Sunita Williams: ਪੁਲਾੜ ’ਚ ਲੰਮਾ ਸਮਾਂ ਰਹਿਣ ਨਾਲ ਸੁਨੀਤਾ ਵਿਲੀਅਮਜ਼ ਦੀਆਂ ਅੱਖਾਂ ’ਚ ਪੈਦਾ ਹੋਣ ਲਗੀ ਸਮੱਸਿਆ

ਏਜੰਸੀ

ਖ਼ਬਰਾਂ, ਕੌਮਾਂਤਰੀ

Sunita Williams:ਇਹ ਸਮੱਸਿਆ ਆਮ ਤੌਰ ’ਤੇ ਵਿਅਕਤੀ ਦੇ ਮਾਈਕ੍ਰੋ-ਗ੍ਰੈਵਿਟੀ ’ਚ ਲੰਮਾ ਸਮਾਂ ਰਹਿਣ ਕਾਰਨ ਆ ਜਾਂਦੀ ਹੈ।

Sunita Williams' eyes started developing problems

 

Sunita Williams: ਸੁਨੀਤਾ ਵਿਲੀਅਮਜ਼ ਅਤੇ ਉਨ੍ਹਾਂ ਦੇ ਸਾਥੀ ਬੁਚ ਵਿਲਮੋਰ ਨੂੰ ਹੁਣ ਪੁਲਾੜ ’ਚ ਸਿਹਤ ਸਬੰਧੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ 58 ਸਾਲਾ ਸੁਨੀਤਾ ਵਿਲੀਅਮਜ਼ ਨੂੰ ਹੁਣ ਅਪਣੀਆਂ ਅੱਖਾਂ ’ਚ ਕੁੱਝ ਸਮੱਸਿਆ ਪੇਸ਼ ਆ ਰਹੀ ਹੈ। ਇਹ ਸਮੱਸਿਆ ਆਮ ਤੌਰ ’ਤੇ ਵਿਅਕਤੀ ਦੇ ਮਾਈਕ੍ਰੋ-ਗ੍ਰੈਵਿਟੀ ’ਚ ਲੰਮਾ ਸਮਾਂ ਰਹਿਣ ਕਾਰਨ ਆ ਜਾਂਦੀ ਹੈ। ਵਿਲੀਅਮਜ਼ ਦੀ ਸਥਿਤੀ ਨੂੰ ਸਪੇਸ-ਫ਼ਲਾਈਟ ਐਸੋਸੀਏਟਡ ਨਿਊਰੋ-ਅਕਲਰ ਸਿੰਡ੍ਰੋਮ (ਐਸਏਐਨਐਸ) ਵਜੋਂ ਜਾਣਿਆ ਜਾਂਦਾ ਹੈ।

ਇਸ ਸਮੱਸਿਆ ’ਚ ਸਰੀਰ ਅੰਦਰ ਤਰਲ ਪਦਾਰਥਾਂ ਦੀ ਵੰਡ ਪ੍ਰਭਾਵਿਤ ਹੋ ਜਾਂਦੀ ਹੈ, ਜਿਸ ਕਾਰਨ ਅੱਖਾਂ ਸਬੰਧੀ ਸਮੱਸਿਆਵਾਂ ਪੇਸ਼ ਆ ਸਕਦੀਆਂ ਹਨ। ਇਸ ਵਿਚ ਨਜ਼ਰ ਧੁੰਦਲੀ ਹੋਣ ਲਗਦੀ ਹੈ ਤੇ ਅੱਖ ਦਾ ਪੂਰਾ ਟਾਂਚਾ ਹੀ ਬਦਲ ਸਕਦਾ ਹੈ। ਹੁਣ ਸੁਨੀਤਾ ਵਿਲੀਅਮਜ਼ ਦੀਆਂ ਅੱਖਾਂ ’ਚ ਸਮੱਸਿਆ ਦਾ ਪਤਾ ਲਾਉਣ ਲਈ ਉਨ੍ਹਾਂ ਦੇ ਰੈਟੀਨਾ, ਕੌਰਨੀਆ ਤੇ ਲੈਨਜ਼ ਦੇ ਸਕੈਨ ਕੀਤੇ ਗਏ ਹਨ। ਇਹ ਦੋਵੇਂ ਬੋਇੰਗ ਦੇ ਪੁਲਾੜ ਵਾਹਨ ‘ਸਟਾਰਲਾਈਨਰ’ ਦੇ 9 ਦਿਨਾ ਮਿਸ਼ਨ ’ਤੇ ਗਏ ਸਨ ਪਰ ਸਪੇਸ-ਸ਼ਿਪ ’ਚ ਗੜਬੜੀ ਕਾਰਣ ਉਨ੍ਹਾਂ ਨੂੰ ਕੌਮਾਂਤਰੀ ਸਪੇਸ ਸਟੇਸ਼ਨ ’ਤੇ ਹੀ ਸਮਾਂ ਬਤੀਤ ਕਰਨਾ ਪੈ ਰਿਹਾ ਹੈ।

‘ਸਟਾਰਲਾਈਨਰ’ ’ਚ ਤਕਨੀਕੀ ਸਮੱਸਿਆਵਾਂ ਕਾਰਨ ਉਨ੍ਹਾਂ ਦਾ ਮਿਸ਼ਨ ਹੁਣ ਲੰਮਾ ਖਿਚਿਆ ਗਿਆ ਹੈ। ਬੋਇੰਗ ਨੇ ਅਪਣੇ ਪੁਲਾੜ ਯਾਤਰੀਆਂ ਨੂੰ ਵਾਪਸ ਲਿਆਉਣ ਲਈ ਸਪੇਸ ਐਕਸ ਦੇ ਕਰੂ-ਡ੍ਰੈਗਨ ਜਿਹੇ ਉਪਾਵਾਂ ’ਤੇ ਵਿਚਾਰ ਕੀਤਾ ਹੈ ਪਰ ਅਜਿਹਾ ਜਾਪ ਰਿਹਾ ਹੈ ਕਿ ਉਨ੍ਹਾਂ ਨੂੰ ਹਾਲੇ ਕਾਫ਼ੀ ਸਮਾਂ ਪੁਲਾੜ ’ਚ ਹੀ ਬਿਤਾਉਣਾ ਪੈ ਸਕਦਾ ਹੈ। ਉਧਰ ਸਪੇਸਐਕਸ ਦਾ ਕਰੂ ਡ੍ਰੈਗਨ ਮਿਸ਼ਨ ਸਤੰਬਰ ’ਚ ਜਾਣ ਲਈ ਤਿਆਰ ਹੈ।  ਵਿਲੀਅਮਜ਼ ਅਤੇ ਵਿਲਮੋਰ ਦੇ ਇਸੇ ਮਿਸ਼ਨ ਰਾਹੀਂ ਧਰਤੀ ’ਤੇ ਪਰਤਣ ਦੀ ਆਸ ਹੈ।        
ਇਸ ਮਿਸ਼ਨ ਨਾਲ ਹੀ ਉਨ੍ਹਾਂ ਦੀ ਅੱਠ ਮਹੀਨਿਆਂ ਦੀ ਸਪੇਸ ਮਿਸ਼ਨ ਖ਼ਤਮ ਹੋਵੇਗੀ। ਇਸ ਡ੍ਰੈਗਨ ਮਿਸ਼ਨ ਦੇ ਫ਼ਰਵਰੀ 2025 ਤਕ ਧਰਤੀ ’ਤੇ ਪਰਤਣ ਦੀ ਸੰਭਾਵਨਾ ਹੈ।