿਆਂ ਵਿਚ ਨੰਨੀ ਪੰਜਾਬਣ ਐਮੀ ਕੌਰ ਤੇ ਮੁਟਿਆਰ ਪੰਜਾਬਣ ਕਰਨ ਸੰਧੂ ਨੂੰ ਚੁਣਿਆ ਗਿਆ। ਮੇਲੇ ਦੀ ਵਿਸ਼ੇਸ਼ ਖਿੱਚ ਮੁਟਿਆਰਾਂ ਦਾ ਗਿੱਧਾ ਤੇ ਜਿੰਦੂਆ ਦੀ ਪੇਸ਼ਕਾਰੀ ਨੂੰ ਦਰਸ਼ਕਾਂ ਨੇ ਤਾੜੀਆਂ ਤੇ ਕਿਲਕਾਰੀਆਂ ਨਾਲ ਸਲਾਹਿਆ। ਇਸ ਮੌਕੇ ਮੇਲੇ ਦੀ ਮੁੱਖ ਪ੍ਰਬੰਧਕ ਨਰਿੰਦਰ ਕੌਰ ਸੰਧੂ ਤੇ ਮੁੱਖ ਮਹਿਮਾਨ ਜੈਨੀਨ ਮੈਰੀ ਫਰੀਮਨ ਨੇ ਸਟੇਜ ਪੇਸ਼ਕਾਰਾਂ ਤੇ ਸਪਾਂਸਰਜ ਨੂੰ ਸਨਮਾਨਤ ਕੀਤਾ। ਮੇਲੇ ਵਿਚ ਲੱਗੇ ਪੰਜਾਬੀ ਖਾਣੇ, ਗਹਿਣਿਆਂ, ਸੂਟਾਂ ਤੇ ਮਹਿੰਦੀ ਲਗਾਉਣ ਦੇ ਸਟਾਲਾਂ 'ਤੇ ਪੰਜਾਬਣਾਂ ਦੀ ਭਾਰੀ ਭੀੜ ਸੀ।