Sheikh Hasina Fresh murder case : ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਖਿਲਾਫ਼ ਕਤਲ ਦਾ ਇਕ ਹੋਰ ਮਾਮਲਾ ਦਰਜ
ਇਹ ਜਾਣਕਾਰੀ ਸੋਮਵਾਰ ਨੂੰ ਮੀਡੀਆ ’ਚ ਆਈ ਇਕ ਖਬਰ ’ਚ ਦਿਤੀ ਗਈ ਹੈ
Sheikh Hasina Fresh murder case : ਬੰਗਲਾਦੇਸ਼ ’ਚ ਵਿਵਾਦਪੂਰਨ ਰਾਖਵਾਂਕਰਨ ਪ੍ਰਣਾਲੀ ਦੇ ਵਿਰੁਧ ਅੰਦੋਲਨ ਦੌਰਾਨ ਇਕ ਮੱਛੀ ਵਪਾਰੀ ਦੀ ਮੌਤ ਨੂੰ ਲੈ ਕੇ ਦੇਸ਼ ਤੋਂ ਬਾਹਰ ਰਹਿ ਰਹੀ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਅਤੇ ਉਨ੍ਹਾਂ ਦੀ ਸਰਕਾਰ ਦੇ ਸਾਬਕਾ ਮੰਤਰੀਆਂ ਸਮੇਤ 62 ਲੋਕਾਂ ਵਿਰੁਧ ਕਤਲ ਦਾ ਨਵਾਂ ਮਾਮਲਾ ਦਰਜ ਕੀਤਾ ਗਿਆ ਹੈ। ਇਹ ਜਾਣਕਾਰੀ ਸੋਮਵਾਰ ਨੂੰ ਮੀਡੀਆ ’ਚ ਆਈ ਇਕ ਖਬਰ ’ਚ ਦਿਤੀ ਗਈ ਹੈ।
ਸਰਕਾਰੀ ਨੌਕਰੀਆਂ ’ਚ ਰਾਖਵਾਂਕਰਨ ਪ੍ਰਣਾਲੀ ਦੇ ਵਿਰੋਧ ’ਚ ਵੱਡੇ ਪੱਧਰ ’ਤੇ ਵਿਰੋਧ ਪ੍ਰਦਰਸ਼ਨਾਂ ਤੋਂ ਬਾਅਦ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਕੇ 5 ਅਗੱਸਤ ਨੂੰ ਭਾਰਤ ਆਈ ਹਸੀਨਾ (76) ’ਤੇ ਕਈ ਮਾਮਲੇ ਦਰਜ ਕੀਤੇ ਗਏ ਹਨ।
‘ਢਾਕਾ ਟ੍ਰਿਬਿਊਨ’ ਦੀ ਖਬਰ ਮੁਤਾਬਕ ਮੁਹੰਮਦ ਮਿਲਾਨ ਦੀ ਪਤਨੀ ਸ਼ਹਿਨਾਜ਼ ਬੇਗਮ ਨੇ ਇਹ ਮਾਮਲਾ ਦਰਜ ਕਰਵਾਇਆ ਹੈ। ਮਿਲਾਨ ਨੂੰ 21 ਜੁਲਾਈ ਨੂੰ ਉਸ ਸਮੇਂ ਗੋਲੀ ਮਾਰ ਦਿਤੀ ਗਈ ਸੀ ਜਦੋਂ ਉਹ ਮੱਛੀ ਬਾਜ਼ਾਰ ਤੋਂ ਘਰ ਪਰਤ ਰਿਹਾ ਸੀ।
ਹਸੀਨਾ, ਸਾਬਕਾ ਸੜਕ ਆਵਾਜਾਈ ਅਤੇ ਪੁਲ ਮੰਤਰੀ ਓਬੈਦੁਲ ਕਾਦਰ, ਸਾਬਕਾ ਸੰਸਦ ਮੈਂਬਰ ਸ਼ਮੀਮ ਉਸਮਾਨ ਅਤੇ ਸਾਬਕਾ ਗ੍ਰਹਿ ਮੰਤਰੀ ਅਸਦੁਜ਼ਮਾਨ ਖਾਨ ਇਸ ਮਾਮਲੇ ਵਿਚ 62 ਮੁਲਜ਼ਮਾਂ ਵਿਚ ਸ਼ਾਮਲ ਹਨ।
ਰੀਪੋਰਟ ਵਿਚ ਕਿਹਾ ਗਿਆ ਹੈ ਕਿ ਹਥਿਆਰਾਂ ਅਤੇ ਡੰਡਿਆਂ ਨਾਲ ਲੈਸ ਅਵਾਮੀ ਲੀਗ ਅਤੇ ਇਸ ਨਾਲ ਜੁੜੇ ਸੰਗਠਨਾਂ ਦੇ ਨੇਤਾਵਾਂ ਅਤੇ ਕਾਰਕੁਨਾਂ ਨੇ ਹਥਿਆਰਾਂ ਅਤੇ ਡੰਡਿਆਂ ਨਾਲ ਲੈਸ ਹੋ ਕੇ ਵਿਦਿਆਰਥੀ ਅੰਦੋਲਨ ਨੂੰ ਵਿਘਨ ਪਾਉਣ ਲਈ ਢਾਕਾ-ਚਟਗਾਓਂ ਹਾਈਵੇਅ ’ਤੇ ਆਵਾਜਾਈ ਰੋਕ ਦਿਤੀ।
ਰੀਪੋਰਟ ਵਿਚ ਕਿਹਾ ਗਿਆ ਹੈ ਕਿ ਦੋਸ਼ ਹੈ ਕਿ ਹਸੀਨਾ ਕਾਦਰ ਅਤੇ ਅਸਦੁਜ਼ਮਾਨ ਨੇ ਪ੍ਰਦਰਸ਼ਨਕਾਰੀ ਵਿਦਿਆਰਥੀਆਂ ਅਤੇ ਨਾਗਰਿਕਾਂ ’ਤੇ ਗੋਲੀਬਾਰੀ ਅਤੇ ਹਮਲੇ ਦਾ ਹੁਕਮ ਦਿਤਾ ਸੀ।
ਰੀਪੋਰਟ ’ਚ ਕਿਹਾ ਗਿਆ ਹੈ ਕਿ ਮਿਲਾਨ ਉਸ ਸਮੇਂ ਮੱਛੀ ਬਾਜ਼ਾਰ ਤੋਂ ਘਰ ਪਰਤ ਰਿਹਾ ਸੀ ਅਤੇ ਉਸ ਦੀ ਛਾਤੀ ’ਚ ਗੋਲੀ ਲੱਗੀ ਅਤੇ ਉਹ ਸੜਕ ’ਤੇ ਡਿੱਗ ਪਿਆ, ਜਿਸ ਤੋਂ ਬਾਅਦ ਉਸ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਨੂੰ ਮ੍ਰਿਤਕ ਐਲਾਨ ਦਿਤਾ ਗਿਆ। ਹਸੀਨਾ ਨੂੰ ਅਹੁਦੇ ਤੋਂ ਹਟਾਏ ਜਾਣ ਤੋਂ ਬਾਅਦ ਉਨ੍ਹਾਂ ਵਿਰੁਧ ਦਰਜ ਮਾਮਲਿਆਂ ਦੀ ਗਿਣਤੀ ਇਕ ਦਰਜਨ ਤੋਂ ਵੱਧ ਹੋ ਗਈ ਹੈ।